9.7 C
Vancouver
Friday, November 6, 2026

ਬੀ.ਸੀ. ਵੂਮੈਨਜ਼ ਹਸਪਤਾਲ ਵਿੱਚ ਖੁੱਲ੍ਹੇਗਾ ਦੇਸ਼ ਦਾ ਪਹਿਲਾ ਪੈਰੀਨੇਟਲ ਮਾਨਸਿਕ ਸਿਹਤ ਕੇਂਦਰ: ਡੇਵਿਡ ਈਬੀ

ਔਰਤਾਂ ਦੀ ਸਿਹਤ ਸੰਭਾਲ ਲਈ ਸੂਬਾ ਪੱਧਰੀ ਰਣਨੀਤੀ, ਮੀਨੋਪੌਜ਼ ਇਲਾਜ ਦਾ ਦਾਇਰਾ ਵਧਾਏਗੀ ਐੱਨਡੀਪੀ ਸਰਕਾਰ
ਵੈਨਕੂਵਰ (ਏਕਜੋਤ ਸਿੰਘ): ਬੀ.ਸੀ. ਐੱਨਡੀਪੀ ਦੇ ਆਗੂ ਡੇਵਿਡ ਈਬੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਮੁੜ ਚੁਣੇ ਜਾਣ ‘ਤੇ ਉਨ੍ਹਾਂ ਦੀ ਸਰਕਾਰ ਕੈਨੇਡਾ ਦਾ ਪਹਿਲਾ ਪੈਰੀਨੇਟਲ ਮਾਨਸਿਕ ਸਿਹਤ ਯੂਨਿਟ ਸਥਾਪਤ ਕਰੇਗੀ, ਮੀਨੋਪੌਜ਼ ਦੀਆਂ ਦਵਾਈਆਂ ਦੀ ਕਵਰੇਜ ਦਾ ਵਿਸਥਾਰ ਕਰੇਗੀ ਅਤੇ ਸਮੁੱਚੇ ਸੂਬੇ ਲਈ ਇੱਕ ਵਿਸ਼ੇਸ਼ ਮਹਿਲਾ ਸਿਹਤ ਰਣਨੀਤੀ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਹਾਸਲ ਕਰਨ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਦੂਰ ਕਰਨਾ ਬੇਹੱਦ ਜ਼ਰੂਰੀ ਹੈ।
ਇਸ ਯੋਜਨਾ ਤਹਿਤ ਬੀਸੀ ਵੂਮੈਨਜ਼ ਹਸਪਤਾਲ ਵਿਖੇ ਇੱਕ ਵਿਸ਼ੇਸ਼ ਯੂਨਿਟ ਬਣਾਇਆ ਜਾਵੇਗਾ ਜਿੱਥੇ ਬੱਚੇ ਦੇ ਜਨਮ ਤੋਂ ਬਾਅਦ ਮਾਨਸਿਕ ਤਣਾਅ ਜਾਂ ਡਿਪ੍ਰੈਸ਼ਨ ਨਾਲ ਜੂਝ ਰਹੀਆਂ ਮਾਵਾਂ ਨੂੰ ਆਪਣੇ ਨਵਜੰਮੇ ਬੱਚਿਆਂ ਦੇ ਨਾਲ ਰਹਿ ਕੇ ਇਲਾਜ ਕਰਵਾਉਣ ਦੀ ਸਹੂਲਤ ਮਿਲੇਗੀ। ਇਸ ਨਾਲ ਮਾਵਾਂ ਨੂੰ ਆਪਣੇ ਬੱਚਿਆਂ ਤੋਂ ਵੱਖ ਨਹੀਂ ਹੋਣਾ ਪਵੇਗਾ। ਇਸ ਤੋਂ ਇਲਾਵਾ ਛਾਤੀ ਦੇ ਕੈਂਸਰ ਤੋਂ ਪੀੜਤ ਔਰਤਾਂ, ਜੋ ਆਮ ਹਾਰਮੋਨ ਥੈਰੇਪੀ ਨਹੀਂ ਲੈ ਸਕਦੀਆਂ, ਉਨ੍ਹਾਂ ਨੂੰ ਬੀਸੀ ਫਾਰਮਾਕੇਅਰ ਤਹਿਤ ਬਦਲਵੇਂ ਮੀਨੋਪੌਜ਼ ਇਲਾਜ ਮੁਹੱਈਆ ਕਰਵਾਏ ਜਾਣਗੇ ਅਤੇ ਫਾਰਮਾਸਿਸਟਾਂ ਰਾਹੀਂ ਸਿੱਧੀਆਂ ਦਵਾਈਆਂ ਲੈਣ ਦੀ ਸਹੂਲਤ ਵਧਾਈ ਜਾਵੇਗੀ।
ਈਬੀ ਨੇ ਦੱਸਿਆ ਕਿ 2017 ਤੋਂ ਹੁਣ ਤੱਕ ਉਨ੍ਹਾਂ ਦੀ ਸਰਕਾਰ ਨੇ ਪੱਛਮੀ ਕੈਨੇਡਾ ਦਾ ਪਹਿਲਾ ਕੰਪਲੈਕਸ ਮੀਨੋਪੌਜ਼ ਕਲੀਨਿਕ ਖੋਲ੍ਹਿਆ ਹੈ, ਗਰਭ ਨਿਰੋਧਕ ਦਵਾਈਆਂ ਮੁਫ਼ਤ ਕੀਤੀਆਂ ਹਨ ਅਤੇ ਆਈਵੀਐਫ (IVF) ਸਾਈਕਲ ਲਈ ਸਰਕਾਰੀ ਫੰਡਿੰਗ ਸ਼ੁਰੂ ਕੀਤੀ ਹੈ। ਬੀਸੀ ਵਿਮੈਨਜ਼ ਹੈਲਥ ਫਾਊਂਡੇਸ਼ਨ ਦੇ ਪ੍ਰਧਾਨ ਕੈਲੀ ਵੈਸਨ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਮਹਿਲਾਵਾਂ ਦੀ ਸਿਹਤ ਪੂਰੇ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਹ ਫੈਸਲਾ ਇਤਿਹਾਸਕ ਸਾਬਤ ਹੋਵੇਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ