1000 ਡਾਲਰ ਤੋਂ ਵੱਧ ਵਾਲੀਆਂ ਟਿਕਟਾਂ ਵਾਲੇ ਪ੍ਰੋਗਰਾਮਾਂ ‘ਤੇ ਸਵਾਲ, ਹਾਊਸਿੰਗ ਸੁਧਾਰ ਰੱਦ ਕਰਨ ਦੀ ਚਰਚਾ
ਵੈਨਕੂਵਰ (ਏਕਜੋਤ ਸਿੰਘ): ਬੀਸੀ ਐੱਨਡੀਪੀ ਆਗੂ ਡੇਵਿਡ ਈਬੀ ਨੇ ਆਪਣੀ ਨਿਯਮਿਤ ਮੀਡੀਆ ਕਾਨਫਰੰਸ ਦੌਰਾਨ ਕੰਜ਼ਰਵੇਟਿਵ ਆਗੂ ਲੌਰਨ ਡੋਰਕਸਨ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਆਮ ਜਨਤਾ ਅਤੇ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਬਜਾਏ ਨਿੱਜੀ ਕਮਰਿਆਂ ਵਿੱਚ ਅਮੀਰ ਦਾਨੀਆਂ ਨਾਲ ਗੁਪਤ ਮੀਟਿੰਗਾਂ ਕਰ ਰਹੇ ਹਨ। ਈਬੀ ਨੇ ਨੋਟ ਕੀਤਾ ਕਿ ਇਸ ਚੋਣ ਮੁਹਿੰਮ ਦੌਰਾਨ ਇਹ ਲਗਾਤਾਰ ਦੂਜਾ ਦਿਨ ਅਤੇ ਕੁਲ 15ਵਾਂ ਮੌਕਾ ਹੈ ਜਦੋਂ ਡੋਰਕਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ।
ਈਬੀ ਨੇ ਖ਼ੁਲਾਸਾ ਕੀਤਾ ਕਿ ਕੰਜ਼ਰਵੇਟਿਵ ਮੁਖੀ ਚੋਣ ਪ੍ਰਚਾਰ ਵਿੱਚੋਂ ਗ਼ਾਇਬ ਹਨ ਪਰ ਉਹ ਵਿਹਲੇ ਨਹੀਂ ਬੈਠੇ, ਸਗੋਂ ਉਹ ਇੱਕੋ ਦਿਨ ਵਿੱਚ 1,000 ਡਾਲਰ ਤੋਂ ਵੱਧ ਦੀਆਂ ਟਿਕਟਾਂ ਵਾਲੇ ਦੋ ਨਿੱਜੀ ਫੰਡਰੇਜ਼ਿੰਗ ਪ੍ਰੋਗਰਾਮ ਕਰ ਰਹੇ ਹਨ। ਈਬੀ ਨੇ ਕਿਹਾ ਕਿ ਲੋਕਤੰਤਰ ਵਿੱਚ ਚੋਣ ਫੰਡ ਇਕੱਠਾ ਕਰਨਾ ਇੱਕ ਪ੍ਰਕਿਰਿਆ ਹੈ, ਪਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਕੋਈ ਆਗੂ ਮੀਡੀਆ ਦੇ ਸਵਾਲਾਂ ਤੋਂ ਭੱਜੇ, ਬਹਿਸਾਂ ਵਿੱਚ ਹਿੱਸਾ ਨਾ ਲਵੇ ਅਤੇ ਬੰਦ ਕਮਰਿਆਂ ਵਿੱਚ ਜਾ ਕੇ ਅਜਿਹੇ ਵਾਅਦੇ ਕਰੇ ਜੋ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਵੀ ਸ਼ਾਮਲ ਨਹੀਂ ਹਨ।
ਈਬੀ ਨੇ ਦੋਸ਼ ਲਾਇਆ ਕਿ ਇਨ੍ਹਾਂ ਨਿੱਜੀ ਸਮਾਗਮਾਂ ਵਿੱਚ ਡੋਰਕਸਨ ਵੱਲੋਂ ਛੋਟੇ ਮਲਟੀ-ਯੂਨਿਟ ਘਰਾਂ (ਸਮਾਲ-ਸਕੇਲ ਹਾਊਸਿੰਗ) ਸਬੰਧੀ ਸਰਕਾਰੀ ਸੁਧਾਰਾਂ ਨੂੰ ਰੱਦ ਕਰਨ ਦੇ ਵਾਅਦੇ ਕੀਤੇ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਹ ਵਾਅਦੇ ਕੰਜ਼ਰਵੇਟਿਵ ਪਾਰਟੀ ਦੀ ਅਧਿਕਾਰਤ ਵੈੱਬਸਾਈਟ ‘ਤੇ ਕਿਉਂ ਨਹੀਂ ਹਨ ਅਤੇ ਕੈਮਰੇ ਸਾਹਮਣੇ ਸੂਬੇ ਦੇ ਲੋਕਾਂ ਨੂੰ ਕਿਉਂ ਨਹੀਂ ਦੱਸੇ ਜਾ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਨੂੰ ਰੋਕਣ ਨਾਲ ਸੂਬੇ ਵਿੱਚ ਘਰਾਂ ਦੀਆਂ ਕੀਮਤਾਂ ਹੋਰ ਵਧ ਜਾਣਗੀਆਂ।
ਈਬੀ ਨੇ ਅੱਗੇ ਕਿਹਾ ਕਿ ਇਹ ਮਾਮਲਾ ਨਿੱਜੀ ਸੱਟਾਂ ਵਾਲੇ ਵਕੀਲਾਂ ਨਾਲ ਕੀਤੇ ਗਏ ਉਸ ਗੁਪਤ ਵਾਅਦੇ ਵਰਗਾ ਹੀ ਹੈ ਜਿਸ ਨਾਲ ਆਈਸੀਬੀਸੀ ਕਾਰ ਬੀਮੇ ਦੀਆਂ ਦਰਾਂ ਦੁੱਗਣੀਆਂ ਹੋਣ ਦਾ ਖ਼ਤਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕ ਅਜਿਹੇ ਪਿਛਲੇ ਦਰਵਾਜ਼ੇ ਵਾਲੇ ਸਮਝੌਤਿਆਂ ਦਾ ਬੋਝ ਨਹੀਂ ਝੱਲ ਸਕਦੇ ਜੋ ਆਉਣ ਵਾਲੇ ਸਮੇਂ ਵਿੱਚ ਘਰਾਂ, ਕਾਰ ਬੀਮੇ ਅਤੇ ਹੋਰ ਰੋਜ਼ਾਨਾ ਖ਼ਰਚਿਆਂ ਨੂੰ ਬਹੁਤ ਮਹਿੰਗਾ ਕਰ ਦੇਣਗੇ। This report was written by Ekjot Singh as part of the Local Journalism Initiative.
ਲੌਰਨ ਡੋਰਕਸਨ ਮੀਡੀਆ ਤੋਂ ਭੱਜ ਕੇ ਨਿੱਜੀ ਫੰਡਰੇਜ਼ਰਾਂ ਵਿੱਚ ਕਰ ਰਹੇ ਹਨ ਵਾਅਦੇ, ਡੇਵਿਡ ਈਬੀ ਦਾ ਇਲਜ਼ਾਮ

