ਵੈਨਕੂਵਰ (ਏਕਜੋਤ ਸਿੰਘ): ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲਾਨੀ ਗਈ ਊਰਜਾ ਜੰਗਬੰਦੀ ਦਾ ਸਮਰਥਨ ਕੀਤਾ ਹੈ, ਪਰ ਨਾਲ ਹੀ ਦੋਸ਼ ਲਾਇਆ ਹੈ ਕਿ ਇਸ ਐਲਾਨ ਦੇ ਬਾਵਜੂਦ ਰੂਸੀ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਆਪਣੇ ਸੰਬੋਧਨ ਵਿੱਚ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਹਮੇਸ਼ਾ ਤਣਾਅ ਘਟਾਉਣ ਅਤੇ ਸ਼ਾਂਤੀ ਸਥਾਪਿਤ ਕਰਨ ਵਾਲੇ ਕਦਮਾਂ ਦੇ ਹੱਕ ਵਿੱਚ ਹੈ। ਪਰ ਐਤਵਾਰ ਨੂੰ ਵੀ ਰੂਸੀ ਡਰੋਨਾਂ ਨੇ ਕੀਵ ਅਤੇ ਖਾਰਕੀਵ ਦੇ ਊਰਜਾ ਢਾਂਚੇ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਖਾਰਕੀਵ ਦਾ ਇੱਕ ਪਾਵਰ ਪਲਾਂਟ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਟਰੰਪ ਨੇ ਐਤਵਾਰ ਸਵੇਰੇ ਆਪਣੇ ਸੋਸ਼ਲ ਮੀਡੀਆ ਮੰਚ ‘ਟਰੂਥ ਸੋਸ਼ਲ’ ‘ਤੇ ਐਲਾਨ ਕੀਤਾ ਸੀ ਕਿ ਰੂਸ ਅਤੇ ਯੂਕਰੇਨ ਵਿਚਕਾਰ ਊਰਜਾ ਢਾਂਚੇ ਨੂੰ ਨਿਸ਼ਾਨਾ ਨਾ ਬਣਾਉਣ ਸਬੰਧੀ ਤੁਰੰਤ ਜੰਗਬੰਦੀ ਲਾਗੂ ਹੋ ਗਈ ਹੈ। ਪਰ ਵ੍ਹਾਈਟ ਹਾਊਸ ਵੱਲੋਂ ਇਸ ਬਾਰੇ ਕੋਈ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਜ਼ੇਲੈਂਸਕੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮੁੱਦੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਅਤੇ ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਅਮਰੀਕਾ ਵੱਲੋਂ ਹੋਰ ਸਪੱਸ਼ਟੀਕਰਨ ਦੀ ਉਡੀਕ ਕਰ ਰਹੇ ਹਨ।
, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਅਤੇ ਰੂਸ ਵਿਚਕਾਰ ਡੀਜ਼ਲ ਸਪਲਾਈ ਨੂੰ ਲੈ ਕੇ ਹੋਏ ਸਮਝੌਤੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਰੂਸ ਨੂੰ ਆਪਣੀ ਗੈਰ-ਕਾਨੂੰਨੀ ਜੰਗ ਲਈ ਵਾਧੂ ਫੰਡ ਮਿਲਣਗੇ। ਇਸ ਦੌਰਾਨ ਯੂਕਰੇਨ ਨੇ ਰੂਸ ਦੇ ਅੰਦਰੂਨੀ ਇਲਾਕਿਆਂ ਵਿੱਚ ਡਰੋਨ ਹਮਲੇ ਤੇਜ਼ ਕਰ ਦਿੱਤੇ ਹਨ। ਯੂਕਰੇਨੀ ਡਰੋਨਾਂ ਨੇ ਰੂਸ ਦੀ ਪ੍ਰਮੁੱਖ ਤਕਨਾਲੋਜੀ ਕੰਪਨੀ ਯਾਂਡੈਕਸ ਦੇ ਡਾਟਾ ਸੈਂਟਰ ‘ਤੇ ਹਮਲਾ ਕਰਕੇ ਉਸ ਦਾ ਕੰਮਕਾਜ ਠੱਪ ਕਰ ਦਿੱਤਾ, ਜਿਸ ਕਾਰਨ ਰੂਸ ਸਮੇਤ ਕਈ ਗੁਆਂਢੀ ਦੇਸ਼ਾਂ ਵਿੱਚ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋਈਆਂ।
ਜ਼ੇਲੈਂਸਕੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਦੱਖਣੀ ਸ਼ਹਿਰ ਜ਼ਾਪੋਰੀਜ਼ੀਆ ਵਿੱਚ ਰੂਸੀ ਬੰਬਾਰੀ ਤੋਂ ਬਾਅਦ ਬਚਾਅ ਕਾਰਜ ਮੁਕੰਮਲ ਹੋ ਗਏ ਹਨ। ਇਸ ਹਮਲੇ ਵਿੱਚ 4 ਬੱਚਿਆਂ ਸਮੇਤ 23 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ। ਯੂਕਰੇਨ ਨੇ ਕਿਹਾ ਕਿ ਜੇਕਰ ਰੂਸ 60 ਦਿਨਾਂ ਦੀ ਜੰਗਬੰਦੀ ਲਈ ਸਹਿਮਤ ਹੁੰਦਾ ਹੈ ਤਾਂ ਦੇਸ਼ ਵਿੱਚ ਚੋਣਾਂ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। This report was written by Ekjot Singh as part of the Local Journalism Initiative.
ਅਮਰੀਕੀ ਜੰਗਬੰਦੀ ਦੇ ਐਲਾਨ ਦੇ ਬਾਵਜੂਦ ਯੂਕਰੇਨ ‘ਤੇ ਰੂਸੀ ਹਮਲੇ ਜਾਰੀ, ਜ਼ੇਲੈਂਸਕੀ ਨੇ ਪ੍ਰਗਟਾਈ ਚਿੰਤਾ

