ਉਮੇਸ਼ ਕੁਮਾਰ ਸਾਹੂ
ਤੰਦਰੁਸਤ ਰਹਿਣ ਲਈ ਕੀ ਕਰਨਾ ਚਾਹੀਦਾ ਹੈ? ਇਸ ਨੂੰ ਬਹੁਤੇ ਵਿਅਕਤੀ ਕਿਸੇ ਭੇਦ ਵਾਂਗ ਸਮਝ ਕੇ ਭਰਮਾਂ ਵਿਚ ਭਟਕਦੇ ਰਹਿੰਦੇ ਹਨ। ਉਹ ਕੀਮਤੀ ਦਵਾਈਆਂ ਖਾਂਦੇ ਹਨ, ਪੌਸ਼ਟਿਕ ਖਾਧ ਪਦਾਰਥ ਖਰੀਦਦੇ ਹਨ ਅਤੇ ਜੋ ਵੀ ਬਣਦਾ ਹੈ, ਕਰਦੇ ਹਨ। ਕਈ ਡਾਕਟਰਾਂ ਕੋਲੋਂ ਸਲਾਹ ਲੈਂਦੇ ਰਹਿੰਦੇ ਹਨ। ਫਿਰ ਵੀ ਪੱਕੀ ਅਤੇ ਚਿਰ ਸਥਾਈ ਤੰਦਰੁਸਤੀ ਕਿਸੇ-ਕਿਸੇ ਨੂੰ ਹੀ ਮਿਲਦੀ ਹੈ। ਇਹ ਤੱਥ ਬਹੁਤ ਘੱਟ ਲੋਕ ਜਾਣਦੇ ਹਨ ਕਿ ਤੰਦਰੁਸਤ ਰਹਿਣਾ ਬਹੁਤ ਸੌਖਾ ਹੈ। ਕੇਵਲ ਕੁਦਰਤ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਇਸ ਉਦੇਸ਼ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਹ ਨਿਯਮ ਬਹੁਤ ਹੀ ਸੌਖੇ ਅਤੇ ਸਰਵਸੁਲਭ ਹਨ, ਜਿਨ੍ਹਾਂ ਦਾ ਪਾਲਣ ਕਰਨ ਵਿਚ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ। ਜੇ ਕੋਈ ਇਨ੍ਹਾਂ ਨੂੰ ਵਿਗਾੜਦਾ ਜਾਂ ਤੋੜਦਾ ਹੈ ਤਾਂ ਬਿਮਾਰ ਹੋਣ ਦੇ ਰੂਪ ‘ਚ ਸਜ਼ਾ ਭੁਗਤਣੀ ਪੈਂਦੀ ਹੈ। ਇਸ ਨੂੰ ਅਸੰਜਮ ਦਾ ਮਾੜਾ ਨਤੀਜਾ ਵੀ ਕਹਿ ਸਕਦੇ ਹਾਂ।
ਤੰਦਰੁਸਤ ਬਣੇ ਰਹਿਣ ਲਈ ਜਿਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ, ਉਹ ਸਿਰਫ ਪੰਜ ਹਨ। ਇਨ੍ਹਾਂ ਨੂੰ ਅਰੋਗਤਾ ਦੇ ਪੰਚਸ਼ੀਲ ਕਹਿ ਸਕਦੇ ਹਾਂ।
* ਸਾਤਵਿਕ ਭੋਜਨ * ਉਪਯੁਕਤ ਮਿਹਨਤ * ਸਮੇਂ ਸਿਰ ਗੂੜ੍ਹੀ ਨੀਂਦ * ਸਵੱਛਤਾ * ਮਨ ਨੂੰ ਹਲਕਾ ਅਤੇ ਖ਼ੁਸ਼ ਰੱਖਣਾ
ਇਨ੍ਹਾਂ ਪੰਜ ਨਿਯਮਾਂ ਦੇ ਪਾਲਣ ਨਾਲ ਤੰਦਰੁਸਤੀ ਬਣੀ ਰਹਿੰਦੀ ਹੈ।
ਸਾਤਵਿਕ ਭੋਜਨ ਤੋਂ ਭਾਵ ਹੈ ਬਿਨਾਂ ਭੁੱਖ ਦੇ ਕਦੇ ਨਾ ਖਾਣਾ। ਲੋਕ ਇਸ ਭੁਲੇਖੇ ਵਿਚ ਰਹਿੰਦੇ ਹਨ ਕਿ ਜ਼ਿਆਦਾ ਖਾਣ ਨਾਲ ਜ਼ਿਆਦਾ ਰਕਤਮਾਸ ਬਣੇਗਾ ਅਤੇ ਜ਼ਿਆਦਾ ਤਾਕਤ ਆਵੇਗੀ। ਉਹ ਇਹ ਭੁੱਲ ਜਾਂਦੇ ਹਨ ਕਿ ਜੋ ਪਚ ਸਕੇ, ਉਹ ਅੰਮ੍ਰਿਤ ਅਤੇ ਜੋ ਬਿਨਾਂ ਪਚੇ ਪੇਟ ਵਿਚ ਪਿਆ ਰਹਿੰਦਾ ਹੈ, ਉਹ ਜ਼ਹਿਰ ਹੁੰਦਾ ਹੈ। ਭੋਜਨ ਨੂੰ ਕਦੇ ਵੀ ਛੇਤੀ-ਛੇਤੀ ਬਿਨਾਂ ਚਬਾਏ ਨਹੀਂ ਨਿਗਲਣਾ ਚਾਹੀਦਾ। ਇਸ ਨਾਲ ਦੰਦਾਂ ਦਾ ਕੰਮ ਅੰਤੜੀਆਂ ਨੂੰ ਕਰਨਾ ਪਵੇਗਾ ਅਤੇ ਪਾਚਣ ਸਬੰਧੀ ਸਮੱਸਿਆਵਾਂ ਪੈਦਾ ਹੋਣਗੀਆਂ। ਮਿਰਚ, ਮਸਾਲੇ, ਨਮਕ, ਸ਼ੱਕਰ ਨੂੰ ਲੋੜ ਅਨੁਸਾਰ ਘੱਟ ਹੀ ਖਾਓ। ਛਿਲਕੇ ਵਾਲੀ ਦਾਲ ਅਤੇ ਚੋਕਰ ਵਾਲਾ ਆਟਾ ਜੀਵਨ ਮੂਲ ਵਾਲੇ ਹੁੰਦੇ ਹਨ। ਜ਼ਿਆਦਾ ਤਲੇ, ਭੁੰਨੇ, ਮੇਵਾ-ਮਠਿਆਈਆਂ ਦਾ ਸੇਵਨ ਨਾ ਕਰੋ।
ਜਿਨ੍ਹਾਂ ਨੂੰ ਕੰਮ ਮੁਤਾਬਿਕ ਬਹੁਤਾ ਸਮਾਂ ਬੈਠੇ ਰਹਿਣਾ ਪੈਂਦਾ ਹੈ, ਉਨ੍ਹਾਂ ਨੂੰ ਕਸਰਤ ਕਰਨੀ ਚਾਹੀਦੀ ਹੈ। ਤੇਜ਼ ਚੱਲਣਾ ਅਤੇ ਟਹਿਲਣਾ, ਮਾਲਿਸ਼, ਅੰਗ ਸੰਚਾਲਨ ਦੇ ਕੋਈ ਅਜਿਹੇ ਤਰੀਕੇ ਲੱਭਣੇ ਚਾਹੀਦੇ ਹਨ, ਜਿਨ੍ਹਾਂ ਨਾਲ ਸਰੀਰ ਵਿਚੋਂ ਪਸੀਨਾ ਕੱਢ ਦੇਣ ਵਾਲੀ ਮਿਹਨਤ ਕਰਨ ਦਾ ਮੌਕਾ ਮਿਲ ਸਕੇ।
ਇਸ ਤੋਂ ਇਲਾਵਾ ਪੂਰੀ ਨੀਂਦ ਲੈਣੀ ਚਾਹੀਦੀ ਹੈ। ਇਸ ਵਾਸਤੇ ਅਜਿਹਾ ਤਰੀਕਾ ਅਪਣਾਉਣਾ ਚਾਹੀਦਾ ਹੈ, ਜਿਸ ਨਾਲ ਛੇਤੀ ਸੌਣਾ ਅਤੇ ਛੇਤੀ ਉੱਠਣਾ ਆਸਾਨੀ ਨਾਲ ਯਕੀਨੀ ਬਣਿਆ ਰਹੇ। ਦੇਰ ਰਾਤ ਤੱਕ ਜਾਗਦੇ ਰਹਿਣਾ ਅਤੇ ਸਵੇਰੇ ਦੇਰ ਨਾਲ ਉੱਠਣਾ ਤੰਦਰੁਸਤੀ ‘ਤੇ ਬੁਰਾ ਅਸਰ ਪਾਉਂਦਾ ਹੈ। ਥਕਾਨ ਦੂਰ ਕਰਨ ਲਈ ਨੀਂਦ ਨਾਲੋਂ ਵਧੀਆ ਕੋਈ ਖੁਰਾਕ ਨਹੀਂ ਹੈ।
ਕਦੇ-ਕਦੇ ਸਿਰ ਭਾਰੀ ਹੋਣਾ, ਉਨੀਂਦਰਾ, ਕਬਜ਼, ਥਕਾਨ, ਸਰੀਰ ਦੇ ਅੰਗਾਂ ਵਿਚ ਦਰਦ ਹੋਣੀ ਆਦਿ ਨੀਂਦ ਅਧੂਰੀ ਹੋਣ ਦੇ ਕਾਰਨ ਹੁੰਦਾ ਹੈ। ਆਪਣੇ ਵਲੋਂ ਹਮੇਸ਼ਾ ਇਹੀ ਕੋਸ਼ਿਸ਼ ਕਰੋ ਕਿ ਸੌਣ ਦਾ ਸਮਾਂ ਵਿਅਰਥ ਜਾਗਣ ਵਿਚ ਨਾ ਬੀਤੇ। ਯਾਦ ਰੱਖੋ ਕਿ ਦਿਨ ਭਰ ਦੀ ਸਰੀਰਕ ਅਤੇ ਮਾਨਸਿਕ ਥਕਾਨ ਦੂਰ ਕਰਨ ਲਈ ਨੀਂਦ ਤੋਂ ਵਧ ਕੇ ਹੋਰ ਕੋਈ ਇਲਾਜ ਨਹੀਂ ਹੈ। ਜਦੋਂ ਵੀ ਨੀਂਦ ਨਾ ਆਵੇ, ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਿਹਤ ਵਿਚ ਵਿਗਾੜ ਦਾ ਇਕ ਕਾਰਨ ਗੰਦਗੀ ਵੀ ਹੈ। ਸਰੀਰ, ਕੱਪੜੇ, ਘਰ, ਸਾਮਾਨ ਆਦਿ ਦੀ ਸਵੱਛਤਾ ‘ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਾਫ਼ ਪਾਣੀ ਹੀ ਪੀਓ। ਘਰ ਵਿਚ ਧੁੱਪ ਅਤੇ ਹਵਾ ਦੇ ਆਉਣ-ਜਾਣ ਲਈ ਵਧੀਆ ਜਗ੍ਹਾ ਹੋਣੀ ਚਾਹੀਦੀ ਹੈ। ਸਿਹਤ ਦੀ ਰੱਖਿਆ ਲਈ ਮਨ ਨੂੰ ਹਲਕਾ ਅਤੇ ਖੁਸ਼ ਰੱਖਣਾ ਵੀ ਪ੍ਰਮੁੱਖ ਆਧਾਰ ਹੈ। ਮਨ ‘ਤੇ ਚਿੰਤਾ, ਗੁੱਸਾ, ਤਣਾਅ, ਡਰ, ਨਿਰਾਸ਼ਾ ਆਦਿ ਹੀਣ ਵਿਚਾਰਾਂ ਦਾ ਪ੍ਰਭਾਵ ਨਹੀਂ ਪੈਣ ਦੇਣਾ ਚਾਹੀਦਾ। ਚਿੰਤਾ ਅਤੇ ਤਣਾਅ ਵਿਚ ਰਹਿ ਕੇ ਕੋਈ ਵਿਅਕਤੀ ਸਰੀਰ ਨੂੰ ਤੰਦਰੁਸਤ ਨਹੀਂ ਰੱਖ ਸਕਦਾ।
ਹਮੇਸ਼ਾ ਵਾਸਨਾਤਮਕ ਅਤੇ ਉਤੇਜਨਾਤਮਕ ਕਲਪਨਾਵਾਂ ਤੋਂ ਬਚਣਾ ਚਾਹੀਦਾ ਹੈ। ਜਿਨ੍ਹਾਂ ਨੇ ਤੰਦਰੁਸਤ ਰਹਿਣਾ ਹੈ, ਉਨ੍ਹਾਂ ਨੂੰ ਹੱਸਦੇ-ਮੁਸਕਰਾਉਂਦੇ ਦਿਨ ਗੁਜ਼ਾਰਨਾ ਚਾਹੀਦਾ ਹੈ। ਹੱਸਦੀ-ਖੇਡਦੀ ਜ਼ਿੰਦਗੀ ਗੁਜ਼ਾਰਨ ਨਾਲ ਵਿਅਕਤੀ ਆਕਰਸ਼ਕ-ਸੁੰਦਰ ਲਗਦਾ ਹੈ, ਹਰਮਨ-ਪਿਆਰਾ ਬਣਦਾ ਹੈ, ਨਾਲ ਹੀ ਪੁਸ਼ਟ, ਨਿਰੋਗ ਰਹਿ ਕੇ ਲੰਮੀ ਉਮਰ ਜਿਉਂਦਾ ਹੈ।
ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਉਪਰੋਕਤ ਪੰਜ ਨਿਯਮਾਂ ਨੂੰ ਜੇ ਪੂਰੀ ਤਰ੍ਹਾਂ ਅਪਣਾਈਏ ਤਾਂ ਸਰੀਰ ‘ਤੇ ਦੁਰਬਲਤਾ ਅਤੇ ਬਿਮਾਰੀਆਂ ਦਾ ਆਕ੍ਰਮਣ ਨਹੀਂ ਹੋ ਸਕੇਗਾ। ਇਹ ਕੁਦਰਤ ਦੇ ਨਿਯਮਾਂ ਦਾ ਪਾਲਣ ਹੈ। ਜੇ ਮਨੁੱਖ ਸਹੀ ਰਸਤੇ ‘ਤੇ ਚੱਲੇ ਤਾਂ ਜ਼ਰੂਰ ਤੰਦਰੁਸਤ ਅਤੇ ਲੰਮੀ ਉਮਰ ਜੀਅ ਕੇ ਉਹ ਸਭ ਕੁਝ ਕਰ ਸਕਦਾ ਹੈ, ਜਿਸ ਵਾਸਤੇ ਉਹ ਇਸ ਧਰਤੀ ‘ਤੇ ਆਇਆ ਹੈ।
ਜੇ ਤੁਸੀਂ ਰਹਿਣਾ ਚਾਹੁੰਦੇ ਹੋ ਤੰਦਰੁਸਤ…

