9.7 C
Vancouver
Friday, November 6, 2026

ਨਨਾਈਮੋ ਜਨਰਲ ਹਸਪਤਾਲ ‘ਚ ਦਿਲ ਦੇ ਇਲਾਜ ਦੀ ਲੈਬ ਲਈ 60 ਮਿਲੀਅਨ ਡਾਲਰ ਦਾ ਵਾਅਦਾ

ਬੀਸੀ ਕੰਜ਼ਰਵੇਟਿਵ ਪਾਰਟੀ ਨੇ ਉੱਤਰੀ ਟਾਪੂ ਦੇ ਮਰੀਜ਼ਾਂ ਲਈ ਕੀਤਾ ਅਹਿਮ ਐਲਾਨ, ਦਿਲ ਦੇ ਦੌਰੇ ਦੇ ਮਰੀਜ਼ਾਂ ਨੂੰ ਨਹੀਂ ਜਾਣਾ ਪਵੇਗਾ ਵਿਕਟੋਰੀਆ: ਬ੍ਰੇਨਨ ਡੇ
ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਸਰਕਾਰ ਬਣਨ ਦੀ ਸੂਰਤ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਨਨਾਈਮੋ ਰੀਜਨਲ ਜਨਰਲ ਹਸਪਤਾਲ (NRGH) ਵਿਖੇ ਕਾਰਡੀਅਕ ਕੈਥੀਟਰਾਈਜ਼ੇਸ਼ਨ ਲੈਬਾਰਟਰੀ ਬਣਾਉਣ ਲਈ 60 ਮਿਲੀਅਨ ਡਾਲਰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਕੋਰਟਨੇ-ਕੋਮੋਕਸ ਹਲਕੇ ਤੋਂ ਪਾਰਟੀ ਉਮੀਦਵਾਰ ਬ੍ਰੇਨਨ ਡੇ ਨੇ ਹੋਰ ਸਥਾਨਕ ਉਮੀਦਵਾਰਾਂ ਨਾਲ ਮਿਲ ਕੇ ਇਹ ਐਲਾਨ ਕਰਦਿਆਂ ਕਿਹਾ ਕਿ ਮਲਹਾਟ ਤੋਂ ਉੱਤਰ ਵੱਲ ਰਹਿਣ ਵਾਲੇ ਲਗਭਗ 450,000 ਨਾਗਰਿਕਾਂ ਲਈ ਇਹ ਸਹੂਲਤ ਬੇਹੱਦ ਜ਼ਰੂਰੀ ਹੈ, ਜੋ ਲੰਮੇ ਸਮੇਂ ਤੋਂ ਅਣਗੌਲੀ ਪਈ ਸੀ।
ਕਾਰਡੀਅਕ ਕੈਥ ਲੈਬ ਰਾਹੀਂ ਮਾਹਰ ਡਾਕਟਰ ਦਿਲ ਦੀਆਂ ਬੰਦ ਨਾੜਾਂ ਦੀ ਜਾਂਚ ਅਤੇ ਇਲਾਜ ਐਂਜੀਓਪਲਾਸਟੀ ਅਤੇ ਸਟੈਂਟ ਪਾ ਕੇ ਤੁਰੰਤ ਕਰ ਸਕਦੇ ਹਨ। ਦਿਲ ਦੇ ਗੰਭੀਰ ਦੌਰੇ ਦੌਰਾਨ ਹਰੇਕ ਮਿੰਟ ਅਹਿਮ ਹੁੰਦਾ ਹੈ ਅਤੇ ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਵਿਕਟੋਰੀਆ ਲਿਜਾਣਾ ਖ਼ਤਰਨਾਕ ਸਾਬਤ ਹੁੰਦਾ ਹੈ। ਬ੍ਰੇਨਨ ਡੇ ਨੇ ਸੱਤਾਧਾਰੀ ਐਨਡੀਪੀ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਾਲ 2024 ਵਿੱਚ ਇਸ ਸਹੂਲਤ ਦਾ ਵਾਅਦਾ ਕੀਤਾ ਸੀ ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਇਹ ਪ੍ਰੋਜੈਕਟ ਸਿਰਫ਼ ਕਾਗਜ਼ਾਂ ਵਿੱਚ ਹੀ ਅਟਕਿਆ ਹੋਇਆ ਹੈ।
ਹਸਪਤਾਲ ਦੇ ਸੀਨੀਅਰ ਡਾਕਟਰਾਂ ਡਾ. ਡੇਵਿਡ ਕੂਪਲੈਂਡ ਅਤੇ ਡਾ. ਡੇਵਿਡ ਫੌਰੈਸਟ ਨੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਗੰਭੀਰ ਮਰੀਜ਼ ਵਿਕਟੋਰੀਆ ਪਹੁੰਚਣ ਲਈ ਦੋ ਘੰਟੇ ਦਾ ਇੰਤਜ਼ਾਰ ਨਹੀਂ ਕਰ ਸਕਦੇ। ਕੰਜ਼ਰਵੇਟਿਵ ਪਹਿਲੀ ਅਜਿਹੀ ਪਾਰਟੀ ਹੈ ਜਿਸ ਨੇ ਇਸ ਲੈਬ ਲਈ ਸਿੱਧੇ ਫੰਡਿੰਗ ਦੀ ਵਚਨਬੱਧਤਾ ਪ੍ਰਗਟਾਈ ਹੈ। ਨਨਾਈਮੋ-ਲੇਡੀਸਮਿਥ ਤੋਂ ਸੰਸਦ ਮੈਂਬਰ ਤਮਾਰਾ ਕ੍ਰੋਨਿਸ ਨੇ ਵੀ ਇਸ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਲੈਬ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਸਹਾਈ ਹੋਵੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ