9.7 C
Vancouver
Friday, November 6, 2026

ਸੈਂਟਰ ਬੀ.ਸੀ. ਪਾਰਟੀ ਵੱਲੋਂ ਏ.ਆਈ. ਨੀਤੀ ਜਾਰੀ: ਕਾਮਿਆਂ, ਬੱਚਿਆਂ ਅਤੇ ਪਰਿਵਾਰਾਂ ਦੀ ਸੁਰੱਖਿਆ ’ਤੇ ਜ਼ੋਰ

ਸਾਲ 2027 ਤੱਕ ਲਿਆਂਦਾ ਜਾਵੇਗਾ ‘ਟਰੱਸਟਵਰਦੀ ਗਵਰਨਮੈਂਟ ਏਆਈ ਐਕਟ’: ਸੈਂਟਰਬੀਸੀ ਦਾ ਐਲਾਨ
ਵੈਨਕੂਵਰ (ਏਕਜੋਤ ਸਿੰਘ): ਸੈਂਟਰਬੀਸੀ (CentreBC) ਦੀ ਆਗੂ ਐਲਨੋਰ ਸਟਰਕੋ ਨੇ ਬ੍ਰਿਟਿਸ਼ ਕੋਲੰਬੀਆ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਪਸਾਰ ਲਈ ਤਿਆਰ ਕਰਨ ਹਿੱਤ ਆਪਣੀ ਪਾਰਟੀ ਦੀ ਵਿਆਪਕ ਨੀਤੀ ਜਨਤਕ ਕਰ ਦਿੱਤੀ ਹੈ। ਸਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟਰਕੋ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਡੇ ਕੰਮ ਕਰਨ, ਸਿੱਖਣ ਅਤੇ ਜੀਵਨ ਜਿਊਣ ਦੇ ਢੰਗ ਨੂੰ ਤੇਜ਼ੀ ਨਾਲ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਇੱਕ ਅਜਿਹੀ ਸਰਕਾਰ ਦੇ ਹੱਕਦਾਰ ਹਨ ਜੋ ਇਸ ਤਬਦੀਲੀ ਦੇ ਮੱਦੇਨਜ਼ਰ ਲੋਕਾਂ ਦੀ ਨਿੱਜਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਏ ਅਤੇ ਨਵੀਂ ਤਕਨਾਲੋਜੀ ਦੇ ਲਾਭ ਸਾਰਿਆਂ ਤੱਕ ਪਹੁੰਚਾਏ।
ਇਸ ਯੋਜਨਾ ਤਹਿਤ ਕਾਮਿਆਂ ਦੀ ਭਲਾਈ ਲਈ ਸੈਂਟਰਬੀਸੀ ਵੱਲੋਂ ‘ਸਟ੍ਰਾਂਗਰਬੀਸੀ ਫਿਊਚਰ ਸਕਿੱਲਜ਼ ਗਰਾਂਟ’ ਤੋਂ ਇਲਾਵਾ ਹਰ ਸਾਲ 2500 ਯੋਗ ਕਾਮਿਆਂ ਨੂੰ 2000 ਡਾਲਰ ਤੱਕ ਦੀ ਵਾਧੂ ਸਿਖਲਾਈ ਸਹਾਇਤਾ ਦਿੱਤੀ ਜਾਵੇਗੀ। ਏਆਈ ਕਾਰਨ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਦੇ ਮੁਲਾਜ਼ਮਾਂ ਨੂੰ ਮੁੜ ਸਿਖਲਾਈ ਦੇਣ ਲਈ ਮਾਲਕਾਂ, ਯੂਨੀਅਨਾਂ ਅਤੇ ਕਾਲਜਾਂ ਨਾਲ ਨਵੀਂ ਭਾਈਵਾਲੀ ਕਾਇਮ ਕੀਤੀ ਜਾਵੇਗੀ। ਸਰਕਾਰੀ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਬਸੰਤ 2027 ਤੱਕ ‘ਟਰੱਸਟਵਰਦੀ ਗਵਰਨਮੈਂਟ ਏਆਈ ਐਕਟ’ ਲਾਗੂ ਕੀਤਾ ਜਾਵੇਗਾ, ਜਿਸ ਤਹਿਤ ਕਿਸੇ ਵੀ ਅਹਿਮ ਸਰਕਾਰੀ ਫ਼ੈਸਲੇ ਵਿੱਚ ਮਨੁੱਖੀ ਨਿਗਰਾਨੀ ਲਾਜ਼ਮੀ ਹੋਵੇਗੀ। ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਸਤੰਬਰ 2027 ਤੱਕ ਸਕੂਲਾਂ ਲਈ ਸੂਬਾਈ ਏਆਈ ਮਾਪਦੰਡ ਤੈਅ ਕੀਤੇ ਜਾਣਗੇ ਅਤੇ ਸਾਲ 2028 ਤੱਕ ਹਰ ਅਧਿਆਪਕ ਨੂੰ ਇੱਕ ਪੇਡ ਡਿਵੈਲਪਮੈਂਟ ਦਿਨ ਮੁਹੱਈਆ ਹੋਵੇਗਾ। ਬੱਚਿਆਂ ਦੀ ਸੁਰੱਖਿਆ ਨੂੰ ਤਰਜੀਹ ਦਿੰਦਿਆਂ 2027 ਤੱਕ ਸੋਸ਼ਲ ਮੀਡੀਆ ਮੰਚਾਂ ਅਤੇ ਏਆਈ ਚੈਟਬੌਟਸ ਲਈ ਉਮਰ ਹੱਦ ਅਤੇ ਸੁਰੱਖਿਆ ਜ਼ਿੰਮੇਵਾਰੀਆਂ ਤੈਅ ਕਰਨ ਵਾਲਾ ਕਾਨੂੰਨ ਬਣਾਇਆ ਜਾਵੇਗਾ, ਜੋ ਫੈਡਰਲ ਨਿਯਮਾਂ ਦੀ ਅਣਹੋਂਦ ਵਿੱਚ ਸੂਬੇ ਅੰਦਰ ਲਾਗੂ ਹੋਵੇਗਾ। ਵਾਤਾਵਰਣ ਅਤੇ ਊਰਜਾ ਦੀ ਸੁਰੱਖਿਆ ਲਈ ਸਾਲ 2027 ਤੋਂ ਨਵੀਂ ਬਿਜਲੀ ਲੈਣ ਵਾਲੇ ਡਾਟਾ ਸੈਂਟਰਾਂ ਨੂੰ ਆਪਣਾ ਪੂਰਾ ਬਿਜਲੀ ਖ਼ਰਚਾ ਖ਼ੁਦ ਚੁੱਕਣਾ ਪਵੇਗਾ। 10 ਮੈਗਾਵਾਟ ਤੋਂ ਵੱਧ ਬਿਜਲੀ ਖਪਤ ਵਾਲੇ ਸੈਂਟਰਾਂ ਲਈ ਵਾਧੂ ਗਰਮੀ (ਵੇਸਟ ਹੀਟ) ਦੀ ਮੁੜ ਵਰਤੋਂ ਦੀ ਯੋਜਨਾ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਡਾਟਾ ਪ੍ਰਭੂਸੱਤਾ ਦੀ ਰਾਖੀ ਲਈ 100 ਮੈਗਾਵਾਟ ਤੱਕ ਬਿਜਲੀ ਵਿਸ਼ੇਸ਼ ਤੌਰ ’ਤੇ ਉਨ੍ਹਾਂ ਕੈਨੇਡੀਅਨ ਅਪਰੇਟਰਾਂ ਲਈ ਰਾਖਵੀਂ ਰੱਖੀ ਜਾਵੇਗੀ ਜੋ ਆਪਣਾ ਡਾਟਾ ਕੈਨੇਡਾ ਵਿੱਚ ਹੀ ਰੱਖਣਗੇ।

ਰੁਝਾਨ ਖਬਰਾਂ