ਕੈਲਗਰੀ : ਕੈਲਗਰੀ ਸ਼ਹਿਰ ਵਿੱਚ ਵੱਡੇ ਪੱਧਰ ਦੇ ਡਾਟਾ ਸੈਂਟਰਾਂ ਦੀ ਅੰਨ੍ਹੇਵਾਹ ਸਥਾਪਨਾ ‘ਤੇ ਰੋਕ ਲਗਾਉਣ ਲਈ ਮੇਅਰ ਜੇਰੋਮੀ ਫਾਰਕਸ ਅਤੇ 4 ਕੌਂਸਲਰਾਂ ਨੇ ਇੱਕ ਵਿਸ਼ੇਸ਼ ਮਤਾ ਤਿਆਰ ਕੀਤਾ ਹੈ। ਇਸ ਮਤੇ ‘ਤੇ 3 ਨਵੰਬਰ ਨੂੰ ਕਾਰਜਕਾਰੀ ਕਮੇਟੀ ਵਿੱਚ ਤਕਨੀਕੀ ਵਿਚਾਰ-ਵਟਾਂਦਰਾ ਹੋਵੇਗਾ। ਮਤੇ ਰਾਹੀਂ ਮੰਗ ਕੀਤੀ ਗਈ ਹੈ ਕਿ ਜਦੋਂ ਤੱਕ ਡਾਟਾ ਸੈਂਟਰਾਂ ਦੀਆਂ ਪਰਿਭਾਸ਼ਾਵਾਂ, ਵਾਤਾਵਰਣ ‘ਤੇ ਪ੍ਰਭਾਵ ਅਤੇ ਪਾਣੀ ਤੇ ਸੀਵਰੇਜ ਸਿਸਟਮ ਦੀ ਸਮਰੱਥਾ ਦੀ ਜਾਂਚ ਮੁਕੰਮਲ ਨਹੀਂ ਹੁੰਦੀ, ਉਦੋਂ ਤੱਕ ਨਵੀਆਂ ਅਰਜ਼ੀਆਂ ‘ਤੇ 12 ਮਹੀਨਿਆਂ ਦੀ ਮੁਕੰਮਲ ਰੋਕ ਲਗਾਈ ਜਾਵੇ। ਵਾਰਡ 5 ਦੇ ਕੌਂਸਲਰ ਰਾਜ ਧਾਲੀਵਾਲ ਨੇ ਉੱਤਰ-ਪੂਰਬੀ ਕੈਲਗਰੀ ਵਿੱਚ ਰੈੱਡਸਟੋਨ ਖੇਤਰ ਨੇੜੇ ਇੱਕ ਡਾਟਾ ਸੈਂਟਰ ਅਤੇ ਪਾਵਰ ਪਲਾਂਟ ਦੀ ਨਵੀਂ ਜ਼ਮੀਨ ਵਰਤੋਂ ਤਜਵੀਜ਼ ਦਾ ਮੁੱਦਾ ਕੌਂਸਲ ਵਿੱਚ ਉਠਾਇਆ ਸੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਅਜਿਹੇ ਪ੍ਰੋਜੈਕਟ ਅੱਗੇ ਵਧਾਏ ਜਾ ਰਹੇ ਹਨ। ਵਾਰਡ 6 ਦੇ ਕੌਂਸਲਰ ਜੌਨ ਪਾਂਤਾਜ਼ੋਪੋਲੋਸ ਨੇ ਕਿਹਾ ਕਿ ਆਰਥਿਕ ਨਿਵੇਸ਼ ਅਤੇ ਰੋਜ਼ਗਾਰ ਦਾ ਸਵਾਗਤ ਹੈ, ਪਰ ਸ਼ਹਿਰ ਵਾਸੀਆਂ ਦੀਆਂ ਪੀਣ ਵਾਲੇ ਪਾਣੀ ਅਤੇ ਬਿਜਲੀ ਦੀਆਂ ਲੋੜਾਂ ਨੂੰ ਦਾਅ ‘ਤੇ ਨਹੀਂ ਲਗਾਇਆ ਜਾ ਸਕਦਾ। ਮੇਅਰ ਫਾਰਕਸ ਨੇ ਸਪਸ਼ਟ ਕੀਤਾ ਕਿ ਇਹ ਪ੍ਰੋਜੈਕਟ ਭਾਰੀ ਮਾਤਰਾ ਵਿੱਚ ਬਿਜਲੀ ਅਤੇ ਪਾਣੀ ਦੀ ਵਰਤੋਂ ਕਰਦੇ ਹਨ, ਜਿਸ ਨਾਲ ਆਮ ਖਪਤਕਾਰਾਂ ਦੇ ਉਪਯੋਗਤਾ ਬਿੱਲਾਂ ਵਿੱਚ ਸਾਲਾਨਾ ਸੈਂਕੜੇ ਡਾਲਰਾਂ ਦਾ ਵਾਧਾ ਹੋਣ ਦਾ ਖ਼ਦਸ਼ਾ ਹੈ।
ਉਨ੍ਹਾਂ ਕਿਹਾ ਕਿ ਕੈਲਗਰੀ ਅਜੇ ਤਾਜ਼ਾ ਪਾਣੀ ਸੰਕਟ ਵਿੱਚੋਂ ਪੂਰੀ ਤਰ੍ਹਾਂ ਨਹੀਂ ਉੱਭਰਿਆ, ਇਸ ਲਈ ਬੁਨਿਆਦੀ ਢਾਂਚੇ ਦੀ ਸਮਰੱਥਾ ਜਾਂਚੇ ਬਿਨਾਂ ਕੋਈ ਵੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।
ਕੈਲਗਰੀ ’ਚ ਡਾਟਾ ਸੈਂਟਰਾਂ ਦੀਆਂ ਨਵੀਆਂ ਅਰਜ਼ੀਆਂ ’ਤੇ 1 ਸਾਲ ਦੀ ਰੋਕ ਲਾਉਣ ਦੀ ਤਿਆਰੀ

