9.7 C
Vancouver
Friday, November 6, 2026

ਹਵਾਈ ਹਾਦਸੇ ’ਚ ਜਾਨ ਗਵਾਉਣ ਵਾਲੇ ਪਾਇਲਟ ਟੌਮੀ ਫਾਰਕੁਹਾਰ ਦੀ ਯਾਦ ’ਚ ਸਕਾਲਰਸ਼ਿਪ ਸ਼ੁਰੂ

ਵੈਨਕੂਵਰ (ਏਕਜੋਤ ਸਿੰਘ): ਹਾਲ ਹੀ ਵਿੱਚ ਅਮਰੀਕਾ ਦੇ ਬੋਸਟਨ ਨੇੜੇ ਵਾਪਰੇ ਇੱਕ ਏਅਰ ਐਂਬੂਲੈਂਸ ਜਹਾਜ਼ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸਸਕੈਚਵਨ ਦੇ ਫਸਟ ਅਫਸਰ ਥਾਮਸ (ਟੌਮੀ) ਹੈਨਰੀ ਫਾਰਕੁਹਾਰ ਦੇ ਪਰਿਵਾਰ ਨੇ ਭਵਿੱਖ ਦੇ ਪਾਇਲਟਾਂ ਦੀ ਸਹਾਇਤਾ ਲਈ ਇੱਕ ਸਕਾਲਰਸ਼ਿਪ ਸ਼ੁਰੂ ਕੀਤੀ ਹੈ। ਟੌਮੀ ਅਲਬਰਟਾ ਸਥਿਤ ਪ੍ਰੇਰੀ ਕਾਲਜ ਦੇ ਪ੍ਰੇਰੀ ਏਵੀਏਸ਼ਨ ਟ੍ਰੇਨਿੰਗ ਸੈਂਟਰ ਦੇ ਸਾਲ 2023 ਦੇ ਗ੍ਰੈਜੂਏਟ ਸਨ। ਮੂਲ ਰੂਪ ਵਿੱਚ ਰੇਜੀਨਾ ਦੇ ਰਹਿਣ ਵਾਲੇ ਟੌਮੀ ਸਾਲ 2021 ਵਿੱਚ ਫਲਾਈਟ ਸਕੂਲ ਦੀ ਪੜ੍ਹਾਈ ਲਈ ਅਲਬਰਟਾ ਆਏ ਸਨ, ਜਿੱਥੇ ਉਨ੍ਹਾਂ ਨੇ ਆਪਣੀ ਸਿਖਲਾਈ ਮੁਕੰਮਲ ਕੀਤੀ ਅਤੇ ਵਿਆਹ ਕਰਵਾਇਆ।
ਕਾਲਜ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਸਕਾਲਰਸ਼ਿਪ ਉਨ੍ਹਾਂ ਨੌਜਵਾਨ ਪਾਇਲਟਾਂ ਦੀ ਵਿੱਤੀ ਮਦਦ ਕਰੇਗੀ ਜੋ ਟੌਮੀ ਵਾਂਗ ਹਵਾਬਾਜ਼ੀ ਖੇਤਰ ਵਿੱਚ ਸਮਰਪਣ ਅਤੇ ਸੇਵਾ ਭਾਵਨਾ ਨਾਲ ਅੱਗੇ ਵਧਣਾ ਚਾਹੁੰਦੇ ਹਨ।
ਟੌਮੀ ਹੈਮਿਲਟਨ ਸਥਿਤ ਲੈਟੀਟਿਊਡ ਏਅਰ ਐਂਬੂਲੈਂਸ ਵਿੱਚ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦਾ ਜਹਾਜ਼ 3 ਅਕਤੂਬਰ ਦੀ ਸਵੇਰ ਨੂੰ ਬਰਮੂਡਾ ਤੋਂ ਬੋਸਟਨ ਜਾਂਦੇ ਸਮੇਂ ਮੈਸਾਚੂਸਟਸ ਦੇ ਤੱਟ ਨੇੜੇ ਰਾਡਾਰ ਤੋਂ ਗਾਇਬ ਹੋ ਗਿਆ ਸੀ। ਹਵਾਈ ਆਵਾਜਾਈ ਕੰਟਰੋਲ ਦੇ ਆਡੀਓ ਅਨੁਸਾਰ ਜਹਾਜ਼ ਵਿੱਚ ਬਿਜਲੀ ਦੀ ਤਕਨੀਕੀ ਖਰਾਬੀ ਆਈ ਸੀ।
ਅਮਰੀਕੀ ਕੋਸਟ ਗਾਰਡ ਅਨੁਸਾਰ ਜਹਾਜ਼ ਵਿੱਚ 6 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਚਾਰ ਕੈਨੇਡੀਅਨ ਫਲਾਈਟ ਸਟਾਫ ਮੈਂਬਰ ਅਤੇ ਦੋ ਬਰਮੂਡਾ ਦੇ ਨਾਗਰਿਕ ਸ਼ਾਮਲ ਸਨ। ਹਾਦਸੇ ਤੋਂ ਬਾਅਦ ਜਹਾਜ਼ ਦਾ ਮਲਬਾ ਬਰਾਮਦ ਹੋਇਆ ਸੀ ਅਤੇ 4 ਅਕਤੂਬਰ ਨੂੰ ਖੋਜ ਮੁਹਿੰਮ ਬੰਦ ਕਰ ਦਿੱਤੀ ਗਈ ਸੀ।
ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ ਵੱਲੋਂ ਇਸ ਹਾਦਸੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਟੌਮੀ ਦਾ ਜੀਵਨ ਦੂਜਿਆਂ ਦੀ ਮਦਦ ਲਈ ਸਮਰਪਿਤ ਸੀ ਅਤੇ ਇਹ ਵਜ਼ੀਫਾ ਉਨ੍ਹਾਂ ਦੀ ਇਸੇ ਸੋਚ ਨੂੰ ਜਿਊਂਦਾ ਰੱਖੇਗਾ।

ਰੁਝਾਨ ਖਬਰਾਂ