ਵੈਨਕੂਵਰ (ਏਕਜੋਤ ਸਿੰਘ): ਡਾਊਨਟਾਊਨ ਵੈਨਕੂਵਰ ਦੇ ਰੌਣਕੀ ਸ਼ਾਪਿੰਗ ਖੇਤਰ ਵਿੱਚ ਜਾਪਾਨੀ ਫੈਸ਼ਨ ਬ੍ਰਾਂਡ ਯੂਨੀਕਲੋ (Uniqlo) ਵੱਲੋਂ ਆਪਣਾ ਨਵਾਂ ਫਲੈਗਸ਼ਿਪ ਸਟੋਰ ਖੋਲ੍ਹਣ ਦਾ ਰਸਮੀ ਐਲਾਨ ਕੀਤਾ ਗਿਆ ਹੈ। ਇਹ ਸਟੋਰ ਪੈਸੀਫਿਕ ਸੈਂਟਰ ਵਿਖੇ ਸਥਿਤ ਸਾਬਕਾ ਨਾਰਡਸਟ੍ਰੌਮ ਦੀ ਮਸ਼ਹੂਰ ਇਮਾਰਤ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਦੌਰਾਨ ਗਾਹਕਾਂ ਲਈ ਖੋਲ੍ਹਿਆ ਜਾਵੇਗਾ। ਇਹ ਉਦਘਾਟਨ ਉਸ ਸਮੇਂ ਹੋ ਰਿਹਾ ਹੈ ਜਦੋਂ ਇਹ ਕੰਪਨੀ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸਥਿਤ ਮੈਟਰੋਟਾਊਨ ਵਿੱਚ ਆਪਣਾ ਪਹਿਲਾ ਸਟੋਰ ਸਥਾਪਤ ਕਰਨ ਦੀ 10ਵੀਂ ਵਰ੍ਹੇਗੰਢ ਮਨਾ ਰਹੀ ਹੈ। ਜਾਪਾਨੀ ਕੰਪਨੀ ਦੇ ਇਸ ਕਦਮ ਨਾਲ ਡਾਊਨਟਾਊਨ ਦੇ ਕਾਰੋਬਾਰੀ ਮਾਹੌਲ ਨੂੰ ਨਵਾਂ ਹੁਲਾਰਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।
ਸਾਲ 2023 ਵਿੱਚ ਜਦੋਂ ਅਮਰੀਕੀ ਲਗਜ਼ਰੀ ਰਿਟੇਲਰ ਨਾਰਡਸਟ੍ਰੌਮ ਨੇ ਕੈਨੇਡਾ ਵਿੱਚੋਂ ਆਪਣਾ ਸਮੁੱਚਾ ਕਾਰੋਬਾਰ ਸਮੇਟਦਿਆਂ ਇਸ ਸ਼ੋਅਰੂਮ ਨੂੰ ਬੰਦ ਕੀਤਾ ਸੀ, ਤਾਂ ਇਹ ਸਵਾਲ ਖੜ੍ਹਾ ਹੋ ਗਿਆ ਸੀ ਕਿ ਇਸ ਪ੍ਰਮੁੱਖ ਵਪਾਰਕ ਥਾਂ ਨੂੰ ਕੌਣ ਸੰਭਾਲੇਗਾ। ਪਿਛਲੇ ਸਾਲ ਮਾਲਕੀ ਪ੍ਰਬੰਧਕਾਂ ਨੇ ਫ਼ੈਸਲਾ ਕੀਤਾ ਸੀ ਕਿ ਇਸ 230,000 ਵਰਗ ਫੁੱਟ ਦੀ ਵਿਸ਼ਾਲ ਥਾਂ ਨੂੰ ਚਾਰ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਇਸ ਤੋਂ ਪਹਿਲਾਂ ਪ੍ਰਸਿੱਧ ਕੈਨੇਡੀਅਨ ਰਿਟੇਲ ਚੇਨ ‘ਸਾਈਮਨਜ਼’ ਅਤੇ ਮਹਿਲਾਵਾਂ ਦੇ ਫੈਸ਼ਨ ਬ੍ਰਾਂਡ ‘ਅਰਿਤੀਜ਼ੀਆ’ ਨੇ ਇਸ ਇਮਾਰਤ ਦੇ ਦੋ ਹਿੱਸਿਆਂ ਵਿੱਚ ਆਪਣੇ ਸ਼ੋਅਰੂਮ ਖੋਲ੍ਹਣ ਦੀਆਂ ਤਿਆਰੀਆਂ ਦਾ ਐਲਾਨ ਕੀਤਾ ਸੀ। ਹੁਣ ਯੂਨੀਕਲੋ ਵੱਲੋਂ ਤੀਜੇ ਹਿੱਸੇ ‘ਤੇ ਕਬਜ਼ਾ ਕਰਨ ਮਗਰੋਂ ਇਸ ਇਮਾਰਤ ਵਿੱਚ ਸਿਰਫ਼ ਇੱਕ ਯੂਨਿਟ ਹੀ ਖ਼ਾਲੀ ਬਚੇਗਾ।
ਜ਼ਿਕਰਯੋਗ ਹੈ ਕਿ ਸਿਆਟਲ ਅਧਾਰਤ ਨਾਰਡਸਟ੍ਰੌਮ ਨੇ ਸਾਲ 2015 ਵਿੱਚ ਉੱਤਰੀ ਬਾਜ਼ਾਰਾਂ ਵਿੱਚ ਪਸਾਰ ਕਰਦਿਆਂ ਇਸ ਪ੍ਰਮੁੱਖ ਸਥਾਨ ‘ਤੇ ਆਪਣਾ ਸ਼ੋਅਰੂਮ ਸਥਾਪਤ ਕੀਤਾ ਸੀ। ਇਤਿਹਾਸਕ ਤੌਰ ‘ਤੇ ਇਸ ਸਥਾਨ ‘ਤੇ ਪਹਿਲਾਂ ਈਟਨਜ਼ ਅਤੇ ਸੀਅਰਜ਼ ਵਰਗੇ ਰਿਟੇਲ ਦਿੱਗਜ ਕਾਰੋਬਾਰ ਕਰ ਚੁੱਕੇ ਹਨ ਅਤੇ ਨਾਰਡਸਟ੍ਰੌਮ ਦਾ ਜਾਣਾ ਇਸ ਥਾਂ ਦੇ ਖ਼ਾਲੀ ਹੋਣ ਦਾ ਤੀਜਾ ਮੌਕਾ ਸੀ। ਅਰਿਤੀਜ਼ੀਆ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਸਟੋਰ ਚਾਰ ਮੰਜ਼ਿਲਾਂ ਵਿੱਚ ਫੈਲਿਆ ਹੋਵੇਗਾ ਅਤੇ ਇਸ ਵਿੱਚ ਖ਼ਰੀਦਦਾਰਾਂ ਲਈ ਉੱਚ-ਪੱਧਰੀ ਡਾਇਨਿੰਗ ਰੈਸਟੋਰੈਂਟ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਯੂਨੀਕਲੋ ਦੇ ਦਾਖ਼ਲੇ ਨਾਲ ਡਾਊਨਟਾਊਨ ਵੈਨਕੂਵਰ ਦੀ ਰਿਟੇਲ ਮਾਰਕੀਟ ਇੱਕ ਵਾਰ ਫਿਰ ਕੌਮਾਂਤਰੀ ਖ਼ਰੀਦਦਾਰਾਂ ਲਈ ਖਿੱਚ ਦਾ ਕੇਂਦਰ ਬਣੇਗੀ। This report was written by Ekjot Singh as part of the Local Journalism Initiative.
ਡਾਊਨਟਾਊਨ ਵੈਨਕੂਵਰ ’ਚ ਨਾਰਡਸਟ੍ਰੌਮ ਦੀ ਇਮਾਰਤ ’ਚ ਖੁੱਲ੍ਹੇਗਾ ਯੂਨੀਕਲੋ ਦਾ ਨਵਾਂ ਫਲੈਗਸ਼ਿਪ ਸਟੋਰ

