9.7 C
Vancouver
Friday, November 6, 2026

ਬੀ.ਸੀ. ਵਿੱਚ ਜਨਤਕ ਸੁਰੱਖਿਆ ਨੂੰ ਨੱਥ ਪਾਉਣ ਲਈ ਕੰਜ਼ਰਵੇਟਿਵਾਂ ਵੱਲੋਂ ਨਵੀਆਂ ਨੀਤੀਆਂ ਦਾ ਖ਼ਾਕਾ ਜਾਰੀ

ਸੁਰੱਖਿਅਤ ਸੜਕਾਂ ਯੋਜਨਾ ਤਹਿਤ ਭਰਤੀ ਕੀਤੇ ਜਾਣਗੇ 750 ਨਵੇਂ ਪੁਲਿਸ ਮੁਲਾਜ਼ਮ, 50 ਸਰਕਾਰੀ ਵਕੀਲ ਅਤੇ 20 ਜੱਜ ਨਿਯੁਕਤ ਕਰਨ ਦੀ ਤਿਆਰੀ
ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਸੱਤਾ ਸੰਭਾਲਣ ਜਾ ਰਹੀ ਕੰਜ਼ਰਵੇਟਿਵ ਪਾਰਟੀ ਨੇ ਸੂਬੇ ਭਰ ਵਿੱਚ ਵਧ ਰਹੇ ਅਪਰਾਧ, ਜਨਤਕ ਥਾਵਾਂ ‘ਤੇ ਖੁੱਲ੍ਹੇਆਮ ਨਸ਼ਿਆਂ ਦੀ ਵਰਤੋਂ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਲਈ ਸਖ਼ਤ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ। ਪਾਰਟੀ ਨੇ ਆਪਣੀ ਚੋਣ ਮੁਹਿੰਮ ਦੌਰਾਨ ਸ਼ਹਿਰੀ ਸੜਕਾਂ ਨੂੰ ਸੁਰੱਖਿਅਤ ਬਣਾਉਣ, ਮਾਨਸਿਕ ਸਿਹਤ ਸੰਭਾਲ ਤੱਕ ਪਹੁੰਚ ਬਿਹਤਰ ਕਰਨ ਅਤੇ ਮੈਂਟਲ ਹੈਲਥ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੁਲਿਸ ਨੂੰ ਵਿਸ਼ੇਸ਼ ਅਧਿਕਾਰ ਦੇਣ ਦਾ ਭਰੋਸਾ ਦਿੱਤਾ ਸੀ ਤਾਂ ਜੋ ਗੰਭੀਰ ਮਰੀਜ਼ਾਂ ਨੂੰ ਲਾਜ਼ਮੀ ਇਲਾਜ ਕੇਂਦਰਾਂ ਨਾਲ ਜੋੜਿਆ ਜਾ ਸਕੇ। ਪ੍ਰੀਮੀਅਰ-ਡੈਜ਼ੀਗਨੇਟ ਲੋਰਨ ਡੋਰਕਸਨ ਨੇ ਕਿਹਾ ਕਿ ਲੋਕ ਇੱਕ ਅਜਿਹਾ ਮਾਹੌਲ ਚਾਹੁੰਦੇ ਹਨ ਜਿੱਥੇ ਉਹ ਬਿਨਾਂ ਕਿਸੇ ਡਰ ਤੋਂ ਸੜਕਾਂ ‘ਤੇ ਤੁਰ ਸਕਣ ਅਤੇ ਉਨ੍ਹਾਂ ਦੇ ਬੱਚੇ ਸੁਰੱਖਿਅਤ ਭਵਿੱਖ ਬਣਾ ਸਕਣ।
ਵੈਨਕੂਵਰ ਡਾਊਨਟਾਊਨ ਦੇ ਸਥਾਨਕ ਕਾਰੋਬਾਰੀਆਂ ਨੇ ਨਵੀਂ ਸਰਕਾਰ ਦੇ ਇਸ ਰੁਖ਼ ‘ਤੇ ਤਸੱਲੀ ਪ੍ਰਗਟਾਈ ਹੈ। ਆਪਣੀ ਫੁੱਲਾਂ ਦੀ ਦੁਕਾਨ ਦੇ ਬਾਹਰ ਲਗਾਤਾਰ ਹੁੰਦੀਆਂ ਚੋਰੀਆਂ ਅਤੇ ਨਸ਼ੇੜੀਆਂ ਦੇ ਹੰਗਾਮਿਆਂ ਤੋਂ ਪ੍ਰੇਸ਼ਾਨ ਦੁਕਾਨਦਾਰ ਕਰਟਿਸ ਲੈਮਨ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਕੋਈ ਵੀ ਜਵਾਬਦੇਹੀ ਤੈਅ ਨਹੀਂ ਸੀ ਹੋ ਰਹੀ। ਦੁਕਾਨਾਂ ਵਿੱਚੋਂ ਸ਼ਰੇਆਮ ਸਾਮਾਨ ਚੋਰੀ ਕਰਕੇ ਨਸ਼ਾ ਖ਼ਰੀਦਿਆ ਜਾਂਦਾ ਸੀ। ਕਦੇ ਖ਼ੁਦ ਕੋਕੀਨ ਦੇ ਨਸ਼ੇ ਨੂੰ ਮਾਤ ਦੇ ਚੁੱਕੇ ਲੈਮਨ ਦਾ ਕਹਿਣਾ ਹੈ ਕਿ ਸਿਰਫ਼ ਲੋਕਾਂ ਦੇ ਖ਼ੁਦ ਮਦਦ ਮੰਗਣ ਦੀ ਉਡੀਕ ਕਰਨ ਨਾਲ ਇਹ ਗੰਭੀਰ ਸਮੱਸਿਆ ਕਦੇ ਹੱਲ ਨਹੀਂ ਹੋਵੇਗੀ, ਕਿਉਂਕਿ ਬਹੁਤ ਸਾਰੇ ਲੋਕ ਉਸ ਸਥਿਤੀ ਤੋਂ ਬਹੁਤ ਅੱਗੇ ਲੰਘ ਚੁੱਕੇ ਹਨ ਜਿੱਥੇ ਉਹ ਖ਼ੁਦ ਫ਼ੈਸਲਾ ਲੈ ਸਕਣ।
ਕਾਨੂੰਨੀ ਮਾਹਿਰਾਂ ਅਨੁਸਾਰ ਸੂਬਾਈ ਸਰਕਾਰ ਕੋਲ ਇਹਨਾਂ ਵਾਅਦਿਆਂ ਨੂੰ ਲਾਗੂ ਕਰਨ ਦੀਆਂ ਸੰਵਿਧਾਨਕ ਸ਼ਕਤੀਆਂ ਮੌਜੂਦ ਹਨ। ਉੱਘੇ ਕ੍ਰਿਮੀਨਲ ਵਕੀਲ ਰਵੀ ਹੀਰਾ ਨੇ ਕਿਹਾ ਕਿ ਸਾਬਕਾ ਐੱਨ.ਡੀ.ਪੀ. ਸਰਕਾਰ ਵੱਲੋਂ ਲਿਆਂਦੀ ਗਈ ਜਬਰੀ ਇਲਾਜ ਦੀ ਨੀਤੀ ਵਿੱਚ ਖ਼ਾਮੀਆਂ ਸਨ ਕਿਉਂਕਿ ਉਸ ਨੇ ਅਦਾਲਤੀ ਪ੍ਰਕਿਰਿਆ ਦੀ ਥਾਂ ਫ਼ੈਸਲੇ ਅਫ਼ਸਰਸ਼ਾਹੀ ਹੱਥ ਸੌਂਪ ਦਿੱਤੇ ਸਨ, ਜਿਸ ਨੂੰ ਅਦਾਲਤਾਂ ਨੇ ਰੱਦ ਕਰ ਦਿੱਤਾ ਸੀ। ਕੰਜ਼ਰਵੇਟਿਵਾਂ ਦੀ ਯੋਜਨਾ ਤਹਿਤ ਪੇਂਡੂ ਖੇਤਰਾਂ ਵਿੱਚ 500 ਆਰ.ਸੀ.ਐੱਮ.ਪੀ. ਅਧਿਕਾਰੀ ਅਤੇ ਸ਼ਹਿਰਾਂ ਵਿੱਚ 250 ਮਿਊਂਸਪਲ ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣਗੇ। ਇਸ ਦੇ ਨਾਲ ਹੀ ਅਦਾਲਤੀ ਕੇਸਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਲਈ 50 ਨਵੇਂ ਸਰਕਾਰੀ ਵਕੀਲ (ਪ੍ਰੌਸੀਕਿਊਟਰ) ਅਤੇ 20 ਟ੍ਰਾਇਲ ਜੱਜ ਨਿਯੁਕਤ ਕਰਨ ਲਈ ਓਟਾਵਾ ਦੀ ਫੈਡਰਲ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਤਕਨੀਕੀ ਦੇਰੀ ਕਾਰਨ ਅਪਰਾਧੀ ਖੁੱਲ੍ਹੇ ਨਾ ਘੁੰਮ ਸਕਣ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ