9.7 C
Vancouver
Friday, November 6, 2026

ਸਟਾਰਬਕਸ ‘ਤੇ ਗੁੰਮਰਾਹਕੁੰਨ ਦਾਅਵਿਆਂ ਦਾ ਦੋਸ਼, ਸ਼ੂਗਰ-ਫ੍ਰੀ ਡਰਿੰਕਸ ਵਿੱਚ ਨਿਕਲੀ ਖੰਡ ਦੀ ਭਾਰੀ ਮਾਤਰਾ

ਅਮਰੀਕਾ ਵਿੱਚ ਕੌਫੀ ਚੇਨ ਖ਼ਿਲਾਫ਼ ਫੈਡਰਲ ਕੇਸ ਦਰਜ, ਗਾਹਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼
ਵੈਨਕੂਵਰ (ਏਕਜੋਤ ਸਿੰਘ): ਦੁਨੀਆ ਭਰ ਵਿੱਚ ਪ੍ਰਸਿੱਧ ਕੌਫੀ ਕੰਪਨੀ ਸਟਾਰਬਕਸ ਖ਼ਿਲਾਫ਼ ਅਮਰੀਕਾ ਵਿੱਚ ਇੱਕ ਫੈਡਰਲ ਕਲਾਸ ਐਕਸ਼ਨ ਮੁਕੱਦਮਾ ਦਰਜ ਕੀਤਾ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਵੱਲੋਂ ‘ਸ਼ੂਗਰ-ਫ੍ਰੀ’ ਕਹਿ ਕੇ ਵੇਚੇ ਜਾ ਰਹੇ ਪ੍ਰੋਟੀਨ ਡਰਿੰਕਸ ਵਿੱਚ ਅਸਲ ਵਿੱਚ ਖੰਡ ਦੀ ਵੱਡੀ ਮਾਤਰਾ ਮੌਜੂਦ ਹੈ। ਸੀਏਟਲ ਦੀ ਫੈਡਰਲ ਅਦਾਲਤ ਵਿੱਚ ਦਾਇਰ ਇਸ ਮੁਕੱਦਮੇ ਅਨੁਸਾਰ ਸਟਾਰਬਕਸ ਦੇ ਮੇਨੂ ‘ਤੇ ਅਜਿਹੇ 8 ਪੀਣ ਵਾਲੇ ਪਦਾਰਥ ਹਨ ਜਿਨ੍ਹਾਂ ਦੇ ਨਾਂ ਅੱਗੇ ਖੰਡ-ਮੁਕਤ ਲਿਖਿਆ ਹੋਇਆ ਹੈ, ਪਰ ਉਨ੍ਹਾਂ ਦੇ ਵੱਡੇ ਵੈਂਟੀ ਸਾਈਜ਼ ਕੱਪ ਵਿੱਚ 13 ਤੋਂ 21 ਗ੍ਰਾਮ ਤੱਕ ਖੰਡ ਪਾਈ ਜਾਂਦੀ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਇਹ ਲੇਬਲਿੰਗ ਸਰਾਸਰ ਗੁੰਮਰਾਹਕੁੰਨ ਅਤੇ ਗ਼ੈਰ-ਕਾਨੂੰਨੀ ਹੈ।
ਮੁਕੱਦਮੇ ਵਿੱਚ ਦੱਸਿਆ ਗਿਆ ਹੈ ਕਿ ਕੰਪਨੀ ਦੀ ਵੈੱਬਸਾਈਟ ‘ਤੇ 16 ਔਂਸ ਦੇ ਕੈਰੇਮਲ ਪ੍ਰੋਟੀਨ ਮਾਚਾ ਡਰਿੰਕ ਵਿੱਚ 16 ਗ੍ਰਾਮ ਖੰਡ ਅਤੇ 20 ਔਂਸ ਵਾਲੇ ਡਰਿੰਕ ਵਿੱਚ 21 ਗ੍ਰਾਮ ਖੰਡ ਦਰਜ ਹੈ, ਜੋ ਕਿ ਇੱਕ ਚਾਕਲੇਟ ਕੱਪ ਨਾਲੋਂ ਵੀ ਜ਼ਿਆਦਾ ਹੈ। ਹੈਗਨਜ਼ ਬਰਮਨ ਲਾਅ ਫ਼ਰਮ ਵੱਲੋਂ ਕੈਲੀਫੋਰਨੀਆ, ਨਿਊਯਾਰਕ ਅਤੇ ਵਾਸ਼ਿੰਗਟਨ ਦੇ ਪ੍ਰਭਾਵਿਤ ਗਾਹਕਾਂ ਦੀ ਤਰਫ਼ੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਵਕੀਲਾਂ ਦਾ ਕਹਿਣਾ ਹੈ ਕਿ ਸ਼ੂਗਰ ਅਤੇ ਹੋਰ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕ ਬਿਮਾਰੀ ਦੇ ਡਰੋਂ ਸ਼ੂਗਰ-ਫ੍ਰੀ ਉਤਪਾਦ ਚੁਣਦੇ ਹਨ, ਪਰ ਅਜਿਹੀ ਗ਼ਲਤ ਜਾਣਕਾਰੀ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਹੈ। ਇਸ ਤੋਂ ਇਲਾਵਾ ਕੰਪਨੀ ‘ਤੇ ਐਫਡੀਏ ਦੇ ਨਿਯਮਾਂ ਅਨੁਸਾਰ ਕੈਲੋਰੀ ਸਬੰਧੀ ਜ਼ਰੂਰੀ ਚਿਤਾਵਨੀ ਨਾ ਛਾਪਣ ਦੇ ਦੋਸ਼ ਵੀ ਲਾਏ ਗਏ ਹਨ।
ਸਟਾਰਬਕਸ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਅਦਾਲਤ ਵਿੱਚ ਜ਼ੋਰਦਾਰ ਢੰਗ ਨਾਲ ਆਪਣਾ ਪੱਖ ਰੱਖਣ ਦਾ ਐਲਾਨ ਕੀਤਾ ਹੈ। ਕੰਪਨੀ ਦੇ ਬੁਲਾਰੇ ਅਨੁਸਾਰ ਡਰਿੰਕਸ ਵਿੱਚ ਵੱਖਰੇ ਤੌਰ ‘ਤੇ ਕੋਈ ਖੰਡ ਜਾਂ ਮਿੱਠੇ ਸ਼ਰਬਤ ਨਹੀਂ ਮਿਲਾਏ ਜਾਂਦੇ, ਸਗੋਂ ਇਹ ਮਿਠਾਸ ਵਰਤੇ ਜਾਣ ਵਾਲੇ ਪ੍ਰੋਟੀਨ ਦੁੱਧ ਵਿੱਚ ਕੁਦਰਤੀ ਤੌਰ ‘ਤੇ ਮੌਜੂਦ ਹੁੰਦੀ ਹੈ। ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਕੰਪਨੀ ਉੱਤਰੀ ਅਮਰੀਕਾ ਵਿੱਚ ਆਪਣੀਆਂ 250 ਸ਼ਾਖਾਵਾਂ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਸਟਾਰਬਕਸ ਨੇ ਸੈਂਕੜੇ ਕਾਰਪੋਰੇਟ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ ਅਤੇ ਕਈ ਦਫ਼ਤਰ ਵੀ ਬੰਦ ਕੀਤੇ ਹਨ।

ਰੁਝਾਨ ਖਬਰਾਂ