9.7 C
Vancouver
Friday, November 6, 2026

ਬਜਟ ਬਣਾਉਣ ਦੀ ਆਦਤ ਬਣਾਓ

ਯੋਜਨਾ ਬਣਾਉਣ ਨਾਲ ਸ਼ੁਰੂਆਤ ਕਰੋ
ਸਭ ਤੋਂ ਪਹਿਲਾਂ ਆਪਣੀਆਂ ਛੋਟੀਆਂ ਤੋਂ ਵੱਡੀਆਂ ਲੋੜਾਂ ਅਤੇ ਇੱਛਾਵਾਂ ਦੀ ਸੂਚੀ ਬਣਾ ਕੇ ਦੇਖੋ। ਖਰਚਿਆਂ ਨੂੰ ਜ਼ਰੂਰਤਾਂ ਅਤੇ ਚਾਹਤਾਂ ਦੇ ਵਿਚ ਵੰਡਣ ਨਾਲ ਤੁਹਾਨੂੰ ਗਿਆਨ ਹੋਵੇਗਾ ਕਿ ਜਿਉਣ ਲਈ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ ਅਤੇ ਕਿਹੜੇ-ਕਿਹੜੇ ਖਰਚੇ ਸਿਰਫ਼ ਤੁਹਾਡੀ ਜੀਵਨ ਸ਼ੈਲੀ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਹਨ।
ਤੁਹਾਨੂੰ ਆਪਣੀ ਆਮਦਨ ਦੇ ਹਿਸਾਬ ਨਾਲ ਚੱਲਣਾ ਪਵੇਗਾ ਅਤੇ ਇਸ ਦੇ ਆਧਾਰ ‘ਤੇ ਹੀ ਲਾਗਤ ਕੱਢਣੀ ਪਵੇਗੀ। ਸਿਰਫ ਬਜਟ ਬਣਾਉਣਾ ਹੀ ਕਾਫੀ ਨਹੀਂ ਹੈ। ਇਸ ਨੂੰ ਦੇਖੋ ਕਿ ਤੁਹਾਡਾ ਬਜਟ ਸਿਰਫ਼ ਕਾਗਜ਼ਾਂ ‘ਤੇ ਹੀ ਨਹੀਂ, ਸਗੋਂ ਅਸਲੀ ਜ਼ਿੰਦਗੀ ਵਿਚ ਵੀ ਸਹੀ ਚੱਲ ਰਿਹਾ ਹੈ ਜਾਂ ਨਹੀਂ।
ਕਾਰ ਮੁਰੰਮਤ, ਦਵਾਈਆਂ ਦੇ ਖਰਚੇ, ਵਿਆਹ ਅਤੇ ਜਨਮ ਦਿਨ, ਘਰੇਲੂ ਉਪਕਰਨਾਂ ਦੀ ਮੁਰੰਮਤ, ਅਚਨਚੇਤ ਯਾਤਰਾਵਾਂ ਅਜਿਹੇ ਖਰਚੇ ਹਨ, ਜਿਨ੍ਹਾਂ ਲਈ ਤੁਹਾਡੇ ਬਜਟ ਵਿਚ ਕੁਝ ਜਗ੍ਹਾ ਜ਼ਰੂਰ ਹੋਣੀ ਚਾਹੀਦੀ ਹੈ।
ਜੇ ਤੁਹਾਡੇ ਪਰਿਵਾਰ ਵਿਚ ਵੱਡੇ ਅਤੇ ਜਵਾਨ ਲੋਕ ਹਨ ਤਾਂ ਬਿਹਤਰ ਹੋਵੇਗਾ ਕਿ ਉਨ੍ਹਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੋਵੇ ਕਿ ਇਕ ਪੂਰਾ ਮਹੀਨਾ ਮਹੀਨਾਵਾਰ ਆਮਦਨ ਨੂੰ ਕਿਵੇਂ ਚਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜੇ ਤੁਹਾਡੇ ਘਰ ਵਿਚ ਬੱਚੇ ਹਨ ਤਾਂ ਉਨ੍ਹਾਂ ਨੂੰ ਵੀ ਇਸ ਦੀ ਜਾਣਕਾਰੀ ਦਿਓ ਅਤੇ ਸਿਖਾਓ ਕਿ ਬਜਟ ਕਿਵੇਂ ਬਣਾਇਆ ਜਾਂਦਾ ਹੈ। ਤੁਸੀਂ ਨਿਸਚਿਤ ਹੀ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਤੁਹਾਡੇ ਬੱਚਿਆਂ ਦੇ ਕੋਲ ਕਿੰਨੇ ਨਵੇਂ ਅਤੇ ਫਾਇਦੇਮੰਦ ਸੁਝਾਅ ਹਨ।
ਟੀਚਾ ਨਿਰਧਾਰਤ ਕਰੋ
ਹਰ ਮਹੀਨੇ ਕੁਝ ਪੈਸੇ ਬਚਾਉਣ ਦਾ ਟੀਚਾ ਬਣਾਓ ਅਤੇ ਇਸ ਦੇ ਜ਼ਰੀਏ ਕੁਝ ਹਾਸਲ ਕਰਨ ‘ਤੇ ਖੁਸ਼ੀ ਮਹਿਸੂਸ ਕਰੋ, ਚਾਹੇ ਉਹ ਕੋਈ ਮੋਬਾਈਲ ਹੋਵੇ ਜਾਂ ਛੁੱਟੀ ‘ਤੇ ਬਾਹਰ ਜਾਣ ਦਾ ਪ੍ਰੋਗਰਾਮ ਹੋਵੇ। ਬਜਟ ਬਣਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਫੰਦੇ ਵਿਚ ਫਸ ਗਏ ਹੋ। ਇਹ ਤੁਹਾਡੀ ਆਰਥਿਕ ਸੁਤੰਤਰਤਾ ਅਤੇ ਸਹੂਲਤ ਲਈ ਹੋਣਾ ਚਾਹੀਦਾ ਹੈ, ਨਾ ਕਿ ਕੋਈ ਬੰਨ੍ਹਣ।
ਹਰ ਸਾਲ ਬਜਟ ਬਣਾਓ
ਬਜਟਿੰਗ ਨੂੰ ਆਦਤ ਵਿਚ ਸ਼ਾਮਿਲ ਕਰੋ। ਜੇ ਇਸ ਵਿਚ ਕੁਝ ਸਮਾਂ ਵੀ ਲੱਗੇ ਅਤੇ ਕੁਝ ਝੰਜਟ ਸਮਝ ਵਿਚ ਆਵੇ ਤਾਂ ਵੀ ਇਸ ਕੰਮ ਨੂੰ ਕਰੋ। ਜੇ ਤੁਹਾਨੂੰ ਇਸ ਵਿਚ ਕੁਝ ਮੁਸ਼ਕਿਲ ਸਮਝ ਵਿਚ ਆਉਂਦੀ ਹੈ ਤਾਂ ਇਸ ਨੂੰ ਆਸਾਨ ਬਣਾਓ। ਖਰਚਿਆਂ ਨੂੰ ਲਿਖੋ। ਜੇ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਸੀਂ ਇਸ ਦੇ ਲਈ ਗੰਭੀਰ ਨਹੀਂ ਹੋ।
ਜਦੋਂ ਵੀ ਤੁਹਾਨੂੰ ਬੋਨਸ ਜਾਂ ਵਾਧੂ ਮੁਨਾਫ਼ਾ ਹੋਵੇ ਤਾਂ ਵੱਡੇ ਖਰਚਿਆਂ ਲਈ ਪੈਸਾ ਬਚਾਓ। ਜਿਵੇਂ ਛੁੱਟੀਆਂ ਬਿਤਾਉਣ ਲਈ ਜਾਂ ਫਿਰ ਤਿਉਹਾਰਾਂ ‘ਤੇ ਹੋਣ ਵਾਲੇ ਖਰਚੇ ਲਈ ਪੈਸਾ ਬਚਾਓ। ਬੱਚਤ ਵੀ ਆਮਦਨ ਹੀ ਹੈ। ਕਹਾਵਤ ਹੈ ਕਿ ਜਿੰਨੀ ਚਾਦਰ ਹੋਵੇ, ਪੈਰ ਓਨੇ ਹੀ ਪਸਾਰਨੇ ਚਾਹੀਦੇ ਹਨ।
ਬਜਟ ਬਣਾਉਣ ਨਾਲ ਤੁਹਾਨੂੰ ਆਪਣੀ ਚਾਦਰ ਦਾ ਆਕਾਰ ਸਪੱਸ਼ਟ ਰੂਪ ਨਾਲ ਪਤਾ ਹੁੰਦਾ ਹੈ। ਫਿਰ ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਤੁਹਾਡੇ ਲਈ ਚਾਦਰ ਵੱਡੀ ਕਰਨੀ ਜ਼ਰੂਰੀ ਹੈ ਜਾਂ ਪੈਰ ਘੱਟ ਪਸਾਰ ਕੇ ਕੰਮ ਚਲਾਇਆ ਜਾ ਸਕਦਾ ਹੈ।

ਰੁਝਾਨ ਖਬਰਾਂ