ਐਬਟਸਫੋਰਡ, (ਏਕਜੋਤ ਸਿੰਘ): ਐਬਟਸਫੋਰਡ ਸਿਟੀ ਕੌਂਸਲ ਨੇ ਸ਼ਹਿਰ ਦੀ ਬਿਹਤਰੀ ਅਤੇ ਸਮਾਜ ਸੇਵਾ ਵਿੱਚ ਲਾਮਿਸਾਲ ਯੋਗਦਾਨ ਪਾਉਣ ਵਾਲੀਆਂ ਦੋ ਪ੍ਰਮੁੱਖ ਹਸਤੀਆਂ ਨੂੰ ਸਾਲ 2026 ਦੇ ਸਿਵਿਕ ਐਵਾਰਡ ਦੇਣ ਦਾ ਰਸਮੀ ਐਲਾਨ ਕੀਤਾ ਹੈ। ਕੌਂਸਲ ਵੱਲੋਂ ਲੰਮੇ ਸਮੇਂ ਤੋਂ ਸਮਾਜਿਕ ਤਬਦੀਲੀ ਦੇ ਮੋਹਰੀ ਰਹੇ ਡਾ. ਮੈਰੀਅਨ ਕੀਜ਼ ਨੂੰ ਪ੍ਰਤਿਸ਼ਠਾਵਾਨ ‘ਆਰਡਰ ਆਫ਼ ਐਬਟਸਫੋਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੁੱਖ ਦੀ ਘੜੀ ਵਿੱਚ ਪਰਿਵਾਰਾਂ ਦਾ ਸਹਾਰਾ ਬਣਨ ਵਾਲੀ ਸੰਸਥਾ ‘ਐਬਟਸਫੋਰਡ ਹਾਸਪਿਸ ਐਂਡ ਗਰੀਫ਼ ਸਪੋਰਟ ਸੁਸਾਇਟੀ’ ਨੂੰ ‘ਕਮਿਊਨਿਟੀ ਚੈਂਪੀਅਨ ਅਚੀਵਮੈਂਟ ਐਵਾਰਡ’ ਲਈ ਚੁਣਿਆ ਗਿਆ ਹੈ।
ਕੌਂਸਲਰ ਡੇਵ ਲੋਵੇਨ ਨੇ ਇਸ ਮੌਕੇ ਕਿਹਾ ਕਿ ਸਿਟੀ ਕੌਂਸਲ ਇਹਨਾਂ ਦੋਵਾਂ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਬੇਹੱਦ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡਾ. ਮੈਰੀਅਨ ਦੀ ਨਾਗਰਿਕ ਅਗਵਾਈ ਅਤੇ ਸਮਾਜ ਨਿਰਮਾਣ ਪ੍ਰਤੀ ਵਚਨਬੱਧਤਾ ਸ਼ਲਾਘਾਯੋਗ ਹੈ, ਜਦਕਿ ਹਾਸਪਿਸ ਸੁਸਾਇਟੀ ਜ਼ਿੰਦਗੀ ਦੇ ਸਭ ਤੋਂ ਨਾਜ਼ੁਕ ਅਤੇ ਔਖੇ ਪਲਾਂ ਦੌਰਾਨ ਲੋਕਾਂ ਨੂੰ ਪੂਰੇ ਮਾਣ-ਸਨਮਾਨ ਅਤੇ ਹਮਦਰਦੀ ਨਾਲ ਸੇਵਾ ਪ੍ਰਦਾਨ ਕਰਦੀ ਹੈ। ਇਹ ਦੋਵੇਂ ਪ੍ਰਾਪਤੀਆਂ ਸ਼ਹਿਰ ਦੀ ਉੱਚੀ ਭਾਵਨਾ ਨੂੰ ਦਰਸਾਉਂਦੀਆਂ ਹਨ।
ਜ਼ਿਕਰਯੋਗ ਹੈ ਕਿ ‘ਆਰਡਰ ਆਫ਼ ਐਬਟਸਫੋਰਡ’ ਉਨ੍ਹਾਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀਆਂ ਬੇਮਿਸਾਲ ਪ੍ਰਾਪਤੀਆਂ ਰਾਹੀਂ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੋਵੇ ਜਾਂ ਜੀਵਨ ਭਰ ਸ਼ਹਿਰ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੋਵੇ। ਸਨਮਾਨ ਵਜੋਂ ਇੱਕ ਵਿਸ਼ੇਸ਼ ਸ਼ੈਡੋ-ਬਾਕਸ ਐਵਾਰਡ, ਪਿੰਨ ਅਤੇ ਯਾਦਗਾਰੀ ਪੁਸਤਕ ਵਿੱਚ ਨਾਂ ਦਰਜ ਕੀਤਾ ਜਾਂਦਾ ਹੈ। ਦੂਜੇ ਪਾਸੇ, ‘ਕਮਿਊਨਿਟੀ ਚੈਂਪੀਅਨ ਅਚੀਵਮੈਂਟ ਐਵਾਰਡ’ ਸਿੱਖਿਆ, ਖੇਡਾਂ, ਕਲਾ ਜਾਂ ਸੱਭਿਆਚਾਰ ਵਿੱਚ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ’ਤੇ ਮੱਲਾਂ ਮਾਰਨ ਵਾਲੀਆਂ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ। ਇਹਨਾਂ ਜੇਤੂਆਂ ਦਾ ਨਾਂ ਕਮਿਊਨਿਟੀ ਚੈਂਪੀਅਨਜ਼ ਪੈਵੇਲੀਅਨ ਦੇ ਪੱਥਰ ’ਤੇ ਉਕਰਿਆ ਜਾਂਦਾ ਹੈ।
ਡਾ. ਮੈਰੀਅਨ ਕੀਜ਼ ਨੇ ਕਈ ਦਹਾਕਿਆਂ ਤੱਕ ਸਮਾਜ ਨੂੰ ਜੋੜਨ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਨਿਰਸਵਾਰਥ ਸੇਵਾ ਨਿਭਾਈ ਹੈ। ਇਸੇ ਤਰ੍ਹਾਂ ਐਬਟਸਫੋਰਡ ਹਾਸਪਿਸ ਸੁਸਾਇਟੀ ਆਪਣੇ ਸਮਰਪਿਤ ਸਟਾਫ਼ ਅਤੇ ਵਾਲੰਟੀਅਰਾਂ ਰਾਹੀਂ ਗ਼ਮ ਵਿੱਚ ਡੁੱਬੇ ਪਰਿਵਾਰਾਂ ਨੂੰ ਕੌਂਸਲਿੰਗ, ਵਿੱਦਿਅਕ ਸਹਾਇਤਾ ਅਤੇ ਨੌਜਵਾਨਾਂ ਨੂੰ ਵਜ਼ੀਫ਼ੇ ਦੇ ਕੇ ਮਾਨਵਤਾ ਦੀ ਸੇਵਾ ਕਰ ਰਹੀ ਹੈ।
ਐਬਟਸਫੋਰਡ ਸਿਵਿਕ ਐਵਾਰਡਜ਼ 2026 ਦਾ ਐਲਾਨ ਡਾ. ਮੈਰੀਅਨ ਕੀਜ਼ ਅਤੇ ਹਾਸਪਿਸ ਸੁਸਾਇਟੀ ਹੋਣਗੇ ਸਨਮਾਨਿਤ

