9.7 C
Vancouver
Friday, November 6, 2026

ਮਹਿੰਗੀਆਂ ਗੱਡੀਆਂ ਵਿੱਚ ਫੂਡ ਬੈਂਕ ਪਹੁੰਚਣ ਵਾਲਿਆਂ ਦਾ ਸੱਚ, ਕੈਲਗਰੀ ਫੂਡ ਬੈਂਕ ਨੇ ਭਰਮ ਤੋੜਨ ਲਈ ਵਿੱਢੀ ਨਵੀਂ ਮੁਹਿੰਮ

ਪਾਰਕਿੰਗ ਵਿੱਚ 10 ਦਿਨਾਂ ਦੀ ਪੜਤਾਲ ਮਗਰੋਂ ਖ਼ੁਲਾਸਾ: ਫੂਡ ਬੈਂਕ ਆਉਣ ਵਾਲੀਆਂ 90 ਫ਼ੀਸਦੀ ਕਾਰਾਂ ਆਮ ਅਤੇ ਪੁਰਾਣੀਆਂ
ਕੈਲਗਰੀ: ਕੈਲਗਰੀ ਫੂਡ ਬੈਂਕ ਵੱਲੋਂ ਸਮਾਜ ਵਿੱਚ ਫੂਡ ਬੈਂਕਾਂ ਦੀ ਵਰਤੋਂ ਨੂੰ ਲੈ ਕੇ ਫੈਲੀਆਂ ਕਈ ਗ਼ਲਤਫ਼ਹਿਮੀਆਂ ਅਤੇ ਭਰਮਾਂ ਨੂੰ ਤੋੜਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੰਸਥਾ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮੈਲਿਸਾ ਫਰੌਮ ਅਨੁਸਾਰ ਅਕਸਰ ਲੋਕ ਇਹ ਸਵਾਲ ਪੁੱਛਦੇ ਹਨ ਕਿ ਲਗਜ਼ਰੀ ਜਾਂ ਉੱਚ-ਪੱਧਰੀ ਕਾਰਾਂ ਚਲਾਉਣ ਵਾਲੇ ਲੋਕ ਫੂਡ ਬੈਂਕਾਂ ਅੱਗੇ ਰਾਸ਼ਨ ਲੈਣ ਲਈ ਕਤਾਰਾਂ ਵਿੱਚ ਕਿਉਂ ਖੜ੍ਹੇ ਹੁੰਦੇ ਹਨ। ਇਸ ਸਵਾਲ ਦੀ ਅਸਲੀਅਤ ਜਾਣਨ ਲਈ ਫੂਡ ਬੈਂਕ ਦੀ ਖੋਜ ਟੀਮ ਨੇ ਆਪਣੀ ਪਾਰਕਿੰਗ ਵਿੱਚ ਲਗਾਤਾਰ 10 ਦਿਨਾਂ ਤੱਕ ਇੱਕ ਵਿਸ਼ੇਸ਼ ਸਰਵੇਖਣ ਕੀਤਾ, ਜਿਸ ਦੌਰਾਨ ਹਜ਼ਾਰਾਂ ਕਾਰਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਮਾਡਲ, ਬਣਤਰ ਅਤੇ ਸਾਲ ਦਾ ਰਿਕਾਰਡ ਦਰਜ ਕੀਤਾ ਗਿਆ।
ਇਸ ਪੜਤਾਲ ਵਿੱਚ ਸਾਹਮਣੇ ਆਇਆ ਕਿ ਫੂਡ ਬੈਂਕ ਆਉਣ ਵਾਲੇ ਹਰ 10 ਵਾਹਨਾਂ ਵਿੱਚੋਂ ਲਗਭਗ 9 ਵਾਹਨ ਆਮ ਇਕਾਨਮੀ ਸ਼੍ਰੇਣੀ ਦੇ ਹੁੰਦੇ ਹਨ ਅਤੇ ਸਿਰਫ਼ 1 ਵਾਹਨ ਹੀ ਪ੍ਰੀਮੀਅਮ ਸ਼੍ਰੇਣੀ ਵਿੱਚ ਆਉਂਦਾ ਹੈ। ਮੈਲਿਸਾ ਫਰੌਮ ਨੇ ਸਪੱਸ਼ਟ ਕੀਤਾ ਕਿ ਜਿਹੜੀਆਂ ਗੱਡੀਆਂ ਲਗਜ਼ਰੀ ਦਿਖਾਈ ਦਿੰਦੀਆਂ ਹਨ, ਉਹ ਵੀ ਆਮ ਤੌਰ ‘ਤੇ ਕਾਫ਼ੀ ਪੁਰਾਣੇ ਮਾਡਲ ਦੀਆਂ ਹੁੰਦੀਆਂ ਹਨ। ਸਰਵੇਖਣ ਅਨੁਸਾਰ ਫੂਡ ਬੈਂਕ ਦੀ ਪਾਰਕਿੰਗ ਵਿੱਚ ਆਉਣ ਵਾਲੀ ਕਿਸੇ ਵੀ ਕਾਰ ਦੀ ਔਸਤਨ ਬਾਜ਼ਾਰੀ ਕੀਮਤ ਸਿਰਫ਼ 12,000 ਡਾਲਰ ਦੇ ਕਰੀਬ ਹੈ। ਉਨ੍ਹਾਂ ਸਮਝਾਇਆ ਕਿ ਮਨੋਵਿਗਿਆਨਕ ਤੌਰ ‘ਤੇ ਇਸ ਨੂੰ ‘ਓਡਬਾਲ ਇਫ਼ੈਕਟ’ ਕਿਹਾ ਜਾਂਦਾ ਹੈ, ਜਿੱਥੇ ਆਮ ਕਾਰਾਂ ਦੀ ਭੀੜ ਵਿੱਚ ਖੜ੍ਹੀ ਇੱਕ ਮਹਿੰਗੀ ਗੱਡੀ ਅਚਾਨਕ ਸਭ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ। ਇਸ ਤੋਂ ਇਲਾਵਾ ਇਹ ਵੀ ਸੰਭਵ ਹੈ ਕਿ ਉਹ ਕਾਰ ਕਿਸੇ ਗੁਆਂਢੀ ਜਾਂ ਦੋਸਤ ਦੀ ਹੋਵੇ ਜੋ ਲੋੜਵੰਦ ਦੀ ਮਦਦ ਕਰ ਰਿਹਾ ਹੋਵੇ, ਜਾਂ ਫਿਰ ਗੱਡੀ ਦੇ ਮਾਲਕ ਦਾ ਰੁਜ਼ਗਾਰ ਹਾਲ ਹੀ ਵਿੱਚ ਖੁੱਸ ਗਿਆ ਹੋਵੇ।
ਇਸ ਮੁਹਿੰਮ ਦੌਰਾਨ ਹੋਰ ਵੀ ਕਈ ਆਮ ਭਰਮਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੋਕ ਅਕਸਰ ਇਹ ਸੋਚਦੇ ਹਨ ਕਿ ਫੂਡ ਬੈਂਕ ਜਾਣ ਵਾਲਿਆਂ ਨੂੰ ਸਿਰਫ਼ ਆਪਣਾ ਬਜਟ ਸੰਭਾਲਣ ਦੀ ਲੋੜ ਹੈ, ਜਦਕਿ ਮੌਜੂਦਾ ਮਹਿੰਗਾਈ ਦੇ ਦੌਰ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਚੁੱਕਾ ਹੈ।
ਇੱਕ ਹੋਰ ਭੁਲੇਖਾ ਇਹ ਹੈ ਕਿ ਫੂਡ ਬੈਂਕ ਨੂੰ ਸਰਕਾਰੀ ਫੰਡ ਮਿਲਦੇ ਹਨ, ਜਦਕਿ ਸੱਚਾਈ ਇਹ ਹੈ ਕਿ ਇਹ ਅਦਾਰਾ ਪੂਰੀ ਤਰ੍ਹਾਂ ਦਾਨ ‘ਤੇ ਚੱਲਦਾ ਹੈ। ਕੈਲਗਰੀ ਦੀਆਂ ਸਮਾਜਿਕ ਸੰਸਥਾਵਾਂ ‘ਵਿਮੈਨਜ਼ ਸੈਂਟਰ ਆਫ਼ ਕੈਲਗਰੀ’ ਅਤੇ ‘ਰਾਈਜ਼ ਕੈਲਗਰੀ’ ਦੀਆਂ ਮੁਖੀਆਂ ਲੈਨਾ ਬੈਂਟਲੇ ਅਤੇ ਸਲੀਮਾ ਕਾਸਮ ਨੇ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਿਕ ਪੱਖਪਾਤ ਲੋਕਾਂ ਨੂੰ ਮਦਦ ਮੰਗਣ ਤੋਂ ਰੋਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਕੋਈ ਵੀ ਬਿਮਾਰੀ ਜਾਂ ਆਰਥਿਕ ਝਟਕਾ ਕਿਸੇ ਨੂੰ ਵੀ ਅਚਾਨਕ ਮਦਦ ਦਾ ਮੁਹਤਾਜ ਬਣਾ ਸਕਦਾ ਹੈ, ਇਸ ਲਈ ਕਿਸੇ ਦੇ ਬਾਹਰੀ ਹਾਲਾਤ ਦੇਖ ਕੇ ਨਿਰਣਾ ਨਹੀਂ ਕਰਨਾ ਚਾਹੀਦਾ।

ਰੁਝਾਨ ਖਬਰਾਂ