ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਦੇ ਤੇਲ ਭਰਪੂਰ ਸੂਬੇ ਐਲਬਰਟਾ ਵਿੱਚ ਹੋਏ ਇਤਿਹਾਸਕ ਰੈਫਰੈਂਡਮ ਦੌਰਾਨ ਸੂਬਾ ਵਾਸੀਆਂ ਨੇ ਕੈਨੇਡਾ ਤੋਂ ਵੱਖ ਹੋਣ ਦੇ ਪ੍ਰਸਤਾਵ ਨੂੰ ਭਾਰੀ ਬਹੁਮਤ ਨਾਲ ਰੱਦ ਕਰ ਦਿੱਤਾ ਹੈ। ਚੋਣ ਨਤੀਜਿਆਂ ਅਨੁਸਾਰ ਲਗਭਗ 76 ਫ਼ੀਸਦੀ ਵੋਟਰਾਂ ਨੇ ਕੈਨੇਡੀਅਨ ਫੈਡਰੇਸ਼ਨ ਦੇ ਨਾਲ ਹੀ ਬਣੇ ਰਹਿਣ ਦੇ ਪੱਖ ਵਿੱਚ ਵੋਟ ਪਾਈ, ਜਦਕਿ ਸਿਰਫ਼ 24 ਫ਼ੀਸਦੀ ਲੋਕਾਂ ਨੇ ਵੱਖਵਾਦ ਦੀ ਪ੍ਰਕਿਰਿਆ ਅੱਗੇ ਤੋਰਨ ਦਾ ਸਮਰਥਨ ਕੀਤਾ। ਵੋਟਰਾਂ ਵੱਲੋਂ ਆਏ ਇਸ ਸਪੱਸ਼ਟ ਫੈਸਲੇ ਨੇ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੀ ਆਜ਼ਾਦੀ ਜਾਂ ਵੱਖ ਹੋਣ ਦੀ ਬਹਿਸ ਨੂੰ ਪੱਕੇ ਤੌਰ ‘ਤੇ ਠੱਲ੍ਹ ਪਾ ਦਿੱਤੀ ਹੈ। ਐਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨੇ ਨਤੀਜਿਆਂ ਦਾ ਖਿੜੇ ਮੱਥੇ ਸਵਾਗਤ ਕਰਦਿਆਂ ਇਸ ਨੂੰ ਕੈਨੇਡੀਅਨ ਏਕਤਾ ਦੀ ਜਿੱਤ ਕਰਾਰ ਦਿੱਤਾ ਹੈ। ਸਮਿਥ ਨੇ ਐਲਾਨ ਕੀਤਾ ਕਿ ਐਲਬਰਟਾ ਦੇ ਲੋਕਾਂ ਨੇ ਜਮਹੂਰੀ ਤਰੀਕੇ ਨਾਲ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਤੇ ਜਦੋਂ ਤੱਕ ਉਹ ਸੂਬੇ ਦੇ ਪ੍ਰੀਮੀਅਰ ਹਨ, ਵੱਖਵਾਦ ਇੱਕ ਖ਼ਤਮ ਹੋ ਚੁੱਕਾ ਮੁੱਦਾ (ਡੇੱਡ ਇਸ਼ੂ) ਰਹੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਇਸ ਜਨਾਦੇਸ਼ ਦਾ ਪੂਰਾ ਸਤਿਕਾਰ ਕਰੇਗੀ ਅਤੇ ਭਵਿੱਖ ਵਿੱਚ ਇਸ ਵਿਸ਼ੇ ‘ਤੇ ਕੋਈ ਹੋਰ ਰੈਫਰੈਂਡਮ ਨਹੀਂ ਕਰਵਾਇਆ ਜਾਵੇਗਾ। ਪ੍ਰੀਮੀਅਰ ਨੇ ਕਿਹਾ ਕਿ ਹੁਣ ਸਮਾਂ ਆਪਸੀ ਮਤਭੇਦ ਭੁਲਾ ਕੇ ਇੱਕਜੁੱਟ ਹੋ ਕੇ ਅੱਗੇ ਵਧਣ ਦਾ ਹੈ।ਹਾਲਾਂਕਿ ਵੱਖ ਹੋਣ ਦਾ ਪ੍ਰਸਤਾਵ ਰੱਦ ਹੋ ਗਿਆ ਹੈ, ਪਰ ਰੈਫਰੈਂਡਮ ਵਿੱਚ ਸ਼ਾਮਲ ਹੋਰਨਾਂ ਪ੍ਰਸ਼ਨਾਂ ਰਾਹੀਂ ਵੋਟਰਾਂ ਨੇ ਓਟਵਾ ਦੀ ਫੈਡਰਲ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜ਼ਰੂਰ ਜ਼ਾਹਰ ਕੀਤੀ ਹੈ। ਐਲਬਰਟਾ ਦੇ ਲਗਭਗ 53 ਫ਼ੀਸਦੀ ਨਾਗਰਿਕਾਂ ਨੇ ਇਮੀਗ੍ਰੇਸ਼ਨ ਨੀਤੀਆਂ ਅਤੇ ਆਰਥਿਕ ਫੈਸਲਿਆਂ ‘ਤੇ ਸੂਬੇ ਦਾ ਕੰਟਰੋਲ ਵਧਾਉਣ ਦੇ ਹੱਕ ਵਿੱਚ ਵੋਟ ਦਿੱਤੀ ਹੈ ਤਾਂ ਜੋ ਕਿਊਬੈਕ ਵਾਂਗ ਐਲਬਰਟਾ ਨੂੰ ਵੀ ਸੰਵਿਧਾਨਕ ਦਾਇਰੇ ਅੰਦਰ ਵੱਧ ਅਧਿਕਾਰ ਮਿਲ ਸਕਣ। ਸਮਿਥ ਨੇ ਕਿਹਾ ਕਿ ਫੈਡਰਲ ਨੀਤੀਆਂ ਕਾਰਨ ਐਲਬਰਟਾ ਦੇ ਊਰਜਾ ਉਦਯੋਗ ਨਾਲ ਹੋ ਰਹੇ ਵਿਤਕਰੇ ਖ਼ਿਲਾਫ਼ ਲੜਾਈ ਕੈਨੇਡਾ ਦੇ ਸੰਵਿਧਾਨ ਦੇ ਅੰਦਰ ਰਹਿ ਕੇ ਹੀ ਲੜੀ ਜਾਵੇਗੀ।ਦੂਜੇ ਪਾਸੇ ਰੈਫਰੈਂਡਮ ਦੀ ਹਾਰ ਤੋਂ ਬਾਅਦ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (UCP) ਦੇ ਅੰਦਰਲੇ ਕੱਟੜ ਵੱਖਵਾਦੀ ਧੜੇ ਵੱਲੋਂ ਪ੍ਰੀਮੀਅਰ ਡੇਨੀਅਲ ਸਮਿਥ ਵਿਰੁੱਧ ਬਗ਼ਾਵਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਵਿਰੋਧੀ ਧਿਰ ਐੱਨਡੀਪੀ ਦੇ ਆਗੂ ਨਹੀਦ ਨੇਨਸ਼ੀ ਨੇ ਕਿਹਾ ਕਿ ਇਸ ਰੈਫਰੈਂਡਮ ਨੇ ਸੂਬੇ ਦੇ ਕਰੋੜਾਂ ਡਾਲਰ ਬਰਬਾਦ ਕੀਤੇ ਹਨ ਅਤੇ ਸਰਕਾਰ ਨੂੰ ਹੁਣ ਲੋਕਾਂ ਦੀਆਂ ਅਸਲ ਲੋੜਾਂ ਜਿਵੇਂ ਸਿਹਤ ਸੰਭਾਲ, ਸਿੱਖਿਆ ਅਤੇ ਮਹਿੰਗਾਈ ਵੱਲ ਧਿਆਨ ਦੇਣਾ ਚਾਹੀਦਾ ਹੈ।

