ਕੈਨੇਡਾ-ਯੂਰਪੀਅਨ ਯੂਨੀਅਨ ਬੈਠਕ ਦੇ ਬਾਈਕਾਟ ਦਾ ਐਲਾਨ
ਵੈਨਕੂਵਰ (ਏਕਜੋਤ ਸਿੰਘ): ਕਿਊਬੈੱਕ ਦੇ ਨਵੇਂ ਚੁਣੇ ਗਏ ਪ੍ਰੀਮੀਅਰ ਪਾਲ ਸੇਂਟ-ਪੀਅਰੇ ਪਲਾਮੋਂਡਨ ਨੇ ਮਾਂਟਰੀਅਲ ਵਿੱਚ ਹੋਣ ਜਾ ਰਹੇ ਅਹਿਮ ਕੈਨੇਡਾ-ਯੂਰਪੀਅਨ ਯੂਨੀਅਨ ਸਿਖ਼ਰ ਸੰਮੇਲਨ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ। ਪ੍ਰੀਮੀਅਰ ਨੇ ਓਟਾਵਾ ਸਥਿਤ ਫੈਡਰਲ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਯੂਰਪੀਅਨ ਆਗੂਆਂ ਸਾਹਮਣੇ ਆਪਣੇ ਸੂਬੇ ਦਾ ਪੱਖ ਰੱਖਣ ਤੋਂ ਜਾਣਬੁੱਝ ਕੇ ਰੋਕਿਆ ਜਾ ਰਿਹਾ ਹੈ ਅਤੇ ਕਿਊਬੈੱਕ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵਿਵਾਦ ਪ੍ਰੀਮੀਅਰ ਵਜੋਂ ਸਹੁੰ ਚੁੱਕਣ ਦੇ ਮਹਿਜ਼ ਇੱਕ ਹਫ਼ਤੇ ਅੰਦਰ ਹੀ ਸਾਹਮਣੇ ਆ ਗਿਆ ਹੈ।
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਪ੍ਰੀਮੀਅਰ ਪਲਾਮੋਂਡਨ ਨੂੰ ਯੂਰਪੀਅਨ ਯੂਨੀਅਨ ਦੇ ਪ੍ਰਤੀਨਿਧੀਆਂ ਨਾਲ ਵੀਰਵਾਰ ਦੇ ਰਾਤਰੀ ਭੋਜ ਲਈ ਸੱਦਾ ਦਿੱਤਾ ਗਿਆ ਹੈ, ਪਰ ਉਨ੍ਹਾਂ ਨੂੰ ਮੁੱਖ ਸੰਮੇਲਨ ਦੇ ਮੰਚ ਤੋਂ ਭਾਸ਼ਣ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਮੁੱਦੇ ‘ਤੇ ਬਲਾਕ ਕਿਊਬੈਕੋਇਸ ਦੇ ਨੇਤਾ ਯਵੇਸ-ਫ਼ਰਾਂਸਵਾ ਬਲਾਂਸ਼ੇ ਨੇ ਹਾਊਸ ਆਫ਼ ਕਾਮਨਜ਼ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੂੰ ਘੇਰਿਆ। ਦੂਜੇ ਪਾਸੇ, ਫੈਡਰਲ ਉਦਯੋਗ ਮੰਤਰੀ ਮੇਲਾਨੀ ਜੋਲੀ ਨੇ ਸਪੱਸ਼ਟ ਕੀਤਾ ਕਿ ਕੌਮਾਂਤਰੀ ਕੂਟਨੀਤੀ ਅਤੇ ਭੂ-ਰਾਜਨੀਤਿਕ ਮਾਮਲੇ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।
ਪ੍ਰੀਮੀਅਰ ਪਲਾਮੋਂਡਨ ਨੇ ਸੋਸ਼ਲ ਮੀਡੀਆ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਫ਼ੈਸਲਾ ਨਾ ਸਿਰਫ਼ ਕਿਊਬੈੱਕ ਦਾ ਨਿਰਾਦਰ ਹੈ, ਸਗੋਂ ਸੂਬੇ ਦੇ ਆਰਥਿਕ ਹਿੱਤਾਂ ਦੀ ਰਾਖੀ ਕਰਨ ਦੀ ਸਮਰੱਥਾ ਨੂੰ ਵੱਡੀ ਸੱਟ ਮਾਰਦਾ ਹੈ। ਪਾਰਟੀ ਕਿਊਬੈਕੋਇਸ ਸਰਕਾਰ ਨੇ ਦੋਸ਼ ਲਾਇਆ ਕਿ ਫੈਡਰਲ ਸਰਕਾਰ ਨੇ ਸਿਖ਼ਰ ਸੰਮੇਲਨ ਦੌਰਾਨ ਕਿਊਬੈੱਕ ਵੱਲੋਂ ਇੱਕ ਸਾਈਡਲਾਈਨ ਰਿਸੈਪਸ਼ਨ ਕਰਵਾਉਣ ਦੀ ਬੇਨਤੀ ਵੀ ਰੱਦ ਕਰ ਦਿੱਤੀ ਹੈ। ਇਸ ਸਿਆਸੀ ਖਿੱਚੋਤਾਣ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਲਾਮੋਂਡਨ ਨੂੰ ਚੋਣ ਜਿੱਤ ਦੀ ਵਧਾਈ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਦੀ ਰਾਸ਼ਟਰੀ ਏਕਤਾ ‘ਤੇ ਨਵੀਂ ਬਹਿਸ ਛਿੜ ਗਈ ਹੈ। This report was written by Ekjot Singh as part of the Local Journalism Initiative.
ਮਾਂਟਰੀਅਲ ਸੰਮੇਲਨ ’ਚ ਬੋਲਣ ਤੋਂ ਰੋਕਣ ’ਤੇ ਭੜਕੇ ਕਿਊਬੈੱਕ ਦੇ ਪ੍ਰੀਮੀਅਰ

