9.7 C
Vancouver
Friday, November 6, 2026

ਯੂਕਰੇਨ ’ਚ ਬੇਜ਼ੁਬਾਨ ਜਾਨਵਰਾਂ ਨੂੰ ਬਚਾਉਂਦਾ ਬੀ.ਸੀ. ਦਾ ਜੈਸੀ ਐਡਮਜ਼ ਡਰੋਨ ਹਮਲੇ ’ਚ ਹਲਾਕ

ਜੰਗ ਦੇ ਮੈਦਾਨ ‘ਚ ਜਾਨਵਰਾਂ ਦੀ ਰੱਖਿਆ ਕਰਦਿਆਂ ਬੀ.ਸੀ. ਦਾ ਪਸ਼ੂ ਪ੍ਰੇਮੀ ਜੈਸੀ ਐਡਮਜ਼ ਸ਼ਹੀਦ
ਵਿਕਟੋਰੀਆ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਆਈਲੈਂਡ ਅਧੀਨ ਪੈਂਦੇ ਸ਼ਹਿਰ ਵਿਕਟੋਰੀਆ ਦੇ ਰਹਿਣ ਵਾਲੇ ਉੱਘੇ ਪਸ਼ੂ ਪ੍ਰੇਮੀ ਅਤੇ ‘ਰੇਨਕੋਸਟ ਡੌਗ ਰੈਸਕਿਊ ਸੁਸਾਇਟੀ’ ਦੇ ਬਾਨੀ ਜੈਸੀ ਐਡਮਜ਼ ਯੂਕਰੇਨ ਵਿੱਚ ਜਾਨਵਰਾਂ ਦੀ ਜਾਨ ਬਚਾਉਂਦੇ ਸਮੇਂ ਹੋਏ ਇੱਕ ਡਰੋਨ ਹਮਲੇ ਵਿੱਚ ਮਾਰੇ ਗਏ ਹਨ। ਜੈਸੀ ਜੰਗ ਦੀ ਮਾਰ ਝੱਲ ਰਹੇ ਪੂਰਬੀ ਯੂਕਰੇਨ ਦੇ ਸਰਹੱਦੀ ਇਲਾਕਿਆਂ ਵਿੱਚ ਬੇਸਹਾਰਾ ਛੱਡੇ ਗਏ ਕੁੱਤਿਆਂ, ਬਿੱਲੀਆਂ ਅਤੇ ਜੰਗਲੀ ਜੀਵਾਂ ਨੂੰ ਬਚਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਫਰੰਟਲਾਈਨ ‘ਤੇ ਸਰਗਰਮ ਸਨ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਕੈਨੇਡਾ ਅਤੇ ਕੌਮਾਂਤਰੀ ਪੱਧਰ ‘ਤੇ ਜੀਵ ਰੱਖਿਅਕਾਂ ਵਿੱਚ ਗਹਿਰੇ ਦੁੱਖ ਦਾ ਮਾਹੌਲ ਹੈ।
ਸੁਸਾਇਟੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਜੈਸੀ ਐਡਮਜ਼ ਨੇ ਪਿਛਲੇ ਸ਼ੁੱਕਰਵਾਰ ਫੇਸਬੁੱਕ ‘ਤੇ ਪੋਸਟ ਪਾ ਕੇ ਦੱਸਿਆ ਸੀ ਕਿ ਉਹ ਪੂਰਬੀ ਯੂਕਰੇਨ ਵਿੱਚ ਇੱਕ ਮੁਹਿੰਮ ਤਹਿਤ ਜਾਨਵਰਾਂ ਨੂੰ ਕੱਢਣ ਜਾ ਰਹੇ ਹਨ। ਦੋ ਦਿਨ ਬਾਅਦ ਐਤਵਾਰ ਨੂੰ ਜਿਸ ਵਾਹਨ ਵਿੱਚ ਉਹ ਬਚਾਏ ਗਏ ਜਾਨਵਰਾਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾ ਰਹੇ ਸਨ, ਉਸ ‘ਤੇ ਇੱਕ ਐੱਫ਼.ਪੀ.ਵੀ. (FPV) ਡਰੋਨ ਆ ਡਿੱਗਿਆ। ਧਮਾਕੇ ਵਿੱਚ ਜੈਸੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਐਮਰਜੈਂਸੀ ਸਰਜਰੀ ਲਈ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੇ ਪ੍ਰਾਣ ਪਖੇਰੂ ਉੱਡ ਗਏ।
ਵਿਕਟੋਰੀਆ ਹਿਊਮੇਨ ਸੁਸਾਇਟੀ ਦੀ ਕਾਰਜਕਾਰੀ ਡਾਇਰੈਕਟਰ ਪੈਨੀ ਸਟੋਨ ਨੇ ਭਰੇ ਮਨ ਨਾਲ ਕਿਹਾ ਕਿ ਜੈਸੀ ਇੱਕ ਕੁਦਰਤੀ ਤਾਕਤ ਵਰਗੇ ਇਨਸਾਨ ਸਨ, ਜੋ ਜਿੱਥੇ ਵੀ ਮਦਦ ਦੀ ਲੋੜ ਹੁੰਦੀ ਉੱਥੇ ਸਭ ਤੋਂ ਪਹਿਲਾਂ ਪਹੁੰਚਦੇ ਸਨ। ਉਹ ਕਾਬੁਲ ਤੋਂ ਲੈ ਕੇ ਯੂਕਰੇਨ ਤੱਕ ਕਈ ਖ਼ਤਰਨਾਕ ਮੁਹਿੰਮਾਂ ਦਾ ਹਿੱਸਾ ਬਣੇ। ਯੂਕਰੇਨ ਵਿੱਚ ਉਨ੍ਹਾਂ ਨੇ ਨਾ ਸਿਰਫ਼ ਪਾਲਤੂ ਕੁੱਤੇ ਬਲਕਿ ਸ਼ੇਰ, ਚੀਤੇ, ਸੂਰ ਅਤੇ ਬੱਕਰੀਆਂ ਤੱਕ ਨੂੰ ਸੁਰੱਖਿਅਤ ਬਾਹਰ ਕੱਢਿਆ। ਐੱਸ.ਪੀ.ਸੀ.ਏ. ਇੰਟਰਨੈਸ਼ਨਲ ਦੀ ਡਾਇਰੈਕਟਰ ਲੋਰੀ ਕਾਲੇਫ ਨੇ ਸ਼ਰਧਾਂਜਲੀ ਭੇਟ ਕਰਦਿਆਂ ਦੱਸਿਆ ਕਿ ਜੈਸੀ ਅਤੇ ਉਨ੍ਹਾਂ ਦੀ ਟੀਮ ਨੇ ਜੰਗ ਪ੍ਰਭਾਵਿਤ ਯੂਕਰੇਨ ਵਿੱਚੋਂ ਲਗਭਗ 1,000 ਤੋਂ ਵੱਧ ਜਾਨਵਰਾਂ ਨੂੰ ਸੁਰੱਖਿਅਤ ਕੱਢਿਆ ਸੀ। ਉਨ੍ਹਾਂ ਦੇ ਤੁਰ ਜਾਣ ਨਾਲ ਜੀਵ ਭਲਾਈ ਦੇ ਖੇਤਰ ਵਿੱਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਭਰਨਾ ਨਾਮੁਮਕਿਨ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ