9.7 C
Vancouver
Friday, November 6, 2026

ਗ੍ਰੀਨ ਪਾਰਟੀ ਦੇ ਪੀਟ ਫਰਾਈ ਬਣੇ ਵੈਨਕੂਵਰ ਦੇ ਨਵੇਂ ਮੇਅਰ

ਸਿਟੀ ਕੌਂਸਲ ‘ਤੇ ਖੱਬੇ-ਪੱਖੀ ਧਿਰਾਂ ਦਾ ਦਬਦਬਾ, ਕੋਪ ਅਤੇ ਗ੍ਰੀਨ ਉਮੀਦਵਾਰਾਂ ਨੇ ਮਾਰੀ ਬਾਜ਼ੀ
ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਚਾਰਟਰ ਦੀ ਧਾਰਾ 108 ਤਹਿਤ ਚੀਫ਼ ਇਲੈਕਸ਼ਨ ਅਫ਼ਸਰ ਵੱਲੋਂ ਸਾਲ 2026 ਦੀਆਂ ਵੈਨਕੂਵਰ ਨਗਰ ਨਿਗਮ ਚੋਣਾਂ ਦੇ ਅਧਿਕਾਰਤ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਵੈਨਕੂਵਰ ਦੇ ਵੋਟਰਾਂ ਨੇ ਨਵੇਂ ਮੇਅਰ ਸਮੇਤ 10 ਸਿਟੀ ਕੌਂਸਲਰ, 7 ਪਾਰਕ ਬੋਰਡ ਕਮਿਸ਼ਨਰ ਅਤੇ 9 ਸਕੂਲ ਟਰੱਸਟੀ ਚੁਣੇ ਹਨ। ਸਭ ਤੋਂ ਉੱਚ ਅਹੁਦੇ ਲਈ ਗ੍ਰੀਨ ਪਾਰਟੀ ਦੇ ਉਮੀਦਵਾਰ ਪੀਟ ਫਰਾਈ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਿਨ੍ਹਾਂ ਨੂੰ ਕੁਲ 98,748 ਵੋਟਾਂ ਪ੍ਰਾਪਤ ਹੋਈਆਂ ਹਨ।
ਸਿਟੀ ਕੌਂਸਲ ਦੀਆਂ 10 ਸੀਟਾਂ ਲਈ ਹੋਏ ਮੁਕਾਬਲੇ ਵਿੱਚ ਪ੍ਰਗਤੀਸ਼ੀਲ ਗੱਠਜੋੜ ਵਾਲੀਆਂ ਪਾਰਟੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ। ਕੋਪ ਪਾਰਟੀ ਦੇ ਸੀਨ ਓਰ ਨੇ 83,247 ਵੋਟਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਗ੍ਰੀਨ ਪਾਰਟੀ ਦੀ ਐਨੈੱਟ ਰਿਲੀ 78,680 ਵੋਟਾਂ ਨਾਲ ਦੂਜੇ ਨੰਬਰ ‘ਤੇ ਰਹੀ। ਕੋਪ ਵੱਲੋਂ ਕਲੋਏ ਲੈਸਲੀ ਨੂੰ 67,959 ਵੋਟਾਂ, ਦੇਵਯਾਨੀ ਸਿੰਘ ਨੂੰ 65,644 ਵੋਟਾਂ ਅਤੇ ਸੋਲੋਮਨ ਯੀ-ਕੀਰਨ ਨੂੰ 60,519 ਵੋਟਾਂ ਮਿਲੀਆਂ। ਗ੍ਰੀਨ ਪਾਰਟੀ ਦੀ ਸਟੈਫਨੀ ਸਮਿਥ ਨੂੰ 64,232 ਵੋਟਾਂ, ਕੈਮਿਲ ਡੂਮੋਂਟ ਨੂੰ 62,703 ਵੋਟਾਂ ਅਤੇ ਬ੍ਰਿਜੇਟ ਬਰਨਜ਼ ਨੂੰ 57,924 ਵੋਟਾਂ ਹਾਸਲ ਹੋਈਆਂ। ਵਨ ਸਿਟੀ ਪਾਰਟੀ ਵੱਲੋਂ ਲੂਸੀ ਮੈਲੋਨੀ 63,321 ਵੋਟਾਂ ਲੈ ਕੇ ਕੌਂਸਲਰ ਬਣੀ। ਏਬੀਸੀ ਵੈਨਕੂਵਰ ਵੱਲੋਂ ਇਕੱਲੇ ਮਾਈਕ ਕਲਾਸੇਨ 57,922 ਵੋਟਾਂ ਹਾਸਲ ਕਰਕੇ ਜਿੱਤਣ ਵਿੱਚ ਕਾਮਯਾਬ ਰਹੇ।
ਪਾਰਕ ਬੋਰਡ ਕਮਿਸ਼ਨਰਾਂ ਦੀ ਚੋਣ ਵਿੱਚ ਗ੍ਰੀਨ ਪਾਰਟੀ ਦੇ ਟੌਮ ਡਿਗਬੀ ਨੇ 78,976 ਵੋਟਾਂ ਲੈ ਕੇ ਮੋਹਰੀ ਸਥਾਨ ਹਾਸਲ ਕੀਤਾ। ਉਨ੍ਹਾਂ ਦੇ ਨਾਲ ਗ੍ਰੀਨ ਪਾਰਟੀ ਦੇ ਸਪੈਂਸਰ ਵੈਨ ਵਲੋਟਨ ਨੂੰ 65,171 ਅਤੇ ਬ੍ਰੀਐਨ ਸਮਾਰਟ ਨੂੰ 62,588 ਵੋਟਾਂ ਮਿਲੀਆਂ। ਕੋਪ ਪਾਰਟੀ ਵੱਲੋਂ ਟੀ’ਉਏ’ਟ’ਤਨਤ ਸੀਜ਼ ਵਾਈਸ ਨੇ 64,363, ਤਾਮੀਕੋ ਸੁਜ਼ੂਕੀ ਨੇ 63,265, ਜੈਮੀ ਹਾਨ ਨੇ 61,259 ਅਤੇ ਸੇਸੀਆ ਬਰਟਨ ਨੇ 59,632 ਵੋਟਾਂ ਜਿੱਤ ਕੇ ਪਾਰਕ ਬੋਰਡ ਵਿੱਚ ਦਾਖ਼ਲਾ ਯਕੀਨੀ ਬਣਾਇਆ।
ਸਕੂਲ ਬੋਰਡ ਟਰੱਸਟੀਆਂ ਦੀ ਚੋਣ ਵਿੱਚ ਕੋਪ ਪਾਰਟੀ ਨੇ ਮੋਹਰੀ ਭੂਮਿਕਾ ਨਿਭਾਈ। ਸੂਜ਼ੀ ਮਾਹ ਨੇ 83,643 ਵੋਟਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੇ ਸਾਥੀ ਮੇਲਾਨੀ ਚੇਂਗ ਨੇ 79,840, ਗਵੇਨ ਗੀਸਬ੍ਰੈਕਟ ਨੇ 72,914 ਅਤੇ ਡੈਰਿਕ ਓ’ਕੀਫ ਨੇ 72,840 ਵੋਟਾਂ ਪ੍ਰਾਪਤ ਕੀਤੀਆਂ। ਵਨ ਸਿਟੀ ਪਾਰਟੀ ਵੱਲੋਂ ਕ੍ਰਿਸਟਾ ਸਿਗੁਰਡਸਨ ਨੇ 65,128, ਰੋਰੀ ਬਰਾਊਨ ਨੇ 61,487 ਅਤੇ ਸਟੀਵ ਕਾਰਡਵੈੱਲ ਨੇ 58,371 ਵੋਟਾਂ ਲਈਆਂ, ਜਦਕਿ ਗ੍ਰੀਨ ਪਾਰਟੀ ਦੀ ਜੂਲੀ ਸਟ੍ਰਾਈਲੇਸਕੀ ਨੂੰ 64,770 ਅਤੇ ਅਲੀਸ਼ਾ ਮਾਸੋਂਗਸੋਂਗ ਨੂੰ 62,913 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਵੋਟਰਾਂ ਨੇ 2027 ਤੋਂ 2030 ਤੱਕ ਦੇ 3.5 ਬਿਲੀਅਨ ਡਾਲਰ ਦੇ 4 ਸਾਲਾ ਕੈਪੀਟਲ ਪਲਾਨ ਲਈ 790 ਮਿਲੀਅਨ ਡਾਲਰ ਦਾ ਕਰਜ਼ਾ ਲੈਣ ਸਬੰਧੀ 3 ਸਵਾਲਾਂ ‘ਤੇ ਵੀ ਵੋਟਾਂ ਪਾਈਆਂ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ