ਹਵਾਈ ਸੈਨਾ ਦੇ ਹੈਲੀਕਾਪਟਰ ਅਤੇ ਅੱਗ ਬੁਝਾਊ ਅਮਲੇ ਦਾ 9 ਘੰਟੇ ਚੱਲਿਆ ਬਚਾਅ ਕਾਰਜ, ਸ਼ੂਗਰਲੋਫ ਪਹਾੜੀ ‘ਤੇ ਵਾਪਰਿਆ ਹਾਦਸਾ, ਰਾਹਗੀਰਾਂ ਨੇ ਦਿੱਤੀ ਮਦਦ
ਵੈਨਕੂਵਰ (ਏਕਜੋਤ ਸਿੰਘ): ਸੂਕ ਹਿੱਲਜ਼ ਵਿਲਡਰਨੈਸ ਰੀਜਨਲ ਪਾਰਕ ਵਿੱਚ ਸ਼ੂਗਰਲੋਫ ਪਹਾੜੀ ‘ਤੇ ਹਾਈਕਿੰਗ ਦੌਰਾਨ ਇੱਕ 59 ਸਾਲਾ ਵਿਅਕਤੀ 50 ਫੁੱਟ ਡੂੰਘੀ ਖੱਡ ਵਿੱਚ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਵਿਅਕਤੀ ਨੂੰ ਬਚਾਉਣ ਲਈ ਮੈਚੋਸਿਨ ਫਾਇਰ ਡਿਪਾਰਟਮੈਂਟ, ਮੈਚੋਸਿਨ ਸਰਚ ਐਂਡ ਰੈਸਕਿਊ ਅਤੇ ਰਾਇਲ ਕੈਨੇਡੀਅਨ ਏਅਰ ਫੋਰਸ (RCAF) ਦੀ 442 ਟਰਾਂਸਪੋਰਟ ਐਂਡ ਰੈਸਕਿਊ ਸਕੁਐਡਰਨ ਨੇ ਸਾਂਝਾ ਅਤੇ ਗੁੰਝਲਦਾਰ ਬਚਾਅ ਅਪਰੇਸ਼ਨ ਚਲਾਇਆ।
ਬਚਾਅ ਟੀਮਾਂ ਜ਼ਰੂਰੀ ਮੈਡੀਕਲ ਸਾਜ਼ੋ-ਸਾਮਾਨ ਲੈ ਕੇ ਪੈਦਲ ਉਸ ਔਖੇ ਪਹਾੜੀ ਰਸਤੇ ‘ਤੇ ਪਹੁੰਚੀਆਂ ਜਿੱਥੇ ਜ਼ਖ਼ਮੀ ਹਾਈਕਰ ਫਸਿਆ ਹੋਇਆ ਸੀ। ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਤਿਆਰ ਕੀਤਾ ਗਿਆ। ਰਾਇਲ ਕੈਨੇਡੀਅਨ ਏਅਰ ਫੋਰਸ ਦੇ ਸੀਐਚ-149 ਕੋਰਮੋਰੈਂਟ ਹੈਲੀਕਾਪਟਰ ਦੀ ਵਰਤੋਂ ਕਰਕੇ ਲੰਮੀ ਤਾਰ ਦੀ ਮਦਦ ਨਾਲ ਮਰੀਜ਼ ਨੂੰ ਹਵਾ ਵਿੱਚ ਲਿਫਟ ਕਰਕੇ ਵਿਕਟੋਰੀਆ ਦੇ ਹਸਪਤਾਲ ਪਹੁੰਚਾਇਆ ਗਿਆ।
ਇਹ ਬਚਾਅ ਕਾਰਜ ਲਗਭਗ 9 ਘੰਟੇ ਤੱਕ ਚੱਲਿਆ। ਹਸਪਤਾਲ ਪ੍ਰਸ਼ਾਸਨ ਅਨੁਸਾਰ ਵਿਅਕਤੀ ਦੇ ਸਰੀਰ ‘ਤੇ ਕਈ ਸੱਟਾਂ ਲੱਗੀਆਂ ਹਨ ਪਰ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਾਇਰ ਵਿਭਾਗ ਨੇ ਮੌਕੇ ‘ਤੇ ਮੌਜੂਦ ਰਾਹਗੀਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਜ਼ਖ਼ਮੀ ਨੂੰ ਲੱਭਣ ਵਿੱਚ ਮਦਦ ਕੀਤੀ ਅਤੇ ਬਚਾਅ ਟੀਮ ਦੇ ਪਹੁੰਚਣ ਤੱਕ ਉਸ ਦੇ ਕੋਲ ਡਟੇ ਰਹੇ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਮੈਚੋਸਿਨ ਫਾਇਰ ਟੀਮ ਨੇ ਇੱਕ ਚੱਟਾਨ ‘ਤੇ ਫਸੀ ਬੱਕਰੀ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਸੀ। This report was written by Ekjot Singh as part of the Local Journalism Initiative.
ਸੂਕ ਹਿੱਲਜ਼ ’ਚ 50 ਫੁੱਟ ਡੂੰਘੀ ਖੱਡ ‘ਚ ਡਿੱਗੇ ਹਾਈਕਰ ਨੂੰ ਸੁਰੱਖਿਅਤ ਬਚਾਇਆ

