ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ 2026 ਦੇ ਅੰਤਿਮ ਦੌਰ ਵਿੱਚ ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵਿਚਾਲੇ ਚੋਣ ਵਾਅਦਿਆਂ, ਆਰਥਿਕ ਘਾਟੇ ਅਤੇ ਵਧਦੇ ਕਰਜ਼ੇ ਨੂੰ ਲੈ ਕੇ ਤਿੱਖੀ ਬਹਿਸ ਛਿੜ ਗਈ ਹੈ। ਸੂਬੇ ਸਿਰ ਟੈਕਸਦਾਤਾਵਾਂ ਦੁਆਰਾ ਸਹਾਰਿਆ ਕਰਜ਼ਾ ਸਾਲ 2022-23 ਵਿੱਚ 59.8 ਬਿਲੀਅਨ ਡਾਲਰ ਸੀ, ਜੋ ਪਿਛਲੇ ਸਾਲ ਵਧ ਕੇ 117.4 ਬਿਲੀਅਨ ਡਾਲਰ ਹੋ ਗਿਆ ਅਤੇ 2028-29 ਤੱਕ ਇਸ ਦੇ ਹੋਰ ਵਧਣ ਦਾ ਅਨੁਮਾਨ ਹੈ। ਕੰਜ਼ਰਵੇਟਿਵ ਆਗੂ ਲੌਰਨ ਡੋਰਕਸਨ ਮੌਜੂਦਾ ਬਜਟ ਘਾਟੇ ਨੂੰ 14 ਬਿਲੀਅਨ ਡਾਲਰ ਦੱਸ ਰਹੇ ਹਨ, ਜਦਕਿ ਐੱਨਡੀਪੀ ਦਾ ਦਾਅਵਾ ਹੈ ਕਿ ਉਸ ਦੀ ਯੋਜਨਾ ਨਾਲ ਦੋ ਸਾਲਾਂ ਵਿੱਚ ਇਹ ਘਟ ਕੇ ਲਗਭਗ 12 ਬਿਲੀਅਨ ਡਾਲਰ ‘ਤੇ ਆ ਜਾਵੇਗਾ।
ਪਾਰਟੀਆਂ ਦੇ ਮੁੱਖ ਪਲੇਟਫਾਰਮਾਂ ‘ਤੇ ਨਜ਼ਰ ਮਾਰੀਏ ਤਾਂ ਡੇਵਿਡ ਈਬੀ ਦੀ ਅਗਵਾਈ ਵਾਲੀ ਬੀਸੀ ਐੱਨਡੀਪੀ ਨੇ 190,000 ਡਾਲਰ ਤੋਂ ਵੱਧ ਕਮਾਉਣ ਵਾਲੇ ਅਮੀਰ ਵਰਗ ‘ਤੇ ਟੈਕਸ ਵਧਾਉਣ, ਸਿਹਤ ਸੇਵਾਵਾਂ ਦੇ ਵਿਸਥਾਰ ਅਤੇ ਜ਼ਰੂਰੀ ਕਰਿਆਨੇ ਦੀਆਂ ਕੀਮਤਾਂ ‘ਤੇ ਸੀਮਾ (ਕੈਪ) ਲਗਾਉਣ ਦੀ ਗੱਲ ਕਹੀ ਹੈ। ਐੱਨਡੀਪੀ ਅਨੁਸਾਰ ਉਸ ਦੀ ਯੋਜਨਾ ਨਾਲ ਰਿਕਾਰਡ ਘਾਟੇ ਵਿੱਚ 2 ਬਿਲੀਅਨ ਡਾਲਰ ਦੀ ਘਟੇਗਾ ਆਵੇਗੀ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਨੇ ਰੁਜ਼ਗਾਰ ਵਾਧੇ, ਇਨਕਮ ਟੈਕਸ ਫ੍ਰੀਜ਼ ਕਰਨ, ਲਾਲ-ਫ਼ੀਤਾਸ਼ਾਹੀ ਘਟਾਉਣ, ਫਰੰਟਲਾਈਨ ਸਿਹਤ ਸੇਵਾਵਾਂ ਲਈ ਪੂਰੇ ਫੰਡ ਦੇਣ ਅਤੇ ਮੂਲਵਾਸੀਆਂ ਦੇ ਅਧਿਕਾਰਾਂ ਨਾਲ ਸਬੰਧਤ ਸੂਬਾਈ ਕਾਨੂੰਨ (DRIPA) ਨੂੰ ਰੱਦ ਕਰਨ ਦਾ ਵਾਅਦਾ ਕੀਤਾ ਹੈ। ਕੰਜ਼ਰਵੇਟਿਵਾਂ ਦਾ ਦਾਅਵਾ ਹੈ ਕਿ 2030 ਤੱਕ ਘਾਟਾ 10.8 ਬਿਲੀਅਨ ਡਾਲਰ ਰਹਿ ਜਾਵੇਗਾ, ਪਰ ਇਸ ਲਈ ਬੀਸੀ ਦੀ ਵਿਕਾਸ ਦਰ ਕੌਮੀ ਔਸਤ ਨਾਲੋਂ ਤੇਜ਼ ਹੋਣੀ ਲਾਜ਼ਮੀ ਮੰਨੀ ਗਈ ਹੈ। ਐਮਿਲੀ ਲੋਵਨ ਦੀ ਅਗਵਾਈ ਵਾਲੀ ਗ੍ਰੀਨ ਪਾਰਟੀ ਨੇ ਅਤਿ-ਅਮੀਰਾਂ ‘ਤੇ ਇੱਕ-ਵਾਰੀ ਵੈਲਥ ਟੈਕਸ ਲਗਾ ਕੇ ਹਰ ਸਾਲ 9.3 ਬਿਲੀਅਨ ਡਾਲਰ ਦੀਆਂ ਨਵੀਆਂ ਸਮਾਜਿਕ ਯੋਜਨਾਵਾਂ ਸ਼ੁਰੂ ਕਰਨ ਦਾ ਖ਼ਾਕਾ ਰੱਖਿਆ ਹੈ। ਇਸੇ ਦੌਰਾਨ ਸੈਂਟਰ ਬੀਸੀ ਅਤੇ ਵਨ ਬੀਸੀ ਵਰਗੀਆਂ ਨਵੀਆਂ ਪਾਰਟੀਆਂ ਚਾਰ ਤੋਂ ਅੱਠ ਸਾਲਾਂ ਵਿੱਚ ਬਜਟ ਸੰਤੁਲਿਤ ਕਰਨ ਦਾ ਦਾਅਵਾ ਕਰ ਰਹੀਆਂ ਹਨ।
ਚੋਣਾਂ ਵਿੱਚ ਦੌਰਾਨ ਸਰੀ ਸ਼ਹਿਰ ਨਾਲ ਜੁੜੇ ਕਈ ਮਸਲੇ ਬਣੇ ਕੇਂਦਰ ਬਿੰਦੂ :
ਜਾਰਜ ਮੈਸੀ ਟਨਲ: ਕੰਜ਼ਰਵੇਟਿਵਾਂ ਨੇ ਨਵੀਂ ਟਨਲ ਦਾ ਚੱਲ ਰਿਹਾ ਪ੍ਰੋਜੈਕਟ ਰੱਦ ਕਰਕੇ 10-ਲੇਨ ਵਾਲਾ ਪੁਲ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਪਹਿਲਾਂ ਤੋਂ ਸ਼ੁਰੂ ਹੋ ਚੁੱਕਾ ਉਸਾਰੀ ਦਾ ਕੰਮ ਰੁਕਣ ਦਾ ਖ਼ਤਰਾ ਹੈ।
ਸਰੀ ਹਸਪਤਾਲ ਪ੍ਰੋਜੈਕਟ: ਕੰਜ਼ਰਵੇਟਿਵ ਪਾਰਟੀ ਨੇ ਦੇਰੀ ਦਾ ਸ਼ਿਕਾਰ ਹੋਏ ਕਲੋਵਰਡੇਲ ਹਸਪਤਾਲ ਨੂੰ ਪੂਰਾ ਕਰਨ ਅਤੇ ਔਰਤਾਂ ਤੇ ਬੱਚਿਆਂ ਲਈ ਵੱਖਰਾ ਹਸਪਤਾਲ ਸਥਾਪਤ ਕਰਨ ਦਾ ਵਾਅਦਾ ਕੀਤਾ ਹੈ।
ਜਨਤਕ ਟਰਾਂਜ਼ਿਟ: ਐੱਨਡੀਪੀ ਨੇ ਕਿੰਗ ਜਾਰਜ ਬੁਲੇਵਾਰਡ ‘ਤੇ ਤੇਜ਼ ਬੱਸ (ਰੈਪਿਡ ਬੱਸ) ਸੇਵਾ ਲਈ 250 ਮਿਲੀਅਨ ਡਾਲਰ ਅਤੇ ਸਰੀ ਲਈ ਮਿਊਂਸਪਲ ਚਾਰਟਰ ਦਾ ਐਲਾਨ ਕੀਤਾ ਹੈ, ਜਦਕਿ ਨਿਊਟਨ ਤੱਕ ਸਕਾਈਟ੍ਰੇਨ ਵਧਾਉਣ ਦੇ ਮੁੱਦੇ ‘ਤੇ ਦੋਵੇਂ ਪਾਰਟੀਆਂ ਆਹਮੋ-ਸਾਹਮਣੇ ਹਨ।
ਏਆਈ (AI) ਡਾਟਾ ਸੈਂਟਰ: ਐੱਨਡੀਪੀ ਡਾਟਾ ਸੈਂਟਰਾਂ ਨੂੰ ਵਾਟਰ ਸਸਟੇਨੇਬਿਲਟੀ ਐਕਟ ਅਧੀਨ ਲਿਆ ਕੇ ਪਾਣੀ ਦੀ ਖ਼ਪਤ ‘ਤੇ ਸਖ਼ਤੀ ਕਰਨਾ ਚਾਹੁੰਦੀ ਹੈ, ਜਦਕਿ ਗ੍ਰੀਨ ਪਾਰਟੀ ਨਿਯਮ ਬਣਨ ਤੱਕ ਇਨ੍ਹਾਂ ‘ਤੇ ਰੋਕ ਦੀ ਹਮਾਇਤੀ ਹੈ। ਕੰਜ਼ਰਵੇਟਿਵਾਂ ਨੇ ਸਰਕਾਰ ਦੀ ਬਿਜਲੀ ਸਬੰਧੀ ਨੀਤੀ ਦੀ ਆਲੋਚਨਾ ਕੀਤੀ ਹੈ।
ਅਧੂਰੇ ਪੁਰਾਣੇ ਵਾਅਦੇ: ਸਾਲ 2024 ਵਿੱਚ ਹਰ ਪਰਿਵਾਰ ਲਈ 1,000 ਡਾਲਰ ਦੀ ਗ੍ਰੋਸਰੀ ਰਿਬੇਟ ਅਤੇ ਹਰੇਕ ਨਾਗਰਿਕ ਲਈ ਫ਼ੈਮਿਲੀ ਡਾਕਟਰ ਮੁਹੱਈਆ ਕਰਵਾਉਣ ਦੇ ਐਲਾਨ ਪੂਰੇ ਨਾ ਹੋਣ ‘ਤੇ ਵਿਰੋਧੀ ਧਿਰਾਂ ਲਗਾਤਾਰ ਸਵਾਲ ਖੜ੍ਹੇ ਕਰ ਰਹੀਆਂ ਹਨ। ਐੱਨਡੀਪੀ ਨੇ ਵਿੱਤੀ ਦਬਾਅ ਲਈ ਅਮਰੀਕੀ ਵਪਾਰਕ ਸਥਿਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਸੂਬੇ ਸਿਰ ਚੜ੍ਹਿਆ 117.4 ਬਿਲੀਅਨ ਡਾਲਰ ਦਾ ਭਾਰੀ ਕਰਜ਼ਾ ਅਤੇ 14 ਬਿਲੀਅਨ ਡਾਲਰ ਦਾ ਸਾਲਾਨਾ ਬਜਟ ਘਾਟਾ ਇਸ ਵਾਰ ਸਭ ਤੋਂ ਵੱਡਾ ਆਰਥਿਕ ਮੁੱਦਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸਰੀ ਅਤੇ ਲੋਅਰ ਮੇਨਲੈਂਡ ਦੇ ਖੇਤਰਾਂ ਵਿੱਚ ਚੋਣ ਮੁਕਾਬਲਾ ਸਭ ਤੋਂ ਫਸਵਾਂ ਹੈ। ਜਾਰਜ ਮੈਸੀ ਟਨਲ ਦੀ ਥਾਂ 10-ਲੇਨ ਪੁਲ ਬਣਾਉਣ ਦੀ ਤਜਵੀਜ਼, ਕਲੋਵਰਡੇਲ ਹਸਪਤਾਲ ਪ੍ਰੋਜੈਕਟ ਵਿੱਚ ਦੇਰੀ, ਨਿਊਟਨ ਤੱਕ ਸਕਾਈਟ੍ਰੇਨ ਤੇ ਰੈਪਿਡ ਬੱਸ ਦਾ ਵਿਸਥਾਰ ਅਤੇ ਏਆਈ ਡਾਟਾ ਸੈਂਟਰਾਂ ਕਾਰਨ ਬਿਜਲੀ ਦੀ ਸਪਲਾਈ ‘ਤੇ ਲੱਗੀਆਂ ਰੋਕਾਂ ਵਰਗੇ ਮੁੱਦਿਆਂ ਨੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਚੋਣ ਵਿੱਚ ਮੁੱਖ ਮੁਕਾਬਲਾ ਪ੍ਰੀਮੀਅਰ ਡੇਵਿਡ ਈਬੀ ਦੀ ਅਗਵਾਈ ਵਾਲੀ ਬੀਸੀ ਐੱਨਡੀਪੀ ਅਤੇ ਲੌਰਨ ਡੋਰਕਸਨ ਦੀ ਅਗਵਾਈ ਵਾਲੀ ਬੀਸੀ ਕੰਜ਼ਰਵੇਟਿਵ ਪਾਰਟੀ ਵਿਚਾਲੇ ਮੰਨਿਆ ਜਾ ਰਿਹਾ ਹੈ। ਡੇਵਿਡ ਈਬੀ ਨੇ 190,000 ਡਾਲਰ ਤੋਂ ਵੱਧ ਆਮਦਨ ਵਾਲਿਆਂ ‘ਤੇ ਵਾਧੂ ਟੈਕਸ ਲਗਾਉਣ, ਸਿਹਤ ਸੇਵਾਵਾਂ ਦੇ ਵਿਸਥਾਰ ਅਤੇ ਕਰਿਆਨੇ ਦੀਆਂ ਵਧਦੀਆਂ ਕੀਮਤਾਂ ‘ਤੇ ਨੱਥ ਪਾਉਣ ਦਾ ਵਾਅਦਾ ਕੀਤਾ ਹੈ। ਦੂਜੇ ਪਾਸੇ ਕੰਜ਼ਰਵੇਟਿਵਾਂ ਨੇ ਇਨਕਮ ਟੈਕਸ ਫ੍ਰੀਜ਼ ਕਰਨ, ਨੌਕਰੀਆਂ ਦੇ ਨਵੇਂ ਮੌਕੇ ਪੈਦਾ ਕਰਨ, ਲਾਲ-ਫ਼ੀਤਾਸ਼ਾਹੀ ਖ਼ਤਮ ਕਰਨ ਅਤੇ ਫਰੰਟਲਾਈਨ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਖ਼ਾਕਾ ਰੱਖਿਆ ਹੈ। ਗ੍ਰੀਨ ਪਾਰਟੀ ਨੇ ਅਤਿ-ਅਮੀਰਾਂ ‘ਤੇ ਵੈਲਥ ਟੈਕਸ ਲਾ ਕੇ ਸਮਾਜ ਭਲਾਈ ਯੋਜਨਾਵਾਂ ਸ਼ੁਰੂ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ।
ਬੀ.ਸੀ. ਚੋਣਾਂ 2026: ਪਾਰਟੀਆਂ ਦੇ ਵਾਅਦੇ ਅਤੇ ਕਰਜ਼ਾ

