ਗੈਰ-ਕਾਨੂੰਨੀ ਵੋਟਿੰਗ ਮਾਮਲੇ ‘ਚ ਕਈ ਕੈਨੇਡੀਅਨ ਨਾਗਰਿਕ ਗ੍ਰਿਫ਼ਤਾਰ, ਟਰੰਪ ਪ੍ਰਸ਼ਾਸਨ ਨੇ ਮਿਡਟਰਮ ਚੋਣਾਂ ਤੋਂ ਪਹਿਲਾਂ ਵਿੱਢੀ ਸਖ਼ਤ ਮੁਹਿੰਮ
ਸਰੀ, (ਦਿਵਰੂਪ ਕੌਰ): 3 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਕਾਂਗਰਸ ਦੀਆਂ ਮਿਡਟਰਮ ਚੋਣਾਂ ਤੋਂ ਠੀਕ ਪਹਿਲਾਂ ਕੈਨੇਡਾ ਅਤੇ ਅਮਰੀਕਾ ਵਿਚਾਲੇ ਕੂਟਨੀਤਕ ਤਣਾਅ ਇੱਕ ਨਵੇਂ ਸਿਖਰ ‘ਤੇ ਪਹੁੰਚ ਗਿਆ ਹੈ। ਓਟਵਾ ਸਥਿਤ ਅਮਰੀਕੀ ਦੂਤਾਵਾਸ ਨੇ ਇੱਕ ਵਿਸ਼ੇਸ਼ ਬਿਆਨ ਜਾਰੀ ਕਰਦਿਆਂ ਕੈਨੇਡੀਅਨ ਸਿਆਸਤਦਾਨਾਂ ‘ਤੇ ਅਮਰੀਕੀ ਚੋਣਾਂ ਵਿੱਚ ਸਿੱਧੀ ਦਖ਼ਲਅੰਦਾਜ਼ੀ ਕਰਨ ਅਤੇ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਅਮਰੀਕੀ ਦੂਤਾਵਾਸ ਨੇ ਦੋਸ਼ ਲਾਇਆ ਕਿ ਕੈਨੇਡੀਅਨ ਆਗੂ ਆਪਣੇ ਜਨਤਕ ਭਾਸ਼ਣਾਂ, ਵਪਾਰਕ ਨੀਤੀਆਂ ਅਤੇ ਡੈਮੋਕ੍ਰੇਟਿਕ ਨੇਤਾਵਾਂ ਨਾਲ ਮੀਟਿੰਗਾਂ ਰਾਹੀਂ ਅਮਰੀਕੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਦੂਤਾਵਾਸ ਨੇ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਵੋਟਾਂ ਪਾਉਣ ਦੇ ਮਾਮਲੇ ਵਿੱਚ ਕੈਨੇਡੀਅਨ ਨਾਗਰਿਕਾਂ ਦੀ ਗ੍ਰਿਫ਼ਤਾਰੀ ਨੂੰ ਵੀ ਇਸੇ ਕਥਿਤ ਦਖ਼ਲਅੰਦਾਜ਼ੀ ਦੀ ਕੜੀ ਨਾਲ ਜੋੜਿਆ ਹੈ।
ਅਮਰੀਕੀ ਨਿਆਂ ਵਿਭਾਗ (DOJ) ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਘੱਟੋ-ਘੱਟ 13 ਕੈਨੇਡੀਅਨ ਨਾਗਰਿਕਾਂ ਵਿਰੁੱਧ ਅਮਰੀਕੀ ਚੋਣਾਂ ਵਿੱਚ ਗੈਰ-ਕਾਨੂੰਨੀ ਵੋਟਿੰਗ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਨ੍ਹਾਂ ਵਿੱਚ ਨੌਰਥ ਕੈਰੋਲੀਨਾ ਦਾ ਰੌਬਰਟ ਹੈਰੋਲਡ ਕਾਰਬੇਟ ਵੀ ਸ਼ਾਮਲ ਹੈ, ਜਿਸ ਦਾ ਜਨਮ ਕੈਨੇਡਾ ਵਿੱਚ ਹੋਇਆ ਸੀ ਪਰ ਉਸ ਦਾ ਪਾਲਣ-ਪੋਸ਼ਣ ਅਮਰੀਕਾ ਵਿੱਚ ਹੋਇਆ। ਕਾਰਬੇਟ ਅਨੁਸਾਰ ਉਸ ਨੂੰ 51 ਸਾਲ ਦੀ ਉਮਰ ਤੱਕ ਇਹ ਪਤਾ ਹੀ ਨਹੀਂ ਸੀ ਕਿ ਉਹ ਗੋਦ ਲਿਆ ਗਿਆ ਸੀ ਅਤੇ ਉਹ ਖ਼ੁਦ ਨੂੰ ਅਮਰੀਕੀ ਨਾਗਰਿਕ ਸਮਝਦਾ ਰਿਹਾ। ਅਮਰੀਕੀ ਏਜੰਸੀਆਂ ਨੇ ਉਸ ‘ਤੇ 1998 ਤੋਂ ਬਾਅਦ 6 ਚੋਣਾਂ ਵਿੱਚ ਵੋਟ ਪਾਉਣ ਦੇ ਦੋਸ਼ ਲਗਾਏ ਹਨ। ਕੈਲੀਫੋਰਨੀਆ ਅਤੇ ਵਾਸ਼ਿੰਗਟਨ ਸੂਬੇ ਵਿੱਚ ਵੀ ਕਈ ਪੱਕੇ ਵਸਨੀਕਾਂ (ਗ੍ਰੀਨ ਕਾਰਡ ਧਾਰਕਾਂ) ਨੂੰ ਇਸੇ ਤਰ੍ਹਾਂ ਦੇ ਮਾਮਲਿਆਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।
ਕਾਨੂੰਨੀ ਅਤੇ ਚੋਣ ਮਾਹਿਰਾਂ ਨੇ ਵੋਟਿੰਗ ਤੋਂ ਕੁਝ ਦਿਨ ਪਹਿਲਾਂ ਕੀਤੀਆਂ ਜਾ ਰਹੀਆਂ ਇਨ੍ਹਾਂ ਗ੍ਰਿਫ਼ਤਾਰੀਆਂ ਦੇ ਸਮੇਂ ‘ਤੇ ਸਵਾਲ ਚੁੱਕੇ ਹਨ। ਸੈਂਟਰ ਫਾਰ ਇਲੈਕਸ਼ਨ ਇਨੋਵੇਸ਼ਨ ਐਂਡ ਰਿਸਰਚ ਦੇ ਡਾਇਰੈਕਟਰ ਡੇਵਿਡ ਬੇਕਰ ਅਨੁਸਾਰ ਗੈਰ-ਨਾਗਰਿਕਾਂ ਵੱਲੋਂ ਵੋਟ ਪਾਉਣ ਦੇ ਮਾਮਲੇ ਬਹੁਤ ਦੁਰਲੱਭ ਹੁੰਦੇ ਹਨ ਅਤੇ ਅਕਸਰ ਇਹ ਕਲੈਰੀਕਲ ਜਾਂ ਸਾਫਟਵੇਅਰ ਦੀਆਂ ਤਕਨੀਕੀ ਗ਼ਲਤੀਆਂ ਕਾਰਨ ਵਾਪਰਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਐਨ ਪਹਿਲਾਂ ਅਜਿਹੀਆਂ ਗ੍ਰਿਫ਼ਤਾਰੀਆਂ ਕਰਨਾ ਚੋਣ ਪ੍ਰਕਿਰਿਆ ‘ਤੇ ਸ਼ੱਕ ਪੈਦਾ ਕਰਨ ਦੀ ਸਿਆਸੀ ਰਣਨੀਤੀ ਜਾਪਦੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਉਦਯੋਗ ਮੰਤਰੀ ਮੇਲਾਨੀ ਜੋਲੀ ਅਤੇ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕੀ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅਮਰੀਕਾ ਵੱਲੋਂ ਕੈਨੇਡੀਅਨ ਵਸਤਾਂ ‘ਤੇ ਟੈਰਿਫ਼ ਥੋਪੇ ਜਾਣ ਤੋਂ ਬਾਅਦ ਹੀ ਕੈਨੇਡਾ ਨੇ ਆਪਣੇ ਕਾਮਿਆਂ ਅਤੇ ਉਦਯੋਗਾਂ ਦੀ ਰਾਖੀ ਲਈ ਜਵਾਬੀ ਕਦਮ ਚੁੱਕੇ ਹਨ। ਪ੍ਰੀਮੀਅਰ ਡੱਗ ਫੋਰਡ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਅਮਰੀਕੀ ਚੋਣਾਂ ਵਿੱਚ ਦਖ਼ਲ ਦੇਣ ਵਿੱਚ ਕੋਈ ਦਿਲਚਸਪੀ ਨਹੀਂ ਹੈ ਅਤੇ ਅਮਰੀਕੀ ਜਨਤਾ ਆਪਣੇ ਭਵਿੱਖ ਦਾ ਫੈਸਲਾ ਖ਼ੁਦ ਕਰੇਗੀ।This report was written by Divroop Kaur as part of the Local Journalism Initiative.
ਅਮਰੀਕੀ ਚੋਣਾਂ ਵਿੱਚ ਦਖ਼ਲਅੰਦਾਜ਼ੀ ਦੇ ਦੋਸ਼ਾਂ ‘ਤੇ ਅਮਰੀਕਾ ਅਤੇ ਕੈਨੇਡਾ ਵਿਚਾਲੇ ਤਣਾਅ ਵਧਿਆ, ਔਟਵਾ ਸਥਿਤ ਦੂਤਾਵਾਸ ਨੇ ਜਾਰੀ ਕੀਤਾ ਬਿਆਨ

