9.7 C
Vancouver
Friday, November 6, 2026

ਹਾਈਵੇਅ 5 ’ਤੇ ਭਿਆਨਕ ਆਹਮੋ-ਸਾਹਮਣੀ ਟੱਕਰ ਵਿੱਚ ਸਰੀ ਦੇ 24 ਸਾਲਾ ਨੌਜਵਾਨ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

ਗ਼ਲਤ ਦਿਸ਼ਾ ਵਿੱਚ ਗੱਡੀ ਚਲਾਉਣ ਕਾਰਨ ਵਾਪਰਿਆ ਹਾਦਸਾ
ਵੈਨਕੂਵਰ (ਏਕਜੋਤ ਸਿੰਘ): ਸ਼ਹਿਰ ਮੈਰਿਟ ਨੇੜੇ ਹਾਈਵੇਅ 5 (ਕੋਕੀਹਾਲਾ) ਉੱਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਸਰੀ ਨਾਲ ਸਬੰਧਤ 24 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਪੁਲਿਸ ਅਨੁਸਾਰ ਇਹ ਘਟਨਾ 17 ਅਕਤੂਬਰ 2026 ਨੂੰ ਸਵੇਰੇ ਲਗਭਗ 8:30 ਵਜੇ ਵਾਪਰੀ, ਜਦੋਂ ਇੱਕ ਵਾਹਨ ਉੱਤਰੀ ਦਿਸ਼ਾ ਵਾਲੀਆਂ ਲੇਨਾਂ ਵਿੱਚ ਗ਼ਲਤ ਪਾਸੇ ਦੱਖਣ ਵੱਲ ਜਾਂਦਾ ਦੇਖਿਆ ਗਿਆ। ਇਸ ਤੋਂ ਪਹਿਲਾਂ ਕਿ ਪੁਲਿਸ ਉਸ ਗੱਡੀ ਨੂੰ ਰੋਕ ਸਕਦੀ, ਹੈਲਮਰ ਐਗਜ਼ਿਟ ਦੇ ਬਿਲਕੁਲ ਦੱਖਣ ਵੱਲ ਦੋ ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ।
ਬੀਸੀ ਹਾਈਵੇਅ ਪੈਟਰੋਲ ਦੇ ਅਧਿਕਾਰੀ ਜਦੋਂ ਹਾਦਸੇ ਵਾਲੀ ਥਾਂ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਕਾਲੇ ਰੰਗ ਦੀ ਟੋਇਟਾ ਟੈਕੋਮਾ (Toyota Tacoma) ਅਤੇ ਚਿੱਟੇ ਰੰਗ ਦੀ ਟੋਇਟਾ ਰਾਵ 4 (Toyota Rav 4) ਨੂੰ ਬੇਹੱਦ ਖ਼ਰਾਬ ਹਾਲਤ ਵਿੱਚ ਦੇਖਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਚਿੱਟੀ ਟੋਇਟਾ ਰਾਵ 4 ਵਿੱਚ ਸਵਾਰ ਸਰੀ ਦੇ 24 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਗੱਡੀ ਵਿੱਚ ਸਵਾਰ 24 ਤੋਂ 38 ਸਾਲ ਦੀ ਉਮਰ ਦੇ ਤਿੰਨ ਹੋਰ ਨੌਜਵਾਨ, ਜੋ ਸਾਰੇ ਸਰੀ ਦੇ ਰਹਿਣ ਵਾਲੇ ਹਨ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਕਾਲੀ ਟੋਇਟਾ ਟੈਕੋਮਾ ਵਿੱਚ ਸਿਰਫ਼ ਇੱਕ 22 ਸਾਲਾ ਚਾਲਕ ਸਵਾਰ ਸੀ, ਜੋ ਕੋਲਡਵਾਟਰ ਦਾ ਰਹਿਣ ਵਾਲਾ ਹੈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਪੁਲਿਸ ਨੇ ਉਸ ਨੂੰ ਸ਼ਰਾਬ ਜਾਂ ਨਸ਼ਾ ਕਰਕੇ ਗੱਡੀ ਚਲਾਉਣ ਦੇ ਸ਼ੱਕ ਹੇਠ ਮੌਕੇ ’ਤੇ ਹੀ ਹਿਰਾਸਤ ਵਿੱਚ ਲੈ ਲਿਆ।
ਬੀਸੀ ਹਾਈਵੇਅ ਪੈਟਰੋਲ ਦੇ ਸਾਰਜੈਂਟ ਮਾਈਕਲ ਮੈਕਲੋਫਲਿਨ ਨੇ ਦੱਸਿਆ ਕਿ ਘਟਨਾ ਦੇ ਅਸਲ ਕਾਰਨਾਂ ਦੀ ਪੜਤਾਲ ਲਈ ਚਸ਼ਮਦੀਦਾਂ ਅਤੇ ਵੀਡੀਓ ਸਬੂਤਾਂ ਦੀ ਸਖ਼ਤ ਲੋੜ ਹੈ। ਗਵਾਹਾਂ ਅਨੁਸਾਰ ਕਾਲੀ ਟੈਕੋਮਾ ਲੈਕ ਲੇ ਜੂਨ ਨੇੜਿਓਂ ਹਾਈਵੇਅ ’ਤੇ ਚੜ੍ਹੀ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਟੱਕਰ ਤੋਂ ਪਹਿਲਾਂ ਇਸ ਗੱਡੀ ਦੀ ਹਰਕਤ ਦੇਖੀ ਹੋਵੇ ਜਾਂ ਕਿਸੇ ਦੇ ਡੈਸ਼-ਕੈਮਰੇ ਵਿੱਚ ਕੋਈ ਵੀਡੀਓ ਰਿਕਾਰਡ ਹੋਈ ਹੋਵੇ, ਤਾਂ ਉਹ ਕਾਮਲੂਪਸ ਹਾਈਵੇਅ ਪੈਟਰੋਲ ਨਾਲ ਫ਼ਾਈਲ ਨੰਬਰ (2100) 2026-2997 ਦੇ ਹਵਾਲੇ ਨਾਲ ਸੰਪਰਕ ਕਰਨ।

ਰੁਝਾਨ ਖਬਰਾਂ