9.7 C
Vancouver
Friday, November 6, 2026

ਜਦੋਂ ਘਰ ’ਚ ਬਜ਼ੁਰਗ ਬਿਮਾਰ ਹੋ ਜਾਵੇ

ਜ਼ਿੰਦਗੀ ਦੇ ਤਿੰਨ ਪੜਾਵਾਂ ਬਚਪਨ, ਜਵਾਨੀ ਅਤੇ ਬੁਢਾਪੇ ਵਿਚੋਂ ਬਚਪਨ ਅਤੇ ਬੁਢਾਪੇ ਵਿਚ ਦੂਜਿਆਂ ਦੇ ਆਸਰੇ ਦੀ ਲੋੜ ਪੈਂਦੀ ਹੈ। ਜਵਾਨੀ ਵਿਚ ਮਨੁੱਖ ਆਪਣੀ ਤਾਕਤ ਦੇ ਸਿਰ ‘ਤੇ ਜਿਉਂਦਾ ਹੈ, ਉਹ ਕਮਾਈ ਕਰਦਾ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਜ਼ਿੰਦਗੀ ਦੇ ਆਖਰੀ ਹਿੱਸੇ ਵਿਚ ਸਿਹਤ ਕਮਜ਼ੋਰ ਹੋ ਜਾਂਦੀ ਹੈ। ਸੁਣਨ ਸ਼ਕਤੀ ਅਤੇ ਨਜ਼ਰ ਵੀ ਕਮਜ਼ੋਰ ਹੋ ਜਾਂਦੀ ਹੈ ਅਤੇ ਮਨੁੱਖ ਘਰ ਦੇ ਦੂਜੇ ਮੈਂਬਰਾਂ ‘ਤੇ ਨਿਰਭਰ ਕਰਨ ਲੱਗ ਜਾਂਦਾ ਹੈ। ਇਸ ਸਥਿਤੀ ਵਿਚ ਬਜ਼ੁਰਗ ਨੂੰ ਸਾਡੀ ਸਖ਼ਤ ਜ਼ਰੂਰਤ ਪੈਂਦੀ ਹੈ। ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਮੁਸ਼ਕਿਲ ਸਮੇਂ ਬਜ਼ੁਰਗ ਦੀ ਤਨੋਂ-ਮਨੋਂ ਸੇਵਾ-ਸੰਭਾਲ ਕਰੀਏ। ਉਸ ਦੀ ਖੁਰਾਕ ਅਤੇ ਨੀਂਦ ਆਦਿ ਦਾ ਪੂਰਾ-ਪੂਰਾ ਧਿਆਨ ਰੱਖੀਏ, ਭਾਵ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਨਾ ਆਉਣ ਦਈਏ। ਖਾਣਾ ਤਾਜ਼ਾ ਅਤੇ ਜਲਦੀ ਹਜ਼ਮ ਹੋਣ ਵਾਲਾ ਦੇਣਾ ਚਾਹੀਦਾ ਹੈ। ਪਹਿਨਣ ਵਾਲੇ ਕੱਪੜੇ ਸਾਫ਼-ਸੁਥਰੇ, ਉਸ ਦਾ ਸਾਫ਼-ਸੁਥਰਾ ਬਿਸਤਰਾ, ਹਵਾਦਾਰ ਕਮਰੇ ਵਿਚ ਲਗਾਉਣਾ ਚਾਹੀਦਾ ਹੈ। ਬਜ਼ੁਰਗ ਨੂੰ ਟੀ. ਵੀ. ਅਤੇ ਅਖ਼ਬਾਰ ਤੋਂ ਕਦੇ ਵੀ ਵਾਂਝਾ ਨਾ ਰੱਖੋ। ਖਾਣੇ ਵਿਚ ਉਹ ਕੀ ਪਸੰਦ ਕਰਦੇ ਹਨ, ਪੁੱਛ ਲੈਣ ਵਿਚ ਕੋਈ ਹਰਜ਼ ਨਹੀਂ। ਇਹ ਉਹੀ ਬਜ਼ੁਰਗ ਹੈ, ਜਿਸ ਨੇ ਲੱਖ ਮੁਸੀਬਤਾਂ ਸਹਿ ਕੇ ਪਰਿਵਾਰ ਦੀ ਪਾਲਣਾ ਕੀਤੀ ਹੁੰਦੀ ਹੈ। ਸਾਨੂੰ ਉਸ ਦੀ ਚੰਗੀ ਸਾਂਭ-ਸੰਭਾਲ ਕਰਕੇ ਉਸ ਦੀ ਕੀਤੀ ਹੋਈ ਮਿਹਨਤ ਦਾ ਮੁੱਲ ਖਿੜੇ ਮੱਥੇ ਮੋੜਨਾ ਚਾਹੀਦਾ ਹੈ। ਜੇਕਰ ਬਜ਼ੁਰਗ ਬਿਮਾਰ ਪੈ ਜਾਵੇ ਤਾਂ ਸਾਡੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਸਭ ਤੋਂ ਪਹਿਲਾਂ ਉਸ ਨੂੰ ਚੰਗੇ ਡਾਕਟਰ ਨੂੰ ਦਿਖਾਓ। ਦਿੱਤੀ ਹੋਈ ਦਵਾਈ ਸਮੇਂ ਸਿਰ ਦਿਓ। ਕਈ ਵਾਰ ਯਾਦਦਾਸ਼ਤ ਕਮਜ਼ੋਰ ਹੋਣ ਕਾਰਨ ਮਰੀਜ਼ ਦਵਾਈ ਲੈਣੀ ਭੁੱਲ ਜਾਂਦਾ ਹੈ। ਇਸ ਲਈ ਆਪ ਸਮੇਂ ਸਿਰ ਉਸ ਨੂੰ ਦਵਾਈ ਦੇਣ ਦੀ ਜ਼ਿੰਮੇਵਾਰੀ ਸੰਭਾਲੋ। ਕਿਸੇ ਵੀ ਹਾਲਤ ਵਿਚ ਦਵਾਈ ਨਾ ਲੈਣ ਦੀ ਸੂਰਤ ਵਿਚ ਬਜ਼ੁਰਗ ਨੂੰ ਝਿੜਕਣਾ ਨਹੀਂ ਚਾਹੀਦਾ। ਉਸ ਲਈ ਜੇ ਡਾਕਟਰ ਦੇ ਦੱਸੇ ਅਨੁਸਾਰ ਨਰਮ ਖਾਣਾ ਦੇਣ ਦੀ ਲੋੜ ਪਵੇ ਤਾਂ ਅਣਗਹਿਲੀ ਨਾ ਕਰੋ। ਕਮਜ਼ੋਰ ਮਰੀਜ਼ ਨੂੰ ਆਪ ਉਠਾ ਕੇ ਦਵਾਈ ਦਿਓ। ਦੁੱਖ ਦੀ ਗੱਲ ਹੈ ਕਿ ਅੱਜ ਕਾਫੀ ਘਰਾਂ ਵਿਚ ਬਜ਼ੁਰਗਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਇਸ ਕਾਰਨ ਬਿਰਧ ਘਰਾਂ ਵਿਚ ਵਾਧਾ ਹੋ ਰਿਹਾ ਹੈ।

ਰੁਝਾਨ ਖਬਰਾਂ