9.7 C
Vancouver
Friday, November 6, 2026

ਵਰਨਨ ਮੇਅਰ ਚੋਣਾਂ: ਆਖਰੀ ਬਹਿਸ ’ਚ ਤਿੰਨਾਂ ਉਮੀਦਵਾਰਾਂ ਨੇ ਠੋਕਿਆ ਦਾਅਵਾ

ਸ਼ਹਿਰ ਦੀ ਸੁਰੱਖਿਆ, ਟੈਕਸਾਂ ਅਤੇ ਰਿਹਾਇਸ਼ੀ ਵਿਕਾਸ ‘ਤੇ ਉਮੀਦਵਾਰਾਂ ‘ਚ ਤਿੱਖੀ ਤਕਰਾਰ, 17 ਅਕਤੂਬਰ ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਚੋਣ ਸਰਗਰਮੀਆਂ ਸਿਖਰਾਂ ‘ਤੇ
ਵੈਨਕੂਵਰ (ਏਕਜੋਤ ਸਿੰਘ): ਵਰਨਨ ਵਿੱਚ 17 ਅਕਤੂਬਰ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਮੇਅਰ ਅਹੁਦੇ ਦੇ ਤਿੰਨਾਂ ਉਮੀਦਵਾਰਾਂ ਨੇ ਆਲ-ਕੈਂਡੀਡੇਟਸ ਫੋਰਮ ਵਿੱਚ ਆਖਰੀ ਵਾਰ ਆਹਮੋ-ਸਾਹਮਣੇ ਬੈਠ ਕੇ ਆਪਣੀਆਂ ਤਰਜੀਹਾਂ ਸਾਂਝੀਆਂ ਕੀਤੀਆਂ। ਗ੍ਰੇਟਰ ਵਰਨਨ ਚੈਂਬਰ ਆਫ਼ ਕਾਮਰਸ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਲਗਭਗ 300 ਸਥਾਨਕ ਨਾਗਰਿਕਾਂ ਨੇ ਸ਼ਿਰਕਤ ਕੀਤੀ। ਫੋਰਮ ਦੌਰਾਨ ਸ਼ਹਿਰ ਵਿੱਚ ਵੱਧ ਰਹੇ ਜੁਰਮਾਂ, ਜਾਇਦਾਦਾਂ ਦੀਆਂ ਕੀਮਤਾਂ, ਬੁਨਿਆਦੀ ਢਾਂਚੇ ਦੇ ਬਕਾਇਆ ਖਰਚਿਆਂ ਅਤੇ ਇਤਿਹਾਸਕ ਓ’ਕੀਫ ਰੈਂਚ ਦੇ ਭਵਿੱਖ ‘ਤੇ ਖੁੱਲ੍ਹ ਕੇ ਚਰਚਾ ਹੋਈ।
ਮੌਜੂਦਾ ਮੇਅਰ ਵਿਕਟਰ ਕਮਿੰਗ ਨੇ ਆਪਣੇ ਕਾਰਜਕਾਲ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਹਿਰ ਲਈ ਦਲੇਰਾਨਾ ਫੈਸਲੇ ਲੈਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਜੁਰਮਾਂ ਦੀ ਦਰ ਸਥਿਰ ਰਹੀ ਹੈ ਪਰ ਗੰਭੀਰ ਮਰੀਜ਼ਾਂ ਲਈ ਕੰਪਲੈਕਸ ਕੇਅਰ ਸੈਂਟਰ ਬਣਾਉਣ ਲਈ ਸੂਬਾ ਸਰਕਾਰ ‘ਤੇ ਦਬਾਅ ਬਣਾਇਆ ਜਾ ਰਿਹਾ ਹੈ। ਕੌਂਸਲਰ ਕਾਰੀ ਗੇਰਸ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਥਿਤੀ ਜਿਉਂ ਦੀ ਤਿਉਂ ਰੱਖਣ ਦੀ ਥਾਂ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਤਕਨਾਲੋਜੀ ਦੀ ਵਰਤੋਂ ਰਾਹੀਂ ਜਾਇਦਾਦਾਂ ਦੀ ਜਾਣਕਾਰੀ ਆਸਾਨ ਬਣਾਉਣ ਅਤੇ 20,000 ਨਵੇਂ ਵਸਨੀਕਾਂ ਦੀ ਆਮਦ ਨੂੰ ਸੰਭਾਲਣ ਲਈ ਨਵੀਆਂ ਰਿਹਾਇਸ਼ਾਂ ਉਸਾਰਨ ‘ਤੇ ਜ਼ੋਰ ਦਿੱਤਾ।
ਸਾਬਕਾ ਮੇਅਰ ਵੇਨ ਲਿਪਰਟ ਨੇ ਆਪਣੇ ਪੁਰਾਣੇ ਤਜਰਬੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਜਾਣਦੇ ਹਨ ਕਿ ਕੰਮ ਕਿਵੇਂ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਪੁਲਿਸ ਦੀਆਂ ਪੈਦਲ ਗਸ਼ਤਾਂ ਵਧਾਉਣ ਅਤੇ ਪੁਰਾਣੇ ‘ਰੈੱਡ ਜ਼ੋਨ’ ਨਿਯਮ ਮੁੜ ਲਾਗੂ ਕਰਨ ਦੀ ਵਕਾਲਤ ਕੀਤੀ ਤਾਂ ਜੋ ਸ਼ਹਿਰ ਦੇ ਕੇਂਦਰ ਨੂੰ ਅਪਰਾਧੀਆਂ ਤੋਂ ਮੁਕਤ ਰੱਖਿਆ ਜਾ ਸਕੇ। ਟੈਕਸਾਂ ਬਾਰੇ ਬੋਲਦਿਆਂ ਲਿਪਰਟ ਨੇ ਬੇਲੋੜੇ ਪ੍ਰੋਜੈਕਟਾਂ ਦੀ ਥਾਂ ਮੁੱਖ ਸਹੂਲਤਾਂ ‘ਤੇ ਧਿਆਨ ਦੇਣ ਦੀ ਗੱਲ ਕਹੀ, ਜਦਕਿ ਗੇਰਸ ਅਤੇ ਕਮਿੰਗ ਨੇ ਸਪੱਸ਼ਟ ਕੀਤਾ ਕਿ ਪੁਰਾਣੀਆਂ ਕੌਂਸਲਾਂ ਵੱਲੋਂ ਛੱਡੇ ਗਏ 78 ਮਿਲੀਅਨ ਡਾਲਰ ਦੇ ਬੁਨਿਆਦੀ ਘਾਟੇ ਨੂੰ ਪੂਰਾ ਕਰਨ ਲਈ ਹੀ ਵਿਸ਼ੇਸ਼ ਟੈਕਸ ਲਗਾਉਣੇ ਪਏ ਹਨ।This report was written by Ekjot Singh as part of the Local Journalism Initiative.

ਰੁਝਾਨ ਖਬਰਾਂ