ਚਾਰ ਦਿਨਾਂ ‘ਚ 31 ਮੁਲਜ਼ਮ ਕਾਬੂ, $6,000 ਦਾ ਸਾਮਾਨ ਬਰਾਮਦ
ਵੈਨਕੂਵਰ (ਏਕਜੋਤ ਸਿੰਘ): ਕੋਕੁਇਟਲਮ ਆਰ.ਸੀ.ਐੱਮ.ਪੀ. ਨੇ ਵਪਾਰਕ ਅਦਾਰਿਆਂ ਅਤੇ ਦੁਕਾਨਾਂ ਵਿੱਚੋਂ ਹੋ ਰਹੀਆਂ ਚੋਰੀਆਂ ਨੂੰ ਨੱਥ ਪਾਉਣ ਲਈ ਇੱਕ ਵਿਸ਼ੇਸ਼ 4 ਰੋਜ਼ਾ ਮੁਹਿੰਮ ਚਲਾਈ, ਜਿਸ ਦੌਰਾਨ 31 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 14 ਤੋਂ 17 ਸਤੰਬਰ ਤੱਕ ਚਲਾਈ ਗਈ ਇਸ ਕਾਰਵਾਈ ਦੌਰਾਨ ਪੁਲਿਸ ਨੇ 6,000 ਡਾਲਰ ਤੋਂ ਵੱਧ ਮੁੱਲ ਦਾ ਚੋਰੀ ਹੋਇਆ ਸਾਮਾਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਕਾਰਵਾਈ ਆਰਗਨਾਈਜ਼ਡ ਰਿਟੇਲ ਕ੍ਰਾਈਮ ਐਸੋਸੀਏਸ਼ਨ ਆਫ਼ ਬ੍ਰਿਟਿਸ਼ ਕੋਲੰਬੀਆ (ORCA BC) ਦੇ ਸਹਿਯੋਗ ਨਾਲ ‘ਨੈਸ਼ਨਲ ਸ਼ਾਪਲਿਫ਼ਟਿੰਗ ਬਲਿਟਜ਼’ ਤਹਿਤ ਅੰਜ਼ਾਮ ਦਿੱਤੀ ਗਈ।
ਕੋਕੁਇਟਲਮ ਆਰ.ਸੀ.ਐੱਮ.ਪੀ. ਦੀ ਪ੍ਰੋਐਕਟਿਵ ਕਮਿਊਨਿਟੀ ਇੰਗੇਜਮੈਂਟ ਐਂਡ ਸੇਫ਼ਟੀ (PCES) ਟੀਮ ਨੇ ਖ਼ੁਫ਼ੀਆ ਜਾਣਕਾਰੀ ਅਤੇ ਅਪਰਾਧਿਕ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਸ਼ਹਿਰ ਦੇ ਪ੍ਰਮੁੱਖ ਰਿਟੇਲ ਸਟੋਰਾਂ ਅਤੇ ਮਾਲਾਂ ਵਿੱਚ ਨਿਸ਼ਾਨਾਬੱਧ ਨਾਕਾਬੰਦੀ ਕੀਤੀ। ਇਸ ਕਾਰਵਾਈ ਦੇ ਨਤੀਜੇ ਵਜੋਂ 31 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ, ਕ੍ਰਾਊਨ ਕੌਂਸਲ ਨੂੰ 34 ਦੋਸ਼ ਲਗਾਉਣ ਦੀਆਂ ਸਿਫ਼ਾਰਸ਼ਾਂ ਭੇਜੀਆਂ ਗਈਆਂ, 6,190 ਡਾਲਰ ਦਾ ਸਾਮਾਨ ਬਰਾਮਦ ਹੋਇਆ ਅਤੇ ਮੁਲਜ਼ਮਾਂ ਕੋਲੋਂ ਦੋ ਕਥਿਤ ਹਥਿਆਰ ਵੀ ਬਰਾਮਦ ਕੀਤੇ ਗਏ।
ਇਸ ਮੁਹਿੰਮ ਦੀ ਤਿਆਰੀ ਦੌਰਾਨ ਹੀ ਪੁਲਿਸ ਨੂੰ ਇੱਕ ਸਥਾਨਕ ਮਾਲ ਵਿੱਚ ਚੋਰੀ ਹੋਣ ਦੀ ਇਤਲਾਹ ਮਿਲੀ। ਪੁਲਿਸ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ। ਭਾਵੇਂ ਸ਼ੱਕੀ ਭੱਜਣ ਵਿੱਚ ਸਫ਼ਲ ਹੋ ਗਏ, ਪਰ ਪੁਲਿਸ ਨੇ 2,400 ਡਾਲਰ ਤੋਂ ਵੱਧ ਮੁੱਲ ਦੇ ਕੱਪੜੇ ਬਰਾਮਦ ਕਰਕੇ ਦੁਕਾਨਦਾਰ ਨੂੰ ਵਾਪਸ ਸੌਂਪ ਦਿੱਤੇ। ਇਸ ਤੋਂ ਇਲਾਵਾ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੇ ਇੱਕ ਸਥਾਨਕ ਸਟੋਰ ਵਿੱਚੋਂ 1,500 ਡਾਲਰ ਤੋਂ ਵੱਧ ਦਾ ਸਾਮਾਨ ਚੋਰੀ ਕੀਤਾ ਸੀ। ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੋਕੁਇਟਲਮ ’ਚ ਦੁਕਾਨਾਂ ’ਚੋਂ ਚੋਰੀਆਂ ਰੋਕਣ ਲਈ ਚਲਾਈ ਵਿਸ਼ੇਸ਼ ਮੁਹਿੰਮ, 31 ਵਿਅਕਤੀ ਗ੍ਰਿਫ਼ਤਾਰ

