ਬੀ.ਸੀ. ਕੈਂਸਰ ਅਤੇ ਮਾਹਿਰਾਂ ਦੇ ਸਹਿਯੋਗ ਨਾਲ ਫਾਇਰਫਾਈਟਰਾਂ ਨੂੰ ਮਿਲੇਗੀ ਵਿਆਪਕ ਕਵਰੇਜ
ਵੈਨਕੂਵਰ (ਏਕਜੋਤ ਸਿੰਘ): ਡੈਲਟਾ ਵਿਖੇ ਇੱਕ ਸਮਾਗਮ ਦੌਰਾਨ ਬੀਸੀ ਐੱਨਡੀਪੀ ਨੇ ਐਲਾਨ ਕੀਤਾ ਹੈ ਕਿ ਮੁੜ ਸਰਕਾਰ ਬਣਨ ‘ਤੇ ਅੱਗ ਬੁਝਾਊ ਅਮਲੇ ਦੇ ਕਰਮਚਾਰੀਆਂ ਲਈ ਪ੍ਰੀਜ਼ੰਪਟਿਵ ਬਿਮਾਰੀ ਕਵਰੇਜ ਦੀ ਹਰ ਤਿੰਨ ਸਾਲ ਬਾਅਦ ਨਿਯਮਿਤ ਸਮੀਖਿਆ ਕੀਤੀ ਜਾਵੇਗੀ। ਇਹ ਸਮੀਖਿਆ ਬੀਸੀ ਕੈਂਸਰ, ਵਰਕਸੇਫ਼ ਬੀਸੀ, ਮੈਡੀਕਲ ਮਾਹਿਰਾਂ ਅਤੇ ਫਾਇਰਫਾਈਟਰਾਂ ਦੀਆਂ ਯੂਨੀਅਨਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ ਤਾਂ ਜੋ ਵਿਗਿਆਨਕ ਤਰੱਕੀ ਅਨੁਸਾਰ ਸਰਕਾਰੀ ਸਹਾਇਤਾ ਦੇ ਨਿਯਮਾਂ ਨੂੰ ਲਗਾਤਾਰ ਅੱਪਡੇਟ ਕੀਤਾ ਜਾ ਸਕੇ। ਇਸ ਸਾਲ ਮਾਰਚ ਵਿੱਚ ਸੂਬੇ ਨੇ ਆਪਣੀ ਸੂਚੀ ਵਿੱਚ 8 ਨਵੇਂ ਕੈਂਸਰ ਸ਼ਾਮਲ ਕੀਤੇ ਸਨ, ਜਿਸ ਨਾਲ ਕਵਰ ਕੀਤੇ ਜਾਣ ਵਾਲੇ ਕੈਂਸਰਾਂ ਦੀ ਗਿਣਤੀ 26 ਹੋ ਗਈ ਹੈ। ਇਹ ਕੈਨੇਡਾ ਭਰ ਵਿੱਚ ਫਾਇਰਫਾਈਟਰਾਂ ਲਈ ਸਭ ਤੋਂ ਵਿਆਪਕ ਕਵਰੇਜ ਮੰਨੀ ਜਾਂਦੀ ਹੈ।
ਬੀਸੀ ਐੱਨਡੀਪੀ ਆਗੂ ਡੇਵਿਡ ਈਬੀ ਨੇ ਕਿਹਾ ਕਿ ਸਮਾਜ ਦੀ ਰਾਖੀ ਕਰਨ ਵਾਲੇ ਅੱਗ ਬੁਝਾਊ ਕਰਮਚਾਰੀ ਆਪਣੀ ਡਿਊਟੀ ਦੌਰਾਨ ਗੰਭੀਰ ਸਿਹਤ ਖ਼ਤਰਿਆਂ ਦਾ ਸਾਹਮਣਾ ਕਰਦੇ ਹਨ। ਇਸ ਲਈ ਨਵੇਂ ਵਿਗਿਆਨਕ ਸਬੂਤਾਂ ਦੇ ਆਧਾਰ ‘ਤੇ ਹਰ ਤਿੰਨ ਸਾਲਾਂ ਬਾਅਦ ਨਿਯਮਾਂ ਦੀ ਘੋਖ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਕਰਮਚਾਰੀ ਆਪਣੇ ਬਣਦੇ ਹੱਕਾਂ ਤੋਂ ਵਾਂਝਾ ਨਾ ਰਹੇ। ਪ੍ਰੀਜ਼ੰਪਟਿਵ ਕਵਰੇਜ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਫਾਇਰਫਾਈਟਰ ਨੂੰ ਕੋਈ ਮਾਨਤਾ ਪ੍ਰਾਪਤ ਬਿਮਾਰੀ ਹੁੰਦੀ ਹੈ, ਤਾਂ ਵਰਕਸੇਫ਼ ਬੀਸੀ ਆਪਣੇ ਆਪ ਮੰਨ ਲੈਂਦਾ ਹੈ ਕਿ ਇਹ ਬਿਮਾਰੀ ਨੌਕਰੀ ਕਾਰਨ ਹੋਈ ਹੈ, ਜਿਸ ਨਾਲ ਪੀੜਤ ਨੂੰ ਇਹ ਸਾਬਤ ਕਰਨ ਲਈ ਅਦਾਲਤਾਂ ਜਾਂ ਦਫ਼ਤਰਾਂ ਦੇ ਧੱਕੇ ਨਹੀਂ ਖਾਣੇ ਪੈਂਦੇ। ਅੰਕੜਿਆਂ ਅਨੁਸਾਰ ਫਾਇਰਫਾਈਟਰ ਬ੍ਰਿਟਿਸ਼ ਕੋਲੰਬੀਆ ਦੀ ਕੁਲ ਵਰਕਫੋਰਸ ਦਾ ਸਿਰਫ਼ 0.5 ਫ਼ੀਸਦੀ ਹਿੱਸਾ ਹਨ, ਪਰ 2010 ਤੋਂ 2025 ਦਰਮਿਆਨ ਵਰਕਸੇਫ਼ ਬੀਸੀ ਵੱਲੋਂ ਪ੍ਰਵਾਨ ਕੀਤੇ ਗਏ ਕੈਂਸਰ ਕਲੇਮਾਂ ਵਿੱਚ ਉਨ੍ਹਾਂ ਦੀ ਹਿੱਸੇਦਾਰੀ 35 ਫ਼ੀਸਦੀ ਰਹੀ ਹੈ। ਡੈਲਟਾ ਨੌਰਥ ਤੋਂ ਐੱਨਡੀਪੀ ਉਮੀਦਵਾਰ ਅਤੇ ਬੀਸੀ ਪ੍ਰੋਫੈਸ਼ਨਲ ਫਾਇਰ ਫਾਈਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਟੌਡ ਸ਼ੀਅਰਲਿੰਗ ਨੇ ਕਿਹਾ ਕਿ ਕਿੱਤਾਮੁਖੀ ਬਿਮਾਰੀਆਂ ਪਰਿਵਾਰਾਂ ‘ਤੇ ਗਹਿਰਾ ਅਸਰ ਪਾਉਂਦੀਆਂ ਹਨ। ਨਵੀਂ ਪ੍ਰਣਾਲੀ ਨਾਲ ਕਰਮਚਾਰੀਆਂ ਨੂੰ ਆਪਣੀ ਸੁਰੱਖਿਆ ਲਈ ਵਾਰ-ਵਾਰ ਲੰਬੀ ਜੱਦੋਜਹਿਦ ਨਹੀਂ ਕਰਨੀ ਪਵੇਗੀ।
ਇਹ ਤਿੰਨ ਸਾਲਾ ਪ੍ਰਕਿਰਿਆ ਬੀਸੀ ਫਾਇਰਫਾਈਟਰਜ਼ ਹੈਲਥ ਐਕਟ ਨੂੰ ਹੋਰ ਮਜ਼ਬੂਤ ਕਰੇਗੀ, ਜਿਸ ਤਹਿਤ ਅਪ੍ਰੈਲ 2027 ਤੱਕ ਇੱਕ ਸਮੀਖਿਆ ਲਾਜ਼ਮੀ ਸੀ ਪਰ ਭਵਿੱਖ ਲਈ ਕੋਈ ਪੱਕਾ ਸ਼ਡਿਊਲ ਤੈਅ ਨਹੀਂ ਸੀ। ਨਵੇਂ ਢਾਂਚੇ ਅਧੀਨ ਕਿਰਤ ਮੰਤਰਾਲਾ, ਸਿਹਤ ਮੰਤਰਾਲਾ ਅਤੇ ਮੈਡੀਕਲ ਮਾਹਿਰ ਮਿਲ ਕੇ ਨਵੀਆਂ ਬਿਮਾਰੀਆਂ ਨੂੰ ਕਾਨੂੰਨੀ ਸੂਚੀ ਵਿੱਚ ਸ਼ਾਮਲ ਕਰਨ ਦੀਆਂ ਸਿਫ਼ਾਰਸ਼ਾਂ ਤਿਆਰ ਕਰਨਗੇ। ਇਸ ਦੇ ਨਾਲ ਹੀ ਬੀਸੀ ਐੱਨਡੀਪੀ ਨੇ ਮੈਨੀਟੋਬਾ ਸਰਕਾਰ ਵੱਲੋਂ ਵੀ ਫਾਇਰਫਾਈਟਰਾਂ ਲਈ ਕਵਰੇਜ ਵਧਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। This report was written by Ekjot Singh as part of the Local Journalism Initiative.
ਫਾਇਰਫਾਈਟਰਾਂ ਦੀ ਸਿਹਤ ਸੁਰੱਖਿਆ ਲਈ ਹਰ ਤਿੰਨ ਸਾਲ ਬਾਅਦ ਹੋਵੇਗੀ ਬਿਮਾਰੀਆਂ ਦੀ ਸਮੀਖਿਆ : ਬੀ.ਸੀ. ਐੱਨ.ਡੀ.ਪੀ.

