ਸਕਾਈਸਕੈਨਰ ਦੀ ਰੈਂਕਿੰਗ: ਸੈਲਾਨੀਆਂ ਦੀ ਖੋਜ ਵਿੱਚ 137 ਫੀਸਦੀ ਦਾ ਰਿਕਾਰਡ ਵਾਧਾ
ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦਾ ਖੂਬਸੂਰਤ ਸ਼ਹਿਰ ਪੈਂਟਿਕਟਨ ਦੁਨੀਆ ਭਰ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਸੈਰ-ਸਪਾਟਾ ਸਥਾਨਾਂ ਦੀ ਆਲਮੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
ਯੂਕੇ ਸਥਿਤ ਮਸ਼ਹੂਰ ਟ੍ਰੈਵਲ ਬੁਕਿੰਗ ਪਲੇਟਫਾਰਮ ਸਕਾਈਸਕੈਨਰ ਵੱਲੋਂ ਜਾਰੀ ਕੀਤੀ ਗਈ ਸਾਲਾਨਾ ਰੈਂਕਿੰਗ ਵਿੱਚ ਪੈਂਟਿਕਟਨ ਨੂੰ 5ਵਾਂ ਸਥਾਨ ਹਾਸਲ ਹੋਇਆ ਹੈ। ਰਿਪੋਰਟ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਪੈਂਟਿਕਟਨ ਲਈ ਆਨਲਾਈਨ ਯਾਤਰਾ ਖੋਜਾਂ ਵਿੱਚ 137 ਫੀਸਦੀ ਦਾ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਇਹ ਯੂਰਪ ਅਤੇ ਕੈਰੇਬੀਅਨ ਦੇ ਨਾਮਵਰ ਸਥਾਨਾਂ ਦੇ ਬਰਾਬਰ ਆ ਗਿਆ ਹੈ।
ਕੈਨੇਡਾ ਵਿੱਚੋਂ ਸਿਰਫ਼ ਦੋ ਸ਼ਹਿਰ ਇਸ ਵਿਸ਼ਵਵਿਆਪੀ ਸੂਚੀ ਵਿੱਚ ਆਪਣੀ ਥਾਂ ਬਣਾ ਸਕੇ ਹਨ, ਜਿਨ੍ਹਾਂ ਵਿੱਚ ਪੈਂਟਿਕਟਨ ਅਤੇ ਵੈਨਕੂਵਰ ਆਈਲੈਂਡ ਦਾ ਟੋਫੀਨੋ ਸ਼ਹਿਰ ਸ਼ਾਮਲ ਹਨ। ਵਿਜ਼ਿਟ ਪੈਂਟਿਕਟਨ ਦੇ ਕਾਰਜਕਾਰੀ ਡਾਇਰੈਕਟਰ ਕੇਵਿਨ ਪੀਅਰਸ ਨੇ ਇਸ ਪ੍ਰਾਪਤੀ ‘ਤੇ ਮਾਣ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਹਿਰ ਦਾ ਕੁਦਰਤੀ ਸੁਹੱਪਣ, ਪਹਾੜੀਆਂ, ਬਾਗ਼ ਅਤੇ ਪਾਣੀ ਦੀਆਂ ਖੇਡਾਂ ਸੈਲਾਨੀਆਂ ਨੂੰ ਸਵਿਟਜ਼ਰਲੈਂਡ ਵਰਗਾ ਅਹਿਸਾਸ ਕਰਵਾਉਂਦੀਆਂ ਹਨ।
ਦੱਖਣੀ ਓਕਾਨਾਗਨ ਵਿੱਚ ਸਥਿਤ ਪੈਂਟਿਕਟਨ ਦੁਨੀਆ ਦਾ ਅਜਿਹਾ ਦੂਜਾ ਸ਼ਹਿਰ ਹੈ ਜੋ ਦੋ ਕੁਦਰਤੀ ਝੀਲਾਂ (ਓਕਾਨਾਗਨ ਝੀਲ ਅਤੇ ਸਕਾਹਾ ਝੀਲ) ਦੇ ਵਿਚਕਾਰ ਵਸਿਆ ਹੋਇਆ ਹੈ। ਸ਼ਹਿਰ ਦੇ ਆਲੇ-ਦੁਆਲੇ 20 ਮਿੰਟ ਦੀ ਦੂਰੀ ‘ਤੇ 88 ਮਸ਼ਹੂਰ ਵਾਈਨਰੀਆਂ ਮੌਜੂਦ ਹਨ। ਲਗਭਗ 40,000 ਦੀ ਆਬਾਦੀ ਵਾਲਾ ਇਹ ਖੇਤਰ ਹਾਈਕਿੰਗ, ਸਾਈਕਲਿੰਗ, ਰੌਕ ਕਲਾਈਮਬਿੰਗ ਅਤੇ ਪਾਣੀ ਦੀਆਂ ਖੇਡਾਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ, ਜਿਸ ਕਾਰਨ ਕੌਮਾਂਤਰੀ ਪੱਧਰ ‘ਤੇ ਇਸ ਦੀ ਮੰਗ ਲਗਾਤਾਰ ਵਧ ਰਹੀ ਹੈ। This report was written by Ekjot Singh as part of the Local Journalism Initiative.
ਦੁਨੀਆ ਦੇ ਸਭ ਤੋਂ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ’ਚ ਪੈਂਟਿਕਟਨ ਨੇ ਹਾਸਲ ਕੀਤਾ 5ਵਾਂ ਸਥਾਨ

