9.7 C
Vancouver
Friday, November 6, 2026

ਮੰਤਰੀ ਮਨਿੰਦਰ ਸਿੱਧੂ ਦੀ ਅਗਵਾਈ ਹੇਠ ਕੈਨੇਡਾ ਦਾ ਵਫ਼ਦ ਭਾਰਤ ਦੌਰੇ ’ਤੇ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦਾ ਕੈਨੇਡਾ ਦੌਰਾ 11-12 ਦਸੰਬਰ ਨੂੰ
ਵੈਨਕੂਵਰ (ਏਕਜੋਤ ਸਿੰਘ): ਵਪਾਰਕ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਲਈ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਸੈਂਕੜੇ ਕਾਰੋਬਾਰੀ ਲੀਡਰਾਂ ਦੇ ਇੱਕ ਵਫ਼ਦ ਨਾਲ ਭਾਰਤ ਪਹੁੰਚੇ ਹਨ। ਪਿਛਲੇ 30 ਵਰ੍ਹਿਆਂ ਦੌਰਾਨ ਕੈਨੇਡਾ ਵੱਲੋਂ ਭਾਰਤ ਭੇਜਿਆ ਜਾਣ ਵਾਲਾ ਇਹ ਸਭ ਤੋਂ ਵਿਸ਼ਾਲ ਵਪਾਰਕ ਵਫ਼ਦ ਮੰਨਿਆ ਜਾ ਰਿਹਾ ਹੈ। ਇਸ ਮਿਸ਼ਨ ਦਾ ਮੁੱਖ ਉਦੇਸ਼ ਸਾਲ 2026 ਦੇ ਅੰਤ ਤੱਕ ਭਾਰਤ ਨਾਲ ਮੁਕਤ ਵਪਾਰ ਸਮਝੌਤਾ (CEPA) ਸਿਰੇ ਚਾੜ੍ਹਨਾ ਹੈ। ਇਸ ਤੋਂ ਪਹਿਲਾਂ ਇਸੇ ਸਾਲ ਮਈ ਮਹੀਨੇ ਦੌਰਾਨ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਵੀ 100 ਤੋਂ ਵੱਧ ਉੱਘੇ ਕਾਰੋਬਾਰੀਆਂ ਦੇ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਦਿਆਂ ਕੈਨੇਡਾ ਆਏ ਸਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਅਤੇ 12 ਦਸੰਬਰ ਨੂੰ ਕੈਨੇਡਾ ਦੇ ਦੌਰੇ ‘ਤੇ ਆਉਣਗੇ। ਆਪਣੇ ਇਸ ਅਹਿਮ ਦੌਰੇ ਦੌਰਾਨ ਮੋਦੀ ਟੋਰਾਂਟੋ ਅਤੇ ਰਾਜਧਾਨੀ ਔਟਵਾ ਜਾਣਗੇ, ਜਦਕਿ ਦੌਰੇ ਵਿੱਚ ਕੁਝ ਹੋਰ ਸ਼ਹਿਰਾਂ ਨੂੰ ਸ਼ਾਮਲ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਦੋਵਾਂ ਮੁਲਕਾਂ ਵਿਚਾਲੇ ਇਹ ਉੱਚ ਪੱਧਰੀ ਫੇਰੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੋਵੇਂ ਧਿਰਾਂ ਆਪਸੀ ਕੂਟਨੀਤਕ ਅਤੇ ਆਰਥਿਕ ਸਬੰਧਾਂ ਨੂੰ ਮੁੜ ਲੀਹ ‘ਤੇ ਲਿਆਉਣ ਲਈ ਤੇਜ਼ੀ ਨਾਲ ਕਦਮ ਵਧਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਭਾਰੀ ਕੁੜੱਤਣ ਆ ਗਈ ਸੀ ਅਤੇ ਦੋਵਾਂ ਪਾਸਿਆਂ ਤੋਂ ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਮੁਲਕ ਛੱਡਣ ਦੇ ਹੁਕਮ ਦਿੱਤੇ ਗਏ ਸਨ। ਭਾਰਤ ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਲਗਾਤਾਰ ਰੱਦ ਕੀਤਾ ਸੀ, ਪਰ ਹੁਣ ਦੋਵੇਂ ਮੁਲਕ ਬੀਤੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਵਪਾਰਕ ਸਾਂਝ ਮਜ਼ਬੂਤ ਕਰਨ ਵੱਲ ਧਿਆਨ ਕੇਂਦਰਿਤ ਕਰ ਰਹੇ ਹਨ।
ਇਸ ਇਤਿਹਾਸਕ ਦੌਰੇ ਤੋਂ ਪਹਿਲਾਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ 12 ਅਕਤੂਬਰ ਤੋਂ ਭਾਰਤ ਅਤੇ ਯੂਏਈ ਦੇ 4 ਦਿਨਾਂ ਦੌਰੇ ‘ਤੇ ਹਨ। ਨਵੀਂ ਦਿੱਲੀ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਵਪਾਰ, ਸਿੱਖਿਆ, ਤਕਨਾਲੋਜੀ, ਸੁਰੱਖਿਆ, ਊਰਜਾ ਅਤੇ ਦੋਵਾਂ ਦੇਸ਼ਾਂ ਦੇ ਆਵਾਮ ਵਿਚਾਲੇ ਆਪਸੀ ਰਿਸ਼ਤਿਆਂ ਨੂੰ ਨਵਾਂ ਹੁਲਾਰਾ ਦੇਣ ‘ਤੇ ਚਰਚਾ ਹੋਈ। ਮਨਿਸਟਰ ਆਨੰਦ ਭਾਰਤ ਵਿੱਚ ਇੱਕ ਆਰਥਿਕ ਸੰਮੇਲਨ ਵਿੱਚ ਵੀ ਹਿੱਸਾ ਲੈ ਰਹੇ ਹਨ। ਇਸ ਉਪਰੰਤ ਉਹ ਯੂਏਈ ਦੇ ਦੌਰੇ ਦੌਰਾਨ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰਕੇ ਵਪਾਰਕ ਭਾਈਵਾਲੀ ਵਧਾਉਣਗੇ। ਇਸੇ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਅਤੇ ਦੁਵੱਲੇ ਵਪਾਰ ਬਾਰੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਹੈ।
ਦੋਵੇਂ ਦੇਸ਼ ਸਾਲ 2030 ਤੱਕ ਦੁਵੱਲੇ ਵਪਾਰ ਨੂੰ 70 ਬਿਲੀਅਨ ਡਾਲਰ ਸਾਲਾਨਾ ਤੱਕ ਪਹੁੰਚਾਉਣ ਦਾ ਟੀਚਾ ਮਿੱਥ ਕੇ ਕੰਮ ਕਰ ਰਹੇ ਹਨ। ਅੰਕੜਿਆਂ ਅਨੁਸਾਰ ਸਾਲ 2025 ਵਿੱਚ ਕੈਨੇਡਾ ਅਤੇ ਭਾਰਤ ਵਿਚਕਾਰ ਲਗਭਗ 13.6 ਬਿਲੀਅਨ ਡਾਲਰ ਦਾ ਵਪਾਰ ਹੋਇਆ ਸੀ। ਇਸ ਵਿੱਚੋਂ ਕੈਨੇਡਾ ਨੇ ਭਾਰਤ ਨੂੰ 3.9 ਬਿਲੀਅਨ ਡਾਲਰ ਦੀਆਂ ਵਸਤਾਂ ਬਰਾਮਦ ਕੀਤੀਆਂ ਸਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਦਾਲਾਂ, ਸਬਜ਼ੀਆਂ, ਖਣਿਜ ਬਾਲਣ ਅਤੇ ਤੇਲ ਸ਼ਾਮਲ ਸਨ। ਭਾਰਤ ਵੱਲੋਂ ਕੈਨੇਡਾ ਨੂੰ 9.7 ਬਿਲੀਅਨ ਡਾਲਰ ਦਾ ਸਾਮਾਨ ਨਿਰਯਾਤ ਕੀਤਾ ਗਿਆ, ਜਿਸ ਵਿੱਚ ਕੀਮਤੀ ਪੱਥਰ, ਧਾਤਾਂ, ਮਸ਼ੀਨਰੀ ਅਤੇ ਫਾਰਮਾਸਿਊਟੀਕਲ ਦਵਾਈਆਂ ਪ੍ਰਮੁੱਖ ਸਨ। ਦੋਵੇਂ ਸਰਕਾਰਾਂ ਹੁਣ ਆਰਥਿਕ ਹਿੱਤਾਂ ਨੂੰ ਤਰਜੀਹ ਦਿੰਦਿਆਂ ਫੈਡਰਲ ਪੱਧਰ ‘ਤੇ ਇਨ੍ਹਾਂ ਸੰਬੰਧਾਂ ਨੂੰ ਸਥਾਈ ਤੇ ਮਜ਼ਬੂਤ ਬਣਾਉਣ ਲਈ ਯਤਨਸ਼ੀਲ ਹਨ।

ਰੁਝਾਨ ਖਬਰਾਂ