9.7 C
Vancouver
Friday, November 6, 2026

ਦੱਖਣੀ ਯੂਕਰੇਨ ਦੇ ਓਲੇਸ਼ਕੀ ਸ਼ਹਿਰ ‘ਚ 6 ਰੋਜ਼ਾ ਜੰਗਬੰਦੀ ਲਾਗੂ, ਰਾਹਤ ਸਮੱਗਰੀ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਤੇਜ਼

ਸਾਢੇ 4 ਸਾਲਾਂ ਬਾਅਦ ਪਹਿਲੀ ਵਾਰ ਰੂਸ ਤੇ ਯੂਕਰੇਨ ਵਿਚਾਲੇ ਅਹਿਮ ਸਮਝੌਤਾ, ਮੇਲਾਨੀਆ ਟਰੰਪ ਦੀ ਭੂਮਿਕਾ ਦੀ ਸ਼ਲਾਘਾ
ਵੈਨਕੂਵਰ (ਏਕਜੋਤ ਸਿੰਘ): ਦੱਖਣੀ ਯੂਕਰੇਨ ਦੇ ਰੂਸੀ ਕਬਜ਼ੇ ਵਾਲੇ ਤਬਾਹ ਹੋ ਚੁੱਕੇ ਸ਼ਹਿਰ ਓਲੇਸ਼ਕੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੰਗਲਵਾਰ ਤੋਂ ਸ਼ੁਰੂ ਹੋਈ 6 ਰੋਜ਼ਾ ਸੀਮਤ ਜੰਗਬੰਦੀ ਪਹਿਲੇ ਦਿਨ ਅਤੇ ਰਾਤ ਦੌਰਾਨ ਪੂਰੀ ਤਰ੍ਹਾਂ ਕਾਇਮ ਰਹੀ। ਅਧਿਕਾਰੀਆਂ ਅਨੁਸਾਰ ਇਹ ਜੰਗਬੰਦੀ ਐਤਵਾਰ ਤੱਕ ਜਾਰੀ ਰਹਿਣੀ ਤੈਅ ਹੈ ਤਾਂ ਜੋ ਉੱਥੇ ਫਸੇ ਲਗਭਗ 2,000 ਨਾਗਰਿਕਾਂ ਤੱਕ ਐਮਰਜੈਂਸੀ ਭੋਜਨ, ਪੀਣ ਵਾਲਾ ਪਾਣੀ ਅਤੇ ਜ਼ਰੂਰੀ ਦਵਾਈਆਂ ਪਹੁੰਚਾਈਆਂ ਜਾ ਸਕਣ। ਇਸ ਦੇ ਨਾਲ ਹੀ ਉੱਥੋਂ ਨਿਕਲਣ ਦੇ ਚਾਹਵਾਨ ਆਮ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ, ਹਾਲਾਂਕਿ ਦੇਸ਼ ਦੇ ਹੋਰ ਹਿੱਸਿਆਂ ਵਿੱਚ ਦੋਵਾਂ ਧਿਰਾਂ ਵਿਚਾਲੇ ਭਿਆਨਕ ਗੋਲਾਬਾਰੀ ਜਾਰੀ ਹੈ। ਜੇਕਰ ਇਹ ਜੰਗਬੰਦੀ ਸਫ਼ਲਤਾਪੂਰਵਕ ਨੇਪਰੇ ਚੜ੍ਹਦੀ ਹੈ, ਤਾਂ ਸਾਢੇ 4 ਸਾਲ ਪਹਿਲਾਂ ਸ਼ੁਰੂ ਹੋਏ ਰੂਸੀ ਹਮਲੇ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵਾਂ ਦੇਸ਼ਾਂ ਨੇ ਜ਼ਮੀਨੀ ਪੱਧਰ ‘ਤੇ ਕਿਸੇ ਵੱਡੀ ਜੰਗਬੰਦੀ ਦੀ ਪਾਲਣਾ ਕੀਤੀ ਹੋਵੇ। ਇਸ ਮਾਨਵਤਾਵਾਦੀ ਮੁਹਿੰਮ ਵਿੱਚ ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਅਹਿਮ ਵਿਚੋਲਗੀ ਨਿਭਾਈ ਹੈ, ਜਿਸ ਦੀ ਪੁਸ਼ਟੀ ਵ੍ਹਾਈਟ ਹਾਊਸ ਵੱਲੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਪੋਪ ਲੀਓ 14ਵੇਂ ਨੇ ਵੀ ਇਸੇ ਮਹੀਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਆਮ ਸ਼ਹਿਰੀਆਂ ਨੂੰ ਬਚਾਉਣ ਦੀ ਅਪੀਲ ਕੀਤੀ ਸੀ। ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਮੇਲਾਨੀਆ ਟਰੰਪ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਰੂਸ ਦੀ ਮਨੁੱਖੀ ਅਧਿਕਾਰ ਲੋਕਪਾਲ ਯਾਨਾ ਲਾਂਤਰਾਤੋਵਾ ਅਤੇ ਯੂਕਰੇਨ ਦੇ ਲੋਕਪਾਲ ਦਿਮਿਤਰੋ ਲੁਬੀਨੇਤਸ ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ 30 ਘੰਟਿਆਂ ਦੌਰਾਨ ਇਸ ਇਲਾਕੇ ਵਿੱਚ ਕੋਈ ਉਲੰਘਣਾ ਨਹੀਂ ਹੋਈ। ਦੂਜੇ ਪਾਸੇ, ਜੰਗ ਨੂੰ ਖ਼ਤਮ ਕਰਨ ਲਈ ਅਮਰੀਕਾ ਵੱਲੋਂ ਅਗਲੇ ਮਹੀਨੇ ਅਬੂ ਧਾਬੀ ਵਿੱਚ ਤਕਨੀਕੀ ਗੱਲਬਾਤ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੀ ਸਿਬੀਹਾ ਨੇ ਹੈਲਸਿੰਕੀ ਵਿੱਚ ਸਪੱਸ਼ਟ ਕੀਤਾ ਕਿ ਯੂਕਰੇਨ ਆਪਣੀ ਖ਼ੁਦਮੁਖਤਿਆਰੀ ਅਤੇ ਜ਼ਮੀਨੀ ਅਖੰਡਤਾ ਦੀ ਕੀਮਤ ‘ਤੇ ਕੋਈ ਸਮਝੌਤਾ ਨਹੀਂ ਕਰੇਗਾ। ਇਸ ਦੌਰਾਨ ਫਿਨਲੈਂਡ ਅਤੇ ਨਾਰਵੇ ਦੇ ਮੁਖੀਆਂ ਨੇ ਪੁਤਿਨ ਨਾਲ ਗੱਲ ਕਰਕੇ ਸੰਕੇਤ ਦਿੱਤੇ ਹਨ ਕਿ ਰੂਸ ਤਣਾਅ ਘਟਾਉਣ ਦੇ ਕਦਮਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰ ਸਕਦਾ ਹੈ।

ਰੁਝਾਨ ਖਬਰਾਂ