ਵੈਨਕੂਵਰ (ਏਕਜੋਤ ਸਿੰਘ): ਬੀ.ਸੀ. ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰੀ ਨੌਰਥ ਹਲਕੇ ਤੋਂ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਮਨਦੀਪ ਧਾਲੀਵਾਲ ਨੇ ਆਪਣੀ ਚੋਣ ਮੁਹਿੰਮ ਨੂੰ ਪੂਰੀ ਸਰਗਰਮੀ ਨਾਲ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਧਾਲੀਵਾਲ ਸਰੀ ਦੇ ਜਾਣੇ-ਪਛਾਣੇ ਕਾਰੋਬਾਰੀ ਅਤੇ ਸਮਾਜ ਸੇਵਕ ਹਨ, ਜਿਨ੍ਹਾਂ ਨੇ ਪਿਛਲੀਆਂ ਚੋਣਾਂ ਦੌਰਾਨ ਸੱਤਾਧਾਰੀ ਐਨਡੀਪੀ ਦੀ ਦੋ ਵਾਰ ਵਿਧਾਇਕ ਅਤੇ ਕੈਬਨਿਟ ਮੰਤਰੀ ਰਹੀ ਰਚਨਾ ਸਿੰਘ ਨੂੰ 1,160 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਸਿਆਸੀ ਹਲਕਿਆਂ ਵਿੱਚ ਵੱਡੀ ਚਰਚਾ ਛੇੜੀ ਸੀ। ਉਹ ਬੀਸੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸ਼ੈਡੋ ਕੈਬਨਿਟ ਵਿੱਚ ਪੇਰੈਂਟਲ ਰਾਈਟਸ ਅਤੇ ਸਪੋਰਟਸ ਦੇ ਆਲੋਚਕ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਚੋਣ ਪ੍ਰਚਾਰ ਦੌਰਾਨ ਮਨਦੀਪ ਧਾਲੀਵਾਲ ਨੇ ਸਰੀ ਨੌਰਥ ਦੇ ਵਸਨੀਕਾਂ ਨਾਲ ਰਾਬਤਾ ਕਾਇਮ ਕਰਦਿਆਂ ਖੇਤਰ ਦੀਆਂ ਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਦਾ ਅਹਿਦ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਆ ਕੇ ਇੱਕ ਸਫ਼ਲ ਕਾਰੋਬਾਰ ਸਥਾਪਤ ਕਰਨ ਕਾਰਨ ਉਹ ਛੋਟੇ ਵਪਾਰੀਆਂ ਅਤੇ ਆਮ ਪਰਿਵਾਰਾਂ ਦੀਆਂ ਵਿੱਤੀ ਚੁਣੌਤੀਆਂ ਨੂੰ ਭਲੀ-ਭਾਂਤ ਸਮਝਦੇ ਹਨ। ਉਨ੍ਹਾਂ ਦਾ ਚੋਣ ਏਜੰਡਾ ਮੁੱਖ ਤੌਰ ‘ਤੇ ਕਿਫ਼ਾਇਤੀ ਰਿਹਾਇਸ਼, ਸਿਹਤ ਸਹੂਲਤਾਂ ਵਿੱਚ ਸੁਧਾਰ, ਸਕੂਲਾਂ ਵਿੱਚ ਮਾਪਿਆਂ ਦੀ ਪਾਰਦਰਸ਼ਤਾ ਅਤੇ ਸਥਾਨਕ ਅਰਥਚਾਰੇ ਨੂੰ ਹੁਲਾਰਾ ਦੇਣ ਵਾਲੀਆਂ ਨੀਤੀਆਂ ‘ਤੇ ਕੇਂਦਰਿਤ ਹੈ। ਧਾਲੀਵਾਲ ਸਿੱਖ ਮੋਟਰਸਾਈਕਲ ਕਲੱਬ ਰਾਹੀਂ ਕੈਨੇਡਾ ਤੋਂ ਭਾਰਤ ਤੱਕ ਚੈਰਿਟੀ ਰਾਈਡ ਕਰਕੇ ਖ਼ਾਲਸਾ ਏਡ ਲਈ 100,000 ਡਾਲਰ ਜੁਟਾਉਣ ਅਤੇ ਵਿਸ਼ਵ ਰਿਕਾਰਡ ਬਣਾਉਣ ਕਾਰਨ ਸਮਾਜਿਕ ਖੇਤਰ ਵਿੱਚ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਬਦਲਾਅ ਲਿਆਉਣ ਅਤੇ ਜਵਾਬਦੇਹ ਸਰਕਾਰ ਚੁਣਨ ਲਈ ਕੰਜ਼ਰਵੇਟਿਵ ਪਾਰਟੀ ਦਾ ਸਾਥ ਦੇਣ। This report was written by Ekjot Singh as part of the Local Journalism Initiative.

