ਹਾਈਵੇਅ 97 ਨੇੜਲੇ ਕੈਂਪ ਵਿੱਚ ਲੱਗ ਰਹੀਆਂ ਅੱਗਾਂ ਕਾਰਨ ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ, ਸ਼ੁੱਕਰਵਾਰ ਤੱਕ ਖ਼ਾਲੀ ਕਰਨ ਦੀ ਮਿਆਦ
ਪੈਂਟਿਕਟਨ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪੈਂਟਿਕਟਨ ਸ਼ਹਿਰ ਵਿੱਚ ਹਾਈਵੇਅ 97 ਅਤੇ ਐਲਿਸ ਕ੍ਰੀਕ ਦੇ ਵਿਚਕਾਰ ਸਥਿਤ ਫੇਅਰਵਿਊ ਬੇਘਰ ਕੈਂਪ ਨੂੰ ਹਟਾਉਣ ਲਈ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਤੋਂ ਇੰਜੰਕਸ਼ਨ (ਮਨਾਹੀ ਦੇ ਹੁਕਮ) ਹਾਸਲ ਕਰ ਲਿਆ ਹੈ। ਬੀ.ਸੀ. ਸੁਪਰੀਮ ਕੋਰਟ ਦੀ ਜੱਜ ਬ੍ਰੀਆਨਾ ਹਾਰਡਵਿਕ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਆਵਾਜਾਈ ਮੰਤਰਾਲੇ ਦੀ ਇਸ ਜ਼ਮੀਨ ‘ਤੇ ਬਣਿਆ ਇਹ ਆਰਜ਼ੀ ਕੈਂਪ ਜਨਤਕ ਸੁਰੱਖਿਆ ਲਈ ਖ਼ਤਰਾ ਬਣ ਚੁੱਕਾ ਹੈ ਅਤੇ ਖੁੱਲ੍ਹੇ ਵਿੱਚ ਰਹਿਣ ਲਈ ਬਿਲਕੁਲ ਢੁਕਵਾਂ ਨਹੀਂ ਹੈ। ਅਦਾਲਤ ਨੇ ਕੈਂਪ ਵਿੱਚ ਰਹਿ ਰਹੇ ਲਗਭਗ ਇੱਕ ਦਰਜਨ ਬੇਘਰ ਵਿਅਕਤੀਆਂ ਨੂੰ ਸ਼ੁੱਕਰਵਾਰ ਦੁਪਹਿਰ 12 ਵਜੇ ਤੱਕ ਇਹ ਥਾਂ ਖ਼ਾਲੀ ਕਰਨ ਦਾ ਆਦੇਸ਼ ਦਿੱਤਾ ਹੈ। ਅਦਾਲਤੀ ਹੁਕਮਾਂ ਤੋਂ ਬਾਅਦ ਉੱਥੇ ਰਹਿ ਰਹੇ ਲੋਕਾਂ ਸਾਹਮਣੇ ਛੱਤ ਦਾ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। ਕੈਸਪਰ ਨਾਮੀ ਇੱਕ ਵਸਨੀਕ ਨੇ ਆਪਣਾ ਦੁੱਖ ਬਿਆਨ ਕਰਦਿਆਂ ਕਿਹਾ ਕਿ ਉਸ ਕੋਲ ਜਾਣ ਲਈ ਕੋਈ ਥਾਂ ਨਹੀਂ ਹੈ। ਹਰ ਰੋਜ਼ ਆਪਣਾ ਸਾਮਾਨ ਚੁੱਕ ਕੇ ਕਿਸੇ ਨਵੀਂ ਥਾਂ ਤੰਬੂ ਲਗਾਉਣਾ ਅਤੇ ਅਗਲੀ ਸਵੇਰ 6 ਵਜੇ ਮੁੜ ਉਜੜ ਜਾਣਾ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੋੜ ਕੇ ਰੱਖ ਦਿੰਦਾ ਹੈ। ਉਸ ਨੇ ਐਲਾਨ ਕੀਤਾ ਕਿ ਉਹ ਖ਼ੁਦ ਇਹ ਥਾਂ ਨਹੀਂ ਛੱਡੇਗੀ ਅਤੇ ਜੇਕਰ ਪੁਲਿਸ ਹੱਥਕੜੀਆਂ ਲਗਾ ਕੇ ਗ੍ਰਿਫ਼ਤਾਰ ਕਰੇਗੀ ਤਾਂ ਹੀ ਉਹ ਬਾਹਰ ਨਿਕਲੇਗੀ ਤਾਂ ਜੋ ਲੋਕਾਂ ਦਾ ਧਿਆਨ ਬੇਘਰਿਆਂ ਦੀ ਇਸ ਬੇਬਸੀ ਵੱਲ ਖਿੱਚਿਆ ਜਾ ਸਕੇ। ਸਥਾਨਕ ਕਾਰੋਬਾਰੀਆਂ ਵੱਲੋਂ ਪਿਛਲੇ ਦੋ ਸਾਲਾਂ ਤੋਂ ਇਸ ਕੈਂਪ ਵਿੱਚ ਲੱਗ ਰਹੀਆਂ ਅੱਗਾਂ ਕਾਰਨ ਸੁਰੱਖਿਆ ਨੂੰ ਲੈ ਕੇ ਰੌਲਾ ਪਾਇਆ ਜਾ ਰਿਹਾ ਸੀ। ਹਾਲ ਹੀ ਦੇ ਮਹੀਨਿਆਂ ਵਿੱਚ ਇੱਥੇ ਕਈ ਅੱਗਾਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਅੱਗ ਨੇੜਲੇ ਆਰ.ਵੀ. ਸੈਂਟਰ ਤੱਕ ਫੈਲ ਗਈ ਸੀ ਅਤੇ ਦੋ ਗੱਡੀਆਂ ਸੜ ਕੇ ਸੁਆਹ ਹੋ ਗਈਆਂ ਸਨ। ਇਨਲੈਂਡ ਟਰੱਕ ਐਂਡ ਇਕੁਇਪਮੈਂਟ ਦੇ ਸੰਚਾਲਕ ਲਿਊਕ ਬ੍ਰੈਡਲੀ ਨੇ ਕਿਹਾ ਕਿ ਕੈਂਪ ਹਟਣ ਨਾਲ ਚੋਰੀਆਂ ਅਤੇ ਅੱਗਾਂ ਦਾ ਡਰ ਤਾਂ ਘਟੇਗਾ, ਪਰ ਸਰਕਾਰ ਨੂੰ ਇਨ੍ਹਾਂ ਲੋਕਾਂ ਦੇ ਪੁਨਰਵਾਸ ਲਈ ਠੋਸ ਮਦਦ ਕਰਨੀ ਚਾਹੀਦੀ ਹੈ।
ਪੈਂਟਿਕਟਨ ‘ਚ ਬੇਘਰਿਆਂ ਦੇ ਫੇਅਰਵਿਊ ਕੈਂਪ ਨੂੰ ਹਟਾਉਣ ਦੇ ਅਦਾਲਤੀ ਹੁਕਮ, ਵਸਨੀਕਾਂ ਸਾਹਮਣੇ ਗੰਭੀਰ ਸੰਕਟ

