9.7 C
Vancouver
Friday, November 6, 2026

ਕੈਨੇਡਾ-ਅਮਰੀਕਾ ਸਰਹੱਦ: ਐਲਡਰਗਰੋਵ ਸਮੇਤ 9 ਲਾਂਘਿਆਂ ਦੇ ਸਮੇਂ ‘ਚ 1 ਨਵੰਬਰ ਤੋਂ ਤਬਦੀਲੀ

ਵਾਸ਼ਿੰਗਟਨ ਸੂਬੇ ਨਾਲ ਸਮਾਂ ਮਿਲਾਉਣ ਲਈ ਸਰਹੱਦੀ ਚੌਕੀਆਂ ਦੇ ਨਵੇਂ ਘੰਟੇ ਨਿਰਧਾਰਤ
ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਐਲਾਨ ਕੀਤਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਐਲਡਰਗਰੋਵ ਸਰਹੱਦੀ ਲਾਂਘੇ ਸਮੇਤ ਕੁੱਲ 9 ਜ਼ਮੀਨੀ ਦਾਖ਼ਲਾ ਚੌਕੀਆਂ ਦੇ ਕੰਮਕਾਜੀ ਘੰਟਿਆਂ ਵਿੱਚ 1 ਨਵੰਬਰ ਤੋਂ ਬਦਲਾਅ ਕੀਤਾ ਜਾ ਰਿਹਾ ਹੈ। ਇਹ ਫੈਸਲਾ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਨਾਲ ਸਮੇਂ ਦਾ ਤਾਲਮੇਲ ਬਣਾਈ ਰੱਖਣ ਲਈ ਲਿਆ ਗਿਆ ਹੈ, ਕਿਉਂਕਿ ਅਮਰੀਕਾ ਵਿੱਚ 1 ਨਵੰਬਰ ਨੂੰ ਘੜੀਆਂ ਇੱਕ ਘੰਟਾ ਪਿੱਛੇ ਕੀਤੀਆਂ ਜਾ ਰਹੀਆਂ ਹਨ, ਜਦਕਿ ਬੀਸੀ ਨੇ ਡੇਅ-ਲਾਈਟ ਸੇਵਿੰਗਜ਼ ਦਾ ਰਵਾਇਤੀ ਸਮਾਂ ਬਦਲਣਾ ਬੰਦ ਕਰ ਦਿੱਤਾ ਹੈ।
ਸੀਬੀਐਸਏ ਅਨੁਸਾਰ ਲਿੰਡਨ-ਐਲਡਰਗਰੋਵ ਲਾਂਘਾ, ਜੋ ਆਮ ਤੌਰ ‘ਤੇ ਸਵੇਰੇ 8 ਵਜੇ ਤੋਂ ਅੱਧੀ ਰਾਤ ਤੱਕ ਖੁੱਲ੍ਹਦਾ ਹੈ, ਹੁਣ 1 ਨਵੰਬਰ ਤੋਂ 14 ਮਾਰਚ 2027 ਤੱਕ ਸਵੇਰੇ 9 ਵਜੇ ਤੋਂ ਰਾਤ 1 ਵਜੇ ਤੱਕ ਕੰਮ ਕਰੇਗਾ। ਇਸੇ ਤਰ੍ਹਾਂ ਕਾਰਸਨ, ਕੈਸਕੇਡ, ਚੋਪਾਕਾ, ਫਰੇਜ਼ਰ, ਮਿਡਵੇਅ, ਨੇਲਵੇਅ, ਪਲੈਜ਼ੈਂਟ ਕੈਂਪ ਅਤੇ ਵਨੇਟਾ ਦੇ ਸਰਹੱਦੀ ਲਾਂਘਿਆਂ ਦੇ ਸਮੇਂ ਵਿੱਚ ਵੀ ਬਰਾਬਰ ਤਬਦੀਲੀ ਕੀਤੀ ਜਾਵੇਗੀ ਜੋ ਰਾਤ ਵੇਲੇ ਬੰਦ ਹੁੰਦੇ ਹਨ।
ਹਾਲਾਂਕਿ, 24 ਘੰਟੇ ਖੁੱਲ੍ਹਣ ਵਾਲੇ ਵਿਅਸਤ ਸਰਹੱਦੀ ਲਾਂਘੇ, ਜਿਵੇਂ ਕਿ ਪੀਸ ਆਰਚ, ਪੈਸੀਫਿਕ ਹਾਈਵੇਅ (ਬਲੇਨ) ਅਤੇ ਸੁਮਾਸ-ਹੰਟਿੰਗਡਨ ‘ਤੇ ਇਸ ਤਬਦੀਲੀ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਉਹ ਪਹਿਲਾਂ ਵਾਂਗ ਹੀ ਨਿਰੰਤਰ ਕਾਰਜਸ਼ੀਲ ਰਹਿਣਗੇ। ਬੀਸੀ ਤੋਂ ਇਲਾਵਾ ਯੂਕੋਨ, ਸਸਕੈਚਵਨ, ਅਲਬਰਟਾ ਅਤੇ ਮੈਨੀਟੋਬਾ ਨੇ ਵੀ ਸਮਾਂ ਬਦਲਣ ਦੀ ਰਵਾਇਤ ਖ਼ਤਮ ਕਰ ਦਿੱਤੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਰਹੱਦ ਪਾਰ ਕਰਨ ਤੋਂ ਪਹਿਲਾਂ ਉਹ ਨਵੇਂ ਸਮੇਂ ਦੀ ਜਾਂਚ ਜ਼ਰੂਰ ਕਰ ਲੈਣ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ