9.7 C
Vancouver
Friday, November 6, 2026

ਸਾਫ਼ ਊਰਜਾ ਅਤੇ ਵਾਤਾਵਰਨ ਸੰਭਾਲ ਲਈ ਬੀਸੀ ਐੱਨਡੀਪੀ ਵੱਲੋਂ ਵੱਡੇ ਐਲਾਨ, ਕੰਜ਼ਰਵੇਟਿਵਾਂ ਦੀਆਂ ਨੀਤੀਆਂ ’ਤੇ ਚੁੱਕੇ ਸਵਾਲ

ਹੀਟ ਪੰਪਾਂ, ਬਾਲਕਨੀ ਸੋਲਰ ਅਤੇ ਈਵੀ ਚਾਰਜਿੰਗ ਨੈੱਟਵਰਕ ਰਾਹੀਂ ਘਟਾਏ ਜਾਣਗੇ ਬਿਜਲੀ ਦੇ ਬਿੱਲ : ਡੇਵਿਡ ਈਬੀ
ਵੈਨਕੂਵਰ (ਏਕਜੋਤ ਸਿੰਘ): ਨੇਲਸਨ ਵਿਖੇ ਇੱਕ ਚੋਣ ਪ੍ਰੋਗਰਾਮ ਦੌਰਾਨ ਬੀਸੀ ਐੱਨਡੀਪੀ (BC NDP) ਦੇ ਆਗੂ ਡੇਵਿਡ ਈਬੀ ਨੇ ਐਲਾਨ ਕੀਤਾ ਹੈ ਕਿ ਮੁੜ ਸਰਕਾਰ ਬਣਨ ‘ਤੇ ਉਨ੍ਹਾਂ ਦੀ ਪਾਰਟੀ ਸੂਬੇ ਦੇ ਵਾਤਾਵਰਨ ਦੀ ਸੰਭਾਲ ਅਤੇ ਸਾਫ਼ ਅਰਥਵਿਵਸਥਾ (Clean Economy) ਲਈ ਨਵੇਂ ਨਿਵੇਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਨਾਲ ਜਿੱਥੇ ਆਧੁਨਿਕ ਤਕਨੀਕਾਂ ਨੂੰ ਹੁਲਾਰਾ ਮਿਲੇਗਾ ਅਤੇ ਰੁਜ਼ਗਾਰ ਪੈਦਾ ਹੋਵੇਗਾ, ਉੱਥੇ ਹੀ ਆਮ ਲੋਕਾਂ ਦੇ ਘਰਾਂ ਨੂੰ ਗਰਮ ਤੇ ਠੰਢਾ ਰੱਖਣ ਦੇ ਖ਼ਰਚੇ ਘਟਣਗੇ, ਇਲੈਕਟ੍ਰਿਕ ਵਾਹਨ (EV) ਚਾਰਜਿੰਗ ਨੈੱਟਵਰਕ ਦਾ ਵਿਸਥਾਰ ਹੋਵੇਗਾ ਅਤੇ ਹਾਨੀਕਾਰਕ ਮੀਥੇਨ ਗੈਸਾਂ ਦੇ ਨਿਕਾਸ ਵਿੱਚ ਵੱਡੀ ਕਟੌਤੀ ਕੀਤੀ ਜਾਵੇਗੀ।
ਡੇਵਿਡ ਈਬੀ ਨੇ ਕੰਜ਼ਰਵੇਟਿਵ ਪਾਰਟੀ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇਸ ਸੂਬਾਈ ਚੋਣ ਵਿੱਚ ਜਨਤਾ ਕੋਲ ਦੋ ਸਪੱਸ਼ਟ ਬਦਲ ਹਨ—ਇੱਕ ਪਾਸੇ ਬੀਸੀ ਐੱਨਡੀਪੀ ਹੈ ਜੋ ਵਾਤਾਵਰਨ ਦੀ ਰਾਖੀ ਦੇ ਨਾਲ-ਨਾਲ ਨਵੀਆਂ ਨੌਕਰੀਆਂ ਪੈਦਾ ਕਰਨ ਲਈ ਵਚਨਬੱਧ ਹੈ, ਅਤੇ ਕੰਜ਼ਰਵੇਟਿਵ ਹਨ ਜਿਨ੍ਹਾਂ ਦੇ ਕਈ ਉਮੀਦਵਾਰ ਮੌਸਮੀ ਤਬਦੀਲੀ (Climate Change) ਦੇ ਵਿਗਿਆਨ ਨੂੰ ਹੀ ਨਹੀਂ ਮੰਨਦੇ ਅਤੇ ਉਹ ਪਿਛਲੇ ਸਾਲਾਂ ਦੌਰਾਨ ਬਣੇ ਵਾਤਾਵਰਨੀ ਸੁਰੱਖਿਆ ਦੇ ਨਿਯਮਾਂ ਨੂੰ ਰੱਦ ਕਰਕੇ ਸੂਬੇ ਦੀ ਪ੍ਰਗਤੀ ਨੂੰ ਰੋਕਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ ਵਾਤਾਵਰਨ ਦੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ।
ਇਸ ਮਕਸਦ ਲਈ ਡੇਵਿਡ ਈਬੀ ਨੇ ਚਾਰ ਪ੍ਰਮੁੱਖ ਤਰਜੀਹੀ ਖੇਤਰਾਂ ਵਿੱਚ ਰਣਨੀਤਕ ਨਿਵੇਸ਼ ਕਰਨ ਦਾ ਖ਼ਾਕਾ ਪੇਸ਼ ਕੀਤਾ:
ਯੂਥ ਕਲਾਈਮੇਟ ਕੋਰ ਦਾ ਵਿਸਥਾਰ: ਨੌਜਵਾਨਾਂ ਨੂੰ ਵਾਤਾਵਰਨ ਸੰਭਾਲ ਦੇ ਕੰਮਾਂ ਵਿੱਚ ਸਿਖਲਾਈ ਦੇਣ ਲਈ ਸਾਲਾਨਾ 4 ਮਿਲੀਅਨ ਡਾਲਰ ਦਾ ਬਜਟ ਦਿੱਤਾ ਜਾਵੇਗਾ। ਇਸ ਨਾਲ 17 ਤੋਂ 30 ਸਾਲ ਦੇ ਨੌਜਵਾਨਾਂ ਨੂੰ ਜੰਗਲੀ ਅੱਗ ਤੋਂ ਘਰਾਂ ਦੀ ਸੁਰੱਖਿਆ (FireSmart), ਵਾਤਾਵਰਨੀ ਬਹਾਲੀ ਅਤੇ ਹਮਲਾਵਰ ਬਨਸਪਤੀ ਹਟਾਉਣ ਦੇ ਕੰਮਾਂ ਲਈ ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਮਿਲਣਗੀਆਂ।
ਘਰਾਂ ਵਿੱਚ ਹੀਟ ਪੰਪ ਲਗਾਉਣ ਲਈ ਫੰਡ: ਗੈਸ ਭੱਠੀਆਂ ਦੀ ਥਾਂ ਹੀਟ ਪੰਪ ਲਗਾਉਣ ਵਾਲੇ ਪਰਿਵਾਰਾਂ ਦੀ ਮਦਦ ਲਈ ਸਾਲਾਨਾ 50 ਮਿਲੀਅਨ ਡਾਲਰ ਦਾ ਫੰਡ ਮੁਹੱਈਆ ਕਰਵਾਇਆ ਜਾਵੇਗਾ। ਇਸ ਨਾਲ ਬਿਜਲੀ ਦੇ ਬਿੱਲ ਅਤੇ ਗੈਸਾਂ ਦਾ ਨਿਕਾਸ ਦੋਵੇਂ ਘਟਣਗੇ। ਈਬੀ ਨੇ ਦਾਅਵਾ ਕੀਤਾ ਕਿ ਕੰਜ਼ਰਵੇਟਿਵ ਇਨ੍ਹਾਂ ਸਬਸਿਡੀਆਂ ਨੂੰ ਬੰਦ ਕਰ ਦੇਣਗੇ ਜਿਸ ਨਾਲ ਲੋਕਾਂ ਦੇ ਬਿੱਲ ਵਧਣਗੇ।
ਬਾਲਕਨੀ ਸੋਲਰ ਰਾਹੀਂ ਸਸਤੀ ਬਿਜਲੀ: ਘਰਾਂ ਅਤੇ ਅਪਾਰਟਮੈਂਟਾਂ ਦੀਆਂ ਬਾਲਕਨੀਆਂ ਵਿੱਚ ਸੋਲਰ ਪੈਨਲ ਲਗਾਉਣ ਦੇ ਨਿਯਮਾਂ ਨੂੰ ਸਰਲ ਬਣਾਇਆ ਜਾਵੇਗਾ। ਸਰਕਾਰੀ ਕਾਗ਼ਜ਼ੀ ਕਾਰਵਾਈਆਂ ਨੂੰ ਖ਼ਤਮ ਕਰਕੇ ਲੋਕਾਂ ਨੂੰ ਆਪਣੀ ਸਾਫ਼ ਬਿਜਲੀ ਖ਼ੁਦ ਪੈਦਾ ਕਰਨ ਅਤੇ ਛੋਟਾਂ (Rebates) ਹਾਸਲ ਕਰਨ ਦੇ ਯੋਗ ਬਣਾਇਆ ਜਾਵੇਗਾ।
ਈਵੀ (EV) ਚਾਰਜਿੰਗ ਨੈੱਟਵਰਕ ਦਾ ਵਿਸਥਾਰ: ਅਗਲੇ ਦਸ ਸਾਲਾਂ ਦੌਰਾਨ ਸੂਬੇ ਵਿੱਚ ਈਵੀ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਤਿੰਨ ਗੁਣਾ ਕਰਨ ਲਈ ਸਾਲਾਨਾ 16 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਮਿਲ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਨੇ ਸਾਲ 2030 ਤੱਕ ਮੀਥੇਨ ਗੈਸਾਂ ਦੇ ਨਿਕਾਸ ਵਿੱਚ 75 ਫ਼ੀਸਦੀ ਕਟੌਤੀ ਕਰਨ ਦਾ ਟੀਚਾ ਮਿੱਥਿਆ ਸੀ, ਜਿਸ ਵਿੱਚੋਂ 50 ਫ਼ੀਸਦੀ ਕਟੌਤੀ ਦੋ ਸਾਲ ਪਹਿਲਾਂ ਹੀ ਹਾਸਲ ਕਰ ਲਈ ਗਈ ਹੈ। ਉਨ੍ਹਾਂ ਵਾਅਦਾ ਕੀਤਾ ਕਿ ਮੁੜ ਚੁਣੀ ਜਾਣ ਵਾਲੀ ਐੱਨਡੀਪੀ ਸਰਕਾਰ ਸਾਲ 2035 ਤੱਕ ਸੂਬੇ ਵਿੱਚੋਂ ਮੀਥੇਨ ਦੇ ਨਿਕਾਸ ਨੂੰ ਲਗਭਗ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕੰਮ ਕਰੇਗੀ।

ਰੁਝਾਨ ਖਬਰਾਂ