ਸੁਖਮੰਦਰ ਪੁੰਨੀ, ਸੰਪਰਕ: 98157-88001
ਸ਼ਹਿਰੋਂ ਥੋੜ੍ਹੀ ਦੂਰ ਹਰ ਸਾਲ ਲੱਗਣ ਵਾਲੇ ਮੇਲੇ ਦੀ ਅੱਜ ਵੱਖਰੀ ਹੀ ਰੌਣਕ ਸੀ। ਸਵੇਰ ਤੋਂ ਹੀ ਦੂਰੋਂ-ਦੂਰੋਂ ਲੋਕ ਟੋਲੀਆਂ ਬਣਾ ਕੇ ਮੇਲੇ ਵੱਲ ਆ ਰਹੇ ਸਨ। ਕਿਸੇ ਦੇ ਹੱਥ ਵਿੱਚ ਪ੍ਰਸ਼ਾਦ ਵਾਲੀ ਥਾਲ਼ੀ ਸੀ, ਕਿਸੇ ਦੇ ਸਿਰ ’ਤੇ ਚੁੰਨੀ ਅਤੇ ਕਿਸੇ ਦੇ ਨਾਲ ਨਿੱਕੇ-ਨਿੱਕੇ ਬੱਚੇ। ਚਿਹਰਿਆਂ ’ਤੇ ਸ਼ਰਧਾ ਸੀ ਤੇ ਅੱਖਾਂ ਵਿੱਚ ਮੇਲਾ ਵੇਖਣ ਦੀ ਖ਼ੁਸ਼ੀ। ਸੜਕ ਦੇ ਦੋਵੇਂ ਪਾਸੇ ਖਾਣ-ਪੀਣ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਕਿਤੇ ਪਕੌੜਿਆਂ ਦੀ ਮਹਿਕ ਖਿੱਲਰੀ ਹੋਈ ਸੀ ਤਾਂ ਕਿਤੇ ਗਰਮ-ਗਰਮ ਜਲੇਬੀਆਂ ਤਲੀਆਂ ਜਾ ਰਹੀਆਂ ਸਨ। ਖਿਡੌਣਿਆਂ, ਗ਼ੁਬਾਰਿਆਂ ਅਤੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਬੱਚਿਆਂ ਦੀ ਭੀੜ ਲੱਗੀ ਹੋਈ ਸੀ। ਕਿਤੇ ਢੋਲ ਵੱਜ ਰਹੇ ਸਨ, ਕਿਤੇ ਰੂਹ ਨੂੰ ਟੁੰਬਦੇ ਧਾਰਮਿਕ ਗੀਤ ਚੱਲ ਰਹੇ ਸਨ ਅਤੇ ਕਿਤੇ ਸੰਗਤ ਜੈਕਾਰੇ ਛੱਡ ਰਹੀ ਸੀ। ਚਾਰੇ ਪਾਸੇ ਇੱਕ ਵੱਖਰੀ ਰੌਣਕ ਸੀ।
ਇਸ ਦੇ ਨਾਲ ਹੀ ਗਰਮੀ ਵੀ ਆਪਣਾ ਪੂਰਾ ਜ਼ੋਰ ਦਿਖਾ ਰਹੀ ਸੀ। ਹਰ ਕਿਸੇ ਨੂੰ ਕਾਹਲ ਸੀ ਕਿ ਛੇਤੀ ਤੋਂ ਛੇਤੀ ਮੱਥਾ ਟੇਕ ਕੇ ਘਰ ਪਰਤਿਆ ਜਾਵੇ, ਪਰ ਸੰਗਤ ਇੰਨੀ ਜ਼ਿਆਦਾ ਸੀ ਕਿ ਰਸਤੇ ਪੂਰੀ ਤਰ੍ਹਾਂ ਭਰ ਚੁੱਕੇ ਸਨ। ਕੋਈ ਪੈਦਲ ਜਾ ਰਹਾ ਸੀ, ਕੋਈ ਮੋਟਰਸਾਈਕਲ ’ਤੇ ਅਤੇ ਕੋਈ ਕਾਰ ਵਿੱਚ। ਸਾਰੇ ਬਾਬੇ ਦੇ ਦਰ ’ਤੇ ਮੱਥਾ ਟੇਕਣ ਦੀ ਉਡੀਕ ਵਿੱਚ ਸਨ। ਟਰੈਫਿਕ ਦਾ ਬੁਰਾ ਹਾਲ ਸੀ। ਟਰੈਫਿਕ ਕਰਮਚਾਰੀ ਆਪਣੀ ਡਿਊਟੀ ਨਿਭਾਉਂਦੇ ਹੋਏ ਵਾਹਨਾਂ ਨੂੰ ਅੱਗੇ-ਪਿੱਛੇ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਭੀੜ ਸਾਹਮਣੇ ਉਨ੍ਹਾਂ ਦੀ ਵੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਇੰਨੇ ਨੂੰ ਪਿੱਛੇ ਤੋਂ ਐਂਬੂਲੈਂਸ ਦਾ ਹੂਟਰ ਸੁਣਾਈ ਦਿੱਤਾ। ਪਹਿਲਾਂ ਕਿਸੇ ਨੇ ਧਿਆਨ ਨਾ ਦਿੱਤਾ। ਫਿਰ ਹੂਟਰ ਲਗਾਤਾਰ ਵੱਜਣ ਲੱਗਾ। ਸ਼ਾਇਦ ਅੰਦਰ ਕੋਈ ਗੰਭੀਰ ਮਰੀਜ਼ ਸੀ। ਐਂਬੂਲੈਂਸ ਹੌਲੀ-ਹੌਲੀ ਭੀੜ ਵਿੱਚੋਂ ਰਾਹ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਲੋਕਾਂ ਦੀ ਕਾਹਲ ਆਪਣੀ ਜਗ੍ਹਾ ਸੀ।
ਕੁਝ ਸਮਾਂ ਉਡੀਕ ਕਰਨ ਮਗਰੋਂ ਜਦੋਂ ਕਿਸੇ ਨੇ ਐਂਬੂਲੈਂਸ ਵੱਲ ਧਿਆਨ ਨਾ ਦਿੱਤਾ ਤਾਂ ਉਸ ਵਿੱਚੋਂ ਇੱਕ ਨੌਜਵਾਨ ਬਾਹਰ ਨਿਕਲਿਆ। ਉਹ ਹੱਥ ਜੋੜ ਕੇ ਲੋਕਾਂ ਦੇ ਤਰਲੇ ਕਰਨ ਲੱਗਾ, “ਭਾਈ ਸਾਹਿਬ, ਥੋੜ੍ਹਾ ਜਿਹਾ ਰਾਹ ਦੇ ਦਿਓ। ਮੇਰੇ ਬਾਪੂ ਜੀ ਬਹੁਤ ਸੀਰੀਅਸ ਨੇ। ਕਿਰਪਾ ਕਰਕੇ ਐਂਬੂਲੈਂਸ ਨੂੰ ਲੰਘਣ ਜੋਗਾ ਰਾਹ ਦੇ ਦਿਓ।” ਉਸ ਨੇ ਇੱਕ ਵਿਅਕਤੀ ਅੱਗੇ ਹੱਥ ਜੋੜੇ। ਉਸ ਵਿਅਕਤੀ ਨੇ ਅੱਗੋਂ ਕਿਹਾ, “ਭਾਈ, ਮੈਂ ਵੀ ਬਹੁਤ ਦੂਰੋਂ ਆਇਆ ਹਾਂ ਬਾਬੇ ਦੇ ਮੱਥਾ ਟੇਕਣ ਲਈ। ਮੈਨੂੰ ਵੀ ਕਾਹਲ ਹੈ। ਪਹਿਲਾਂ ਮੱਥਾ ਟੇਕ ਲੈਣ ਦਿਓ, ਫਿਰ ਹੀ ਘਰ ਜਾਣਾ ਹੈ।” ਨੌਜਵਾਨ ਨੇ ਕੋਈ ਜਵਾਬ ਨਾ ਦਿੱਤਾ। ਉਹ ਅੱਗੇ ਵਧਿਆ ਅਤੇ ਇੱਕ ਹੋਰ ਕਾਰ ਚਾਲਕ ਦੇ ਕੋਲ ਜਾ ਕੇ ਹੱਥ ਜੋੜਦਿਆਂ ਬੋਲਿਆ, “ਭਾਈ ਸਾਹਿਬ, ਥੋੜ੍ਹੀ ਜਿਹੀ ਗੱਡੀ ਸਾਈਡ ’ਤੇ ਕਰ ਲਓ। ਐਂਬੂਲੈਂਸ ਨੂੰ ਲੰਘਣ ਲਈ ਜਗ੍ਹਾ ਮਿਲ ਜਾਵੇਗੀ।” ਕਾਰ ਚਾਲਕ ਨੇ ਕਿਹਾ, “ਮੈਂ ਗੱਡੀ ਸਾਈਡ ’ਤੇ ਕਰ ਲੈਂਦਾ ਹਾਂ, ਪਰ ਅੱਗੇ ਵਾਲੇ ਵੀ ਤਾਂ ਰਾਹ ਦੇਣ। ਇਕੱਲੀ ਮੇਰੀ ਗੱਡੀ ਹਟਾਉਣ ਨਾਲ ਕੀ ਬਣਨਾ ਹੈ? ਨਾਲੇ ਅਸੀਂ ਵੀ ਤਾਂ ਮੱਥਾ ਟੇਕ ਕੇ ਹੀ ਘਰ ਪਰਤਣਾ ਹੈ।” ਨੌਜਵਾਨ ਨਿਰਾਸ਼ ਹੋ ਕੇ ਫਿਰ ਅੱਗੇ ਵਧ ਗਿਆ। ਉਸ ਨੇ ਕਿੰਨੇ ਹੀ ਲੋਕਾਂ ਅੱਗੇ ਹੱਥ ਜੋੜੇ, ਰਾਹ ਦੇਣ ਦੀ ਪੁਕਾਰ ਕੀਤੀ ਪਰ ਹਰ ਪਾਸਿਓਂ ਲਗਪਗ ਇੱਕੋ ਜਿਹਾ ਹੀ ਜਵਾਬ ਮਿਲ ਰਿਹਾ ਸੀ “ਬੱਸ ਮੱਥਾ ਟੇਕ ਲੈਣ ਦਿਓ…”, “ਅਸੀਂ ਵੀ ਬਹੁਤ ਦੂਰੋਂ ਆਏ ਹਾਂ…”, “ਅਸੀਂ ਵੀ ਘਰ ਵਾਪਸ ਜਾਣਾ ਹੈ…”। ਨੌਜਵਾਨ ਦੀਆਂ ਅੱਖਾਂ ਵਿੱਚ ਹੰਝੂ ਅਤੇ ਬੇਵਸੀ ਉੱਤਰ ਆਈ। ਉਹ ਕੁਝ ਪਲ ਖੜ੍ਹਾ ਐਂਬੂਲੈਂਸ ਵੱਲ ਤੱਕਦਾ ਰਿਹਾ। ਅੰਦਰ ਉਸ ਦਾ ਬਾਪੂ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਸੀ ਅਤੇ ਬਾਹਰ ਲੋਕ ਆਪਣੇ ਇਸ਼ਟ ਦੇ ਦਰ ’ਤੇ ਮੱਥਾ ਟੇਕਣ ਲਈ ਬੇਚੈਨ ਬੈਠੇ ਸਨ। ਉਸ ਨੌਜਵਾਨ ਦੀ ਸਿਰਫ਼ ਇਹੀ ਕੋਸ਼ਿਸ਼ ਸੀ ਕਿ ਇੱਕ ਵਾਰੀ ਐਂਬੂਲੈਂਸ ਦੇ ਨਿਕਲਣ ਜੋਗਾ ਰਾਹ ਬਣ ਜਾਵੇ ਤਾਂ ਜੋ ਉਸ ਦੇ ਬਾਪੂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ, ਪਰ ਭੀੜ ਵਿੱਚ ਅਜੇ ਵੀ ਮੱਥਾ ਟੇਕਣ ਦੀ ਕਾਹਲ ਸੀ।
ਰਾਹ ਖੁੱਲ੍ਹਣ ਦੀ ਉਡੀਕ

