9.7 C
Vancouver
Friday, November 6, 2026

ਐਬਟਸਫੋਰਡ ’ਚ ਸ਼ਰਾਬੀ ਚਾਲਕ ਨੇ ਪੁਲਿਸ ਕਾਰ ਨੂੰ ਮਾਰੀ ਟੱਕਰ, ਬਿਜਲੀ ਦੇ ਖੰਭੇ ਨਾਲ ਟਕਰਾਉਣ ਮਗਰੋਂ ਗ੍ਰਿਫ਼ਤਾਰ

ਸਾਲ 2026 ਦੌਰਾਨ ਐਬਟਸਫੋਰਡ ਪੁਲਿਸ ਫੜ ਚੁੱਕੀ ਹੈ 852 ਨਸ਼ੇੜੀ ਚਾਲਕ
ਐਬਟਸਫੋਰਡ, (ਏਕਜੋਤ ਸਿੰਘ): ਐਬਟਸਫੋਰਡ ਪੁਲਿਸ ਵਿਭਾਗ ਦੇ ਗੈਂਗ ਕ੍ਰਾਈਮ ਯੂਨਿਟ ਦੀ ਮੁਸਤੈਦੀ ਸਦਕਾ ਇੱਕ ਸ਼ਰਾਬੀ ਚਾਲਕ ਵੱਲੋਂ ਸੜਕ ‘ਤੇ ਮਚਾਏ ਜਾ ਰਹੇ ਭਾਰੀ ਹੰਗਾਮੇ ਨੂੰ ਸਮਾਂ ਰਹਿੰਦੇ ਕੰਟਰੋਲ ਕਰ ਲਿਆ ਗਿਆ। ਇਹ ਘਟਨਾ ਐਤਵਾਰ 25 ਅਕਤੂਬਰ ਨੂੰ ਸ਼ਾਮ 7 ਵਜੇ ਤੋਂ ਬਾਅਦ ਵਾਪਰੀ, ਜਦੋਂ ਹਾਈਵੇਅ 1 ਦੇ ਨੇੜੇ ਮੈਕਕਲਮ ਰੋਡ ‘ਤੇ ਉੱਤਰ ਵੱਲ ਜਾ ਰਹੀ ਇੱਕ ਬਿਨਾਂ ਨਿਸ਼ਾਨਾਂ ਵਾਲੀ ਪੁਲਿਸ ਕਾਰ ਨੂੰ ਇੱਕ ਪਿਕਅੱਪ ਟਰੱਕ ਨੇ ਲਗਭਗ ਸਾਈਡ ਤੋਂ ਟੱਕਰ ਮਾਰ ਹੀ ਦਿੱਤੀ ਸੀ। ਪੁਲਿਸ ਅਧਿਕਾਰੀ ਨੇ ਡਰਾਈਵਰ ਦੀ ਸ਼ੱਕੀ ਹਾਲਤ ਦੇਖ ਕੇ ਉਸ ਨੂੰ ਰੋਕਣ ਦਾ ਯਤਨ ਕੀਤਾ।
ਟਰੱਕ ਚਾਲਕ ਨੇ ਪਹਿਲਾਂ ਤਾਂ ਗੱਡੀ ਹੌਲੀ ਕਰਕੇ ਰੁਕਣ ਦਾ ਢੌਂਗ ਕੀਤਾ, ਪਰ ਅਚਾਨਕ ਐਕਸਲੇਟਰ ਦਬਾ ਕੇ ਗੱਡੀ ਭਜਾ ਲਈ। ਦੋਸ਼ੀ ਨੇ ਸੜਕ ਦੇ ਕੰਕਰੀਟ ਡਿਵਾਈਡਰ ਦੇ ਉੱਪਰੋਂ ਗੱਡੀ ਲੰਘਾਈ ਅਤੇ ਬੇਤਰਤੀਬੇ ਢੰਗ ਨਾਲ ਭਜਾਉਂਦਾ ਹੋਇਆ ਆਮ ਲੋਕਾਂ ਦੀ ਜਾਨ ਲਈ ਖ਼ਤਰਾ ਬਣ ਗਿਆ। ਪੁਲਿਸ ਟੀਮਾਂ ਨੇ ਗੱਡੀ ਦਾ ਪਿੱਛਾ ਕੀਤਾ। ਹਗਿੰਸ ਐਵੇਨਿਊ ਅਤੇ ਲੌਰਨੇਲ ਕ੍ਰੀਸੈਂਟ ਨੇੜੇ ਪਹੁੰਚ ਕੇ ਬੇਕਾਬੂ ਹੋਇਆ ਟਰੱਕ ਸੜਕ ਕਿਨਾਰੇ ਲੱਗੇ ਬਿਜਲੀ ਦੇ ਇੱਕ ਖੰਭੇ ਨਾਲ ਜ਼ੋਰਦਾਰ ਢੰਗ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਖੰਭੇ ‘ਤੇ ਲੱਗਿਆ ਟਰਾਂਸਫ਼ਾਰਮਰ ਟੁੱਟ ਕੇ ਸਿੱਧਾ ਟਰੱਕ ਦੇ ਬੋਨਟ ‘ਤੇ ਆ ਡਿੱਗਿਆ ਅਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਸੜਕ ‘ਤੇ ਖਿੱਲਰ ਗਈਆਂ। ਲਾਈਵ ਬਿਜਲੀ ਦੀਆਂ ਤਾਰਾਂ ਵਿੱਚੋਂ ਕਰੰਟ ਦੌੜ ਰਿਹਾ ਹੋਣ ਕਾਰਨ ਪੁਲਿਸ ਅਧਿਕਾਰੀ ਤੁਰੰਤ ਗੱਡੀ ਨੇੜੇ ਨਾ ਜਾ ਸਕੇ। ਬੀ.ਸੀ. ਹਾਈਡਰੋ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਦੋਂ ਇਲਾਕੇ ਦੀ ਬਿਜਲੀ ਸਪਲਾਈ ਬੰਦ ਕੀਤੀ, ਤਾਂ ਹੀ ਪੁਲਿਸ ਨੇ 49 ਸਾਲਾ ਦੋਸ਼ੀ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ। ਸਾਹ ਦੇ ਨਮੂਨੇ ਲੈਣ ‘ਤੇ ਪਤਾ ਲੱਗਾ ਕਿ ਡਰਾਈਵਰ ਨੇ ਕਾਨੂੰਨੀ ਤੌਰ ‘ਤੇ ਮਨਜ਼ੂਰ ਮਾਤਰਾ (80 mg%) ਨਾਲੋਂ ਲਗਭਗ ਦੁੱਗਣੀ ਮਾਤਰਾ ਵਿੱਚ ਸ਼ਰਾਬ ਪੀਤੀ ਹੋਈ ਸੀ। ਖ਼ੁਸ਼ਕਿਸਮਤੀ ਨਾਲ ਇਸ ਭਿਆਨਕ ਹਾਦਸੇ ਵਿੱਚ ਕੋਈ ਵੀ ਰਾਹਗੀਰ ਜ਼ਖ਼ਮੀ ਨਹੀਂ ਹੋਇਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਸ਼ਰਾਬ ਪੀ ਕੇ ਗੱਡੀ ਚਲਾਉਣ, ਖ਼ਤਰਨਾਕ ਡਰਾਈਵਿੰਗ ਕਰਨ, ਪੁਲਿਸ ਤੋਂ ਭੱਜਣ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਐਬਟਸਫੋਰਡ ਪੁਲਿਸ ਨੇ ਕਿਹਾ ਕਿ ਇਹ ਲਾਪਰਵਾਹੀ ਕਿਸੇ ਦੀ ਵੀ ਜਾਨ ਲੈ ਸਕਦੀ ਸੀ। ਪੁਲਿਸ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਸਾਲ 2026 ਦੌਰਾਨ ਹੁਣ ਤੱਕ ਐਬਟਸਫੋਰਡ ਦੀਆਂ ਸੜਕਾਂ ਤੋਂ 852 ਨਸ਼ੇੜੀ ਡਰਾਈਵਰਾਂ ਨੂੰ ਫੜ ਕੇ ਬਾਹਰ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਸਾਫ਼ ਕਿਹਾ ਕਿ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਜਾਰੀ ਰਹੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ