9.7 C
Vancouver
Friday, November 6, 2026

ਪੋਪ ਲੀਓ 14 ਦੇ ਫੇਫੜੇ ਦੀ ਹੋਵੇਗੀ ਸਰਜਰੀ, ਰੋਮ ਦੇ ਜੇਮੇਲੀ ਹਸਪਤਾਲ ‘ਚ ਹੋਣਗੇ ਦਾਖ਼ਲ

ਵੈਕਟੀਕਨ : ਈਸਾਈ ਧਰਮ ਦੇ ਸਰਵਉੱਚ ਆਗੂ ਪੋਪ ਲੀਓ 14 ਦੇ ਫੇਫੜੇ ਵਿੱਚੋਂ ਇੱਕ ਗਿਲਟੀ (ਨੋਡਿਊਲ) ਕੱਢਣ ਲਈ ਇਸ ਹਫ਼ਤੇ ਸਰਜਰੀ ਕੀਤੀ ਜਾਵੇਗੀ। ਵੈਟੀਕਨ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਨੋਡਿਊਲ ਬਹੁਤ ਸ਼ੁਰੂਆਤੀ ਪੜਾਅ ਵਿੱਚ ਸਾਹਮਣੇ ਆ ਗਿਆ ਹੈ। ਉਨ੍ਹਾਂ ਦੇ 17 ਮਹੀਨਿਆਂ ਦੇ ਪੋਪ ਕਾਰਜਕਾਲ ਦੌਰਾਨ ਇਹ ਪਹਿਲਾ ਡਾਕਟਰੀ ਮਾਮਲਾ ਹੈ। ਵੈਟੀਕਨ ਨੇ ਦੱਸਿਆ ਕਿ 71 ਸਾਲਾ ਪੋਪ ਨੂੰ ਮੰਗਲਵਾਰ ਦੁਪਹਿਰ ਤੋਂ ਪਹਿਲਾਂ ਰੋਮ ਦੇ ਮਸ਼ਹੂਰ ਅਗੋਸਤੀਨੋ ਜੇਮੇਲੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇਗਾ ਅਤੇ ਆਪ੍ਰੇਸ਼ਨ ਤੋਂ ਬਾਅਦ ਲਗਭਗ ਇੱਕ ਹਫ਼ਤੇ ਵਿੱਚ ਉਨ੍ਹਾਂ ਦੇ ਠੀਕ ਹੋਣ ਦੀ ਉਮੀਦ ਹੈ। ਡਾਕਟਰੀ ਮਾਹਿਰਾਂ ਅਨੁਸਾਰ ਫੇਫੜਿਆਂ ਦਾ ਨੋਡਿਊਲ ਤਿੰਨ ਸੈਂਟੀਮੀਟਰ (ਲਗਭਗ 1.2 ਇੰਚ) ਤੋਂ ਘੱਟ ਆਕਾਰ ਦਾ ਇੱਕ ਅਸਧਾਰਨ ਹਿੱਸਾ ਹੁੰਦਾ ਹੈ, ਜੋ ਅਕਸਰ ਸੀਟੀ ਸਕੈਨ ਰਾਹੀਂ ਕਿਸੇ ਹੋਰ ਜਾਂਚ ਦੌਰਾਨ ਸਾਹਮਣੇ ਆਉਂਦਾ ਹੈ। ਜਾਰਜਟਾਊਨ ਦੇ ਕੈਂਸਰ ਮਾਹਿਰ ਡਾਕਟਰ ਸਟੀਫਨ ਲਿਊ ਨੇ ਦੱਸਿਆ ਕਿ ਜੇਕਰ ਇਹ ਗਿਲਟੀ ਕੈਂਸਰ ਵਾਲੀ ਵੀ ਹੋਵੇ ਅਤੇ ਸ਼ੁਰੂਆਤੀ ਦੌਰ ਵਿੱਚ ਹੀ ਹਟਾ ਦਿੱਤੀ ਜਾਵੇ ਤਾਂ ਮਰੀਜ਼ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਦੀਆਂ ਸੰਭਾਵਨਾਵਾਂ ਬਹੁਤ ਮਜ਼ਬੂਤ ਹੁੰਦੀਆਂ ਹਨ। ਪੋਪ ਲੀਓ ਆਮ ਤੌਰ ‘ਤੇ ਸਰੀਰਕ ਤੌਰ ‘ਤੇ ਬਿਲਕੁਲ ਤੰਦਰੁਸਤ ਹਨ, ਜੋ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਇੱਕ ਸਕਾਰਾਤਮਕ ਪਹਿਲੂ ਹੈ।
ਪੋਪ ਦਾ ਇਲਾਜ ਜੇਮੇਲੀ ਹਸਪਤਾਲ ਦੀ 10ਵੀਂ ਮੰਜ਼ਿਲ ‘ਤੇ ਬਣੇ ਵਿਸ਼ੇਸ਼ ਅਪਾਰਟਮੈਂਟ ਵਿੱਚ ਹੋਵੇਗਾ, ਜਿਸ ਵਿੱਚ ਇੱਕ ਨਿੱਜੀ ਪ੍ਰਾਰਥਨਾ ਸਥਾਨ ਵੀ ਹੈ। ਇਸ ਤੋਂ ਪਹਿਲਾਂ ਪੋਪ ਫਰਾਂਸਿਸ ਅਤੇ ਸੇਂਟ ਜੌਨ ਪਾਲ ਦੂਜੇ ਦਾ ਇਲਾਜ ਵੀ ਇਸੇ ਹਸਪਤਾਲ ਵਿੱਚ ਹੁੰਦਾ ਰਿਹਾ ਹੈ। ਪੋਪ ਲੀਓ ਨੇ ਆਪ੍ਰੇਸ਼ਨ ਤੋਂ ਪਹਿਲਾਂ ਸੋਮਵਾਰ ਨੂੰ ਆਪਣੀਆਂ ਸਾਰੀਆਂ ਨਿਰਧਾਰਿਤ ਮੀਟਿੰਗਾਂ ਪੂਰੀਆਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਦਾ 6 ਤੋਂ 17 ਨਵੰਬਰ ਦਰਮਿਆਨ ਉਰੂਗਵੇ, ਅਰਜਨਟੀਨਾ ਅਤੇ ਪੇਰੂ ਦਾ ਦੌਰਾ ਵੀ ਪ੍ਰਸਤਾਵਿਤ ਹੈ, ਜਿਸ ਨੂੰ ਉਹ ਰੱਦ ਨਹੀਂ ਕਰਨਾ ਚਾਹੁੰਦੇ।
ਵੈਟੀਕਨ ਦੇ ਨਿਯਮਾਂ ਅਨੁਸਾਰ ਸਰਜਰੀ ਦੌਰਾਨ ਬੇਹੋਸ਼ੀ ਦੀ ਹਾਲਤ ਵਿੱਚ ਵੀ ਪੋਪ ਦਾ ਅਧਿਕਾਰ ਬਰਕਰਾਰ ਰਹਿੰਦਾ ਹੈ ਅਤੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਕੋਈ ਹੋਰ ਅਹੁਦਾ ਨਹੀਂ ਸੰਭਾਲਦਾ। ਰੋਜ਼ਾਨਾ ਪ੍ਰਬੰਧਕੀ ਕੰਮਾਂ ਦੀ ਦੇਖ-ਰੇਖ ਅਧਿਕਾਰੀਆਂ ਦੀ ਇੱਕ ਟੀਮ ਵੱਲੋਂ ਕੀਤੀ ਜਾਂਦੀ ਹੈ, ਜਦਕਿ ਸਾਰੇ ਨੀਤੀਗਤ ਫੈਸਲੇ ਪੋਪ ਦੇ ਅਧਿਕਾਰ ਖੇਤਰ ਵਿੱਚ ਹੀ ਰਹਿੰਦੇ ਹਨ।

ਰੁਝਾਨ ਖਬਰਾਂ