9.7 C
Vancouver
Friday, November 6, 2026

ਡੇਵਿਡ ਈਬੀ ਵੱਲੋਂ ਬੀਸੀ ਵਿੱਚ ਨਵਾਂ ਜਹਾਜ਼ ਨਿਰਮਾਣ ਕਾਰਖਾਨਾ ਸਥਾਪਤ ਕਰਨ ਅਤੇ ਸਥਾਈ ਮੈਨੂਫੈਕਚਰਿੰਗ ਫੰਡ ਦਾ ਐਲਾਨ

ਜੰਗਲਾਤ ਮਿੱਲਾਂ ਦੇ ਆਧੁਨਿਕੀਕਰਨ ਲਈ ਸਾਲਾਨਾ 60 ਮਿਲੀਅਨ ਡਾਲਰ ਦਾ ਫੰਡ, ਰੁਜ਼ਗਾਰ ਬਚਾਉਣ ਲਈ ਵਿਸ਼ੇਸ਼ ਪਹਿਲ
ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਬੋਰਡ ਆਫ਼ ਟਰੇਡ ਦੇ ਆਗੂਆਂ ਦੇ ਮੰਚ ਨੂੰ ਸੰਬੋਧਨ ਕਰਦਿਆਂ ਬੀਸੀ ਐੱਨਡੀਪੀ ਦੇ ਆਗੂ ਡੇਵਿਡ ਈਬੀ ਨੇ ਸੂਬੇ ਦੇ ਜਹਾਜ਼ ਨਿਰਮਾਤਾਵਾਂ, ਨਿਰਮਾਣ ਕਾਰੋਬਾਰੀਆਂ ਅਤੇ ਖ਼ੁਰਾਕ ਉਤਪਾਦਕਾਂ ਨੂੰ ਅਸਥਿਰ ਆਰਥਿਕ ਹਾਲਾਤਾਂ ਦੌਰਾਨ ਹੋਰ ਮਜ਼ਬੂਤ ਕਰਨ ਲਈ ਅਹਿਮ ਵਾਅਦੇ ਕੀਤੇ ਹਨ। ਉਨ੍ਹਾਂ ਐਲਾਨ ਕੀਤਾ ਕਿ ਮੁੜ ਚੁਣੇ ਜਾਣ ‘ਤੇ ਬੀਸੀ ਐੱਨਡੀਪੀ ਸਰਕਾਰ ਫੈਡਰਲ ਸਰਕਾਰ ਨਾਲ ਮਿਲ ਕੇ ਕੈਨੇਡਾ ਵਿੱਚ ਪਿਛਲੀ ਇੱਕ ਪੀੜ੍ਹੀ ਦਾ ਪਹਿਲਾ ਨਵਾਂ ਵਿਸ਼ਾਲ ਜਹਾਜ਼ ਨਿਰਮਾਣ ਕਾਰਖਾਨਾ (ਸ਼ਿਪਯਾਰਡ) ਬ੍ਰਿਟਿਸ਼ ਕੋਲੰਬੀਆ ਵਿੱਚ ਸਥਾਪਤ ਕਰੇਗੀ। ਇਸ ਤੋਂ ਇਲਾਵਾ ਸੂਬੇ ਵਿੱਚ ਬੀਸੀ ਮੈਨੂਫੈਕਚਰਿੰਗ ਜੌਬਜ਼ ਫੰਡ ਨੂੰ ਪੱਕੇ ਤੌਰ ‘ਤੇ ਲਾਗੂ ਰੱਖਣ ਦਾ ਫੈਸਲਾ ਵੀ ਲਿਆ ਗਿਆ ਹੈ ਤਾਂ ਜੋ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ ਅਤੇ ਸਥਾਨਕ ਕਾਰੋਬਾਰਾਂ ਨੂੰ ਸਥਿਰਤਾ ਮਿਲ ਸਕੇ।
ਡੇਵਿਡ ਈਬੀ ਨੇ ਕਿਹਾ ਕਿ ਦੇਸ਼ ਅਤੇ ਸੂਬੇ ਲਈ ਇਸ ਨਾਜ਼ੁਕ ਸਮੇਂ ਸਾਨੂੰ ਉਨ੍ਹਾਂ ਕਦਮਾਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਜੋ ਸਫ਼ਲ ਸਾਬਤ ਹੋ ਰਹੇ ਹਨ। ਨਿੱਜੀ ਖੇਤਰ ਵੱਲੋਂ ਭਾਰੀ ਨਿਵੇਸ਼ ਕੀਤਾ ਜਾ ਰਿਹਾ ਹੈ ਅਤੇ ਅਮਰੀਕਾ ਤੋਂ ਬਾਹਰਲੇ ਬਾਜ਼ਾਰਾਂ ਨੂੰ ਸਾਡੀ ਬਰਾਮਦ ਵਿੱਚ 16 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿੱਚ ਤਨਖ਼ਾਹਾਂ ਕੈਨੇਡਾ ਦੇ ਕਿਸੇ ਵੀ ਹੋਰ ਹਿੱਸੇ ਨਾਲੋਂ ਵੱਧ ਹਨ। ਇਸ ਸਮੇਂ ਬਜਟ ਵਿੱਚ ਕਟੌਤੀਆਂ ਕਰਨ ਦੀ ਬਜਾਏ ਵਿਕਾਸ ਦੀ ਰਫ਼ਤਾਰ ਬਣਾਈ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰਾਂ ਨੂੰ ਪ੍ਰਫੁੱਲਤ ਕਰਨ ਵਾਲੀਆਂ ਜਨਤਕ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਥਾਂ ਫੈਡਰਲ ਪ੍ਰਧਾਨ ਮੰਤਰੀ ਨਾਲ ਮਿਲ ਕੇ ਇੱਕ ਸੁਤੰਤਰ ਕੈਨੇਡੀਅਨ ਅਰਥਵਿਵਸਥਾ ਦੀ ਉਸਾਰੀ ਕੀਤੀ ਜਾਵੇਗੀ।
ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਈਬੀ ਨੇ ਦੱਸਿਆ ਕਿ ਐੱਲਐੱਨਜੀ ਕੈਨੇਡਾ ਦੇ ਵਿਸਥਾਰ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਕੇ ਬੀਸੀ ਐੱਨਡੀਪੀ ਨੇ ਕੈਨੇਡੀਅਨ ਇਤਿਹਾਸ ਵਿੱਚ ਨਿੱਜੀ ਖੇਤਰ ਦਾ ਸਭ ਤੋਂ ਇਤਿਹਾਸਕ ਨਿਵੇਸ਼ ਹਾਸਲ ਕੀਤਾ ਹੈ। ਇਸ ਵੇਲੇ ਪੂਰੇ ਬੀਸੀ ਵਿੱਚ ਲਗਭਗ 130 ਬਿਲੀਅਨ ਡਾਲਰ ਦੇ ਨਿਵੇਸ਼ ਵਾਲੇ 41 ਪ੍ਰਮੁੱਖ ਪ੍ਰੋਜੈਕਟ ਵਿਕਾਸ ਅਧੀਨ ਹਨ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਪ੍ਰੋਜੈਕਟਾਂ ‘ਤੇ ਅੰਤਿਮ ਫੈਸਲਾ ਹੋ ਚੁੱਕਾ ਹੈ, ਜਿਸ ਨਾਲ 50,000 ਤੋਂ ਵੱਧ ਨਿਰਮਾਣ ਅਤੇ ਲੰਬੇ ਸਮੇਂ ਦੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਇਨ੍ਹਾਂ ਸਾਰੇ ਪ੍ਰੋਜੈਕਟਾਂ ਵਿੱਚ ਫਸਟ ਨੇਸ਼ਨਜ਼ ਭਾਈਚਾਰੇ ਭਾਈਵਾਲ, ਸਮਰਥਕ ਜਾਂ ਨਿਵੇਸ਼ਕ ਵਜੋਂ ਸ਼ਾਮਲ ਹਨ।
ਟੈਰਿਫ਼ ਅਤੇ ਵਪਾਰਕ ਜੰਗ ਦੇ ਦਬਾਅ ਹੇਠ ਆਏ ਕਾਰੋਬਾਰਾਂ ਨੂੰ ਰਾਹਤ ਦੇਣ ਲਈ ਨਵੇਂ ਸ਼ਿਪਯਾਰਡ ਪ੍ਰੋਜੈਕਟ ਰਾਹੀਂ ਹਜ਼ਾਰਾਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ, ਜੋ ਕੌਮੀ ਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਬੀਸੀ ਫੈਰੀਜ਼ ਦੇ ਅਗਲੀ ਪੀੜ੍ਹੀ ਦੇ ਜਹਾਜ਼ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਮਕਸਦ ਲਈ ਪ੍ਰਧਾਨ ਮੰਤਰੀ ਕਾਰਨੀ ਨਾਲ ਹੋਏ ਕੈਨੇਡਾ-ਬੀਸੀ ਸਾਂਝੀ ਖ਼ੁਸ਼ਹਾਲੀ ਸਮਝੌਤੇ ਤਹਿਤ ਰਣਨੀਤਕ ਨਿਵੇਸ਼ ਫੰਡ ਵਿੱਚੋਂ 250 ਮਿਲੀਅਨ ਡਾਲਰ ਤੱਕ ਦੀ ਰਕਮ ਉਪਲਬਧ ਹੈ। ਇਸ ਦੇ ਨਾਲ ਹੀ ਸਾਲਾਨਾ 60 ਮਿਲੀਅਨ ਡਾਲਰ ਦੇ ਫੰਡ ਨਾਲ ਬੀਸੀ ਮੈਨੂਫੈਕਚਰਿੰਗ ਜੌਬਜ਼ ਫੰਡ ਨੂੰ ਸਥਾਈ ਬਣਾਇਆ ਜਾਵੇਗਾ ਤਾਂ ਜੋ ਟੈਰਿਫ਼ ਤੋਂ ਪ੍ਰਭਾਵਿਤ ਜੰਗਲਾਤ ਮਿੱਲਾਂ ਦਾ ਆਧੁਨਿਕੀਕਰਨ ਕਰਕੇ ਨੌਕਰੀਆਂ ਬਚਾਈਆਂ ਜਾ ਸਕਣ। ਨਾਲ ਹੀ ਖੇਤੀਬਾੜੀ ਰਿਜ਼ਰਵ ਜ਼ਮੀਨਾਂ ‘ਤੇ ਭੋਜਨ ਪ੍ਰੋਸੈਸਿੰਗ ਦੇ ਮੌਕੇ ਵਧਾ ਕੇ ਸਥਾਨਕ ਭੋਜਨ ਉਤਪਾਦਨ ਨੂੰ ਹੁਲਾਰਾ ਦਿੱਤਾ ਜਾਵੇਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ