ਕਲੋਵਰਡੇਲ ਵਿੱਚ ਮੁੜ ਸ਼ੁਰੂ ਹੋਵੇਗੀ ਘੋੜ ਦੌੜ: ਪਤਝੜ 2027 ਤੱਕ ਟਰੈਕ ’ਤੇ ਦੌੜਨਗੇ ਘੋੜੇ
ਵੈਨਕੂਵਰ (ਏਕਜੋਤ ਸਿੰਘ): ਸਰੀ ਦੇ ਨਵੇਂ ਚੁਣੇ ਗਏ ਮੇਅਰ ਡੱਗ ਮੈਕੱਲਮ ਨੇ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਲੌਰਨ ਡੋਰਕਸਨ ਦੇ ਉਸ ਐਲਾਨ ਦਾ ਸਵਾਗਤ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਕੰਜ਼ਰਵੇਟਿਵ ਸਰਕਾਰ ਕਲੋਵਰਡੇਲ ਵਿਖੇ ਇਤਿਹਾਸਕ ‘ਫਰੇਜ਼ਰ ਡਾਊਨਜ਼’ ਰੇਸਿੰਗ ਟਰੈਕ ਨੂੰ ਮੁੜ ਬਣਾਉਣ ਵਿੱਚ ਸਹਿਯੋਗ ਕਰੇਗੀ। ਇਸ ਯੋਜਨਾ ਤਹਿਤ ਸਰੀ ਸ਼ਹਿਰ ਅਤੇ ‘ਹਾਰਨੈੱਸ ਰੇਸਿੰਗ ਬੀਸੀ’ ਨਾਲ ਮਿਲ ਕੇ ਕਲੋਵਰਡੇਲ ਵਿੱਚ ਰੇਸਿੰਗ ਦਾ ਪੂਰਾ ਸੀਜ਼ਨ ਬਹਾਲ ਕੀਤਾ ਜਾਵੇਗਾ। ਮੈਕੱਲਮ ਨੇ ਭਰੋਸਾ ਦਿੱਤਾ ਹੈ ਕਿ ਨਗਰ ਕੌਂਸਲ ਪਤਝੜ 2027 ਤੱਕ ਘੋੜਿਆਂ ਨੂੰ ਮੁੜ ਟਰੈਕ ’ਤੇ ਉਤਾਰਨ ਦੇ ਟੀਚੇ ਨਾਲ ਕੰਮ ਕਰੇਗੀ।
ਮੈਕੱਲਮ ਨੇ ਕਿਹਾ ਕਿ ਪਿਛਲੇ 49 ਸਾਲਾਂ ਤੋਂ ਫਰੇਜ਼ਰ ਡਾਊਨਜ਼ ਕਲੋਵਰਡੇਲ ਦੀ ਧੜਕਣ ਰਿਹਾ ਹੈ। ਅਗਸਤ 2025 ਵਿੱਚ ਜਦੋਂ ਇਸ ਟਰੈਕ ਨੂੰ ਬੰਦ ਕਰ ਦਿੱਤਾ ਗਿਆ ਅਤੇ ਦਸੰਬਰ ਵਿੱਚ ਇਸ ਦੇ ਤਬੇਲਿਆਂ (ਬਾਰਨਜ਼) ਨੂੰ ਢਾਹ ਦਿੱਤਾ ਗਿਆ, ਤਾਂ ਹਾਰਨੈੱਸ ਰੇਸਿੰਗ ਬੀਸੀ ਦੇ 218 ਮੈਂਬਰਾਂ ਸਮੇਤ ਟਰੇਨਰਾਂ, ਡਰਾਈਵਰਾਂ, ਵੈਟਰਨਰੀ ਡਾਕਟਰਾਂ ਅਤੇ ਖੇਤੀਬਾੜੀ ਪਰਿਵਾਰਾਂ ਦਾ ਰੁਜ਼ਗਾਰ ਖੁੱਸ ਗਿਆ ਸੀ। ਉਸ ਸਮੇਂ ਕਲੋਵਰਡੇਲ ਦੇ ਲੋਕਾਂ ਦੀ ਰਾਏ ਨਹੀਂ ਲਈ ਗਈ ਸੀ, ਪਰ ਹੁਣ ਲੋਕਾਂ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ ਕਿ ਇੱਥੇ ਤਬੇਲੇ ਮੁੜ ਉਸਾਰੇ ਜਾਣ ਅਤੇ ਖੇਡਾਂ ਵਾਪਸ ਪਰਤਣ।
ਮੇਅਰ-ਚੁਣੇ ਨੇ ਸਪੱਸ਼ਟ ਕੀਤਾ ਕਿ ਨਵੰਬਰ ਵਿੱਚ ਨਵੀਂ ਕੌਂਸਲ ਦੇ ਅਹੁਦਾ ਸੰਭਾਲਦਿਆਂ ਹੀ ਕਲੋਵਰਡੇਲ ਫੇਅਰਗਰਾਊਂਡਜ਼ ਵਿਖੇ ਰੇਸਿੰਗ ਓਵਲ ਅਤੇ ਤਬੇਲੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ਼ਹਿਰ ਵੱਲੋਂ ਇੱਕ ਨਵਾਂ ਲੰਮੇ ਸਮੇਂ ਦਾ ਲੀਜ਼ ਸਮਝੌਤਾ ਸਹੀਬੱਧ ਕੀਤਾ ਜਾਵੇਗਾ ਅਤੇ ਹਾਰਨੈੱਸ ਰੇਸਿੰਗ ਬੀਸੀ ਦਾ ਮੁੱਖ ਦਫ਼ਤਰ ਮੁੜ ਫੇਅਰਗਰਾਊਂਡਜ਼ ਵਿਖੇ ਲਿਆਂਦਾ ਜਾਵੇਗਾ।
ਮੈਕੱਲਮ ਨੇ ਕਿਹਾ ਕਿ ਰੇਸਿੰਗ ਸੀਜ਼ਨ ਨੂੰ ਮੁੜ ਸ਼ੁਰੂ ਕਰਨ ਲਈ ਤਿੰਨ ਧਿਰਾਂ ਦਾ ਸਹਿਯੋਗ ਜ਼ਰੂਰੀ ਹੁੰਦਾ ਹੈ। ਸ਼ਹਿਰ ਕੋਲ ਜ਼ਮੀਨ ਦੀ ਮਲਕੀਅਤ ਹੈ, ਸੰਸਥਾ ਕੋਲ ਘੋੜੇ ਅਤੇ ਮਾਹਿਰ ਲੋਕ ਹਨ, ਜਦਕਿ ਸੂਬਾ ਸਰਕਾਰ ਲਾਇਸੈਂਸ ਜਾਰੀ ਕਰਦੀ ਹੈ ਅਤੇ ਗੇਮਿੰਗ ਮਾਲੀਏ ਦੀ ਹਿੱਸੇਦਾਰੀ ਤੈਅ ਕਰਦੀ ਹੈ। ਉਨ੍ਹਾਂ ਕਿਹਾ ਕਿ ਕੰਜ਼ਰਵੇਟਿਵ ਆਗੂ ਵੱਲੋਂ ਸਹਿਯੋਗ ਦਾ ਭਰੋਸਾ ਮਿਲਣ ਤੋਂ ਬਾਅਦ ਹੁਣ ਇਸ ਖੇਡ ਸੱਭਿਆਚਾਰ ਨੂੰ ਮੁੜ ਜਿਊਂਦਾ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।
ਫਰੇਜ਼ਰ ਡਾਊਨਜ਼ ਰੇਸਿੰਗ ਟਰੈਕ ਨੂੰ ਮੁੜ ਸੁਰਜੀਤ ਕਰਨ ਦਾ ਕੰਜ਼ਰਵੇਟਿਵਾਂ ਵੱਲੋਂ ਵਾਅਦਾ, ਮੈਕੱਲਮ ਨੇ ਕੀਤਾ ਸਵਾਗਤ

