19 ਅਕਤੂਬਰ ਦੇ ਰੈਫਰੈਂਡਮ ਤੋਂ ਪਹਿਲਾਂ ਵੋਟਰ ਲਿਸਟਾਂ ‘ਤੇ ਸਿਆਸੀ ਘਮਸਾਨ, ਅਦਾਲਤ ‘ਚ ਸੁਣਵਾਈ ਮੁਕੰਮਲ
ਕੈਲਗਰੀ (ਏਕਜੋਤ ਸਿੰਘ): ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਇਲੈਕਸ਼ਨਜ਼ ਅਲਬਰਟਾ ਦੇ ਵੋਟਰ ਸੂਚੀ ਨਿਯਮਾਂ ਵਿੱਚ ਕੀਤੇ ਗਏ ਬਦਲਾਵਾਂ ਖ਼ਿਲਾਫ਼ ਵਿਰੋਧੀ ਧਿਰ ਐਨਡੀਪੀ ਵੱਲੋਂ ਸ਼ੁਰੂ ਕੀਤੀ ਗਈ ਅਦਾਲਤੀ ਲੜਾਈ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਐਡਮਿੰਟਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੀਮੀਅਰ ਨੇ ਸਪੱਸ਼ਟ ਕੀਤਾ ਕਿ ਇਹ ਆਰਜ਼ੀ ਪਾਬੰਦੀਆਂ ਚੋਣ ਅਧਿਕਾਰੀਆਂ ਦੀ ਸਿਫ਼ਾਰਸ਼ ‘ਤੇ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਵੱਖਵਾਦੀ ਗਰੁੱਪ ਅਤੇ ਆਜ਼ਾਦੀ ਪੱਖੀ ਰਿਪਬਲਿਕਨ ਪਾਰਟੀ ਆਫ਼ ਅਲਬਰਟਾ ਨਾਲ ਜੁੜੇ ਵੱਡੇ ਡਾਟਾ ਚੋਰੀ ਮਾਮਲੇ ਤੋਂ ਬਾਅਦ ਇਹ ਕਦਮ ਚੁੱਕਣਾ ਲਾਜ਼ਮੀ ਹੋ ਗਿਆ ਸੀ ਤਾਂ ਜੋ ਆਮ ਨਾਗਰਿਕਾਂ ਦੇ ਨਿੱਜੀ ਵੇਰਵੇ ਸੁਰੱਖਿਅਤ ਰਹਿ ਸਕਣ।
ਪਿਛਲੇ ਮਹੀਨੇ ਜਾਰੀ ਕੀਤੇ ਗਏ ਨਵੇਂ ਨਿਯਮਾਂ ਤਹਿਤ ਹੁਣ ਇਲੈਕਸ਼ਨਜ਼ ਅਲਬਰਟਾ ਵੱਲੋਂ ਸਿਆਸੀ ਪਾਰਟੀਆਂ ਨੂੰ ਸਿਰਫ਼ ਹਰੇਕ ਵੋਟਿੰਗ ਖੇਤਰ ਅਤੇ ਮਿਊਂਸਪੈਲਿਟੀ ਵਿੱਚ ਵੋਟਰਾਂ ਦੀ ਕੁੱਲ ਗਿਣਤੀ ਹੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪਾਰਟੀਆਂ ਨੂੰ ਵੋਟਰਾਂ ਦੇ ਪੂਰੇ ਨਾਂ, ਪਤੇ, ਫ਼ੋਨ ਨੰਬਰ ਅਤੇ ਵਿਲੱਖਣ ਵੋਟਰ ਪਛਾਣ ਨੰਬਰ ਵਾਲੀਆਂ ਵਿਸਤ੍ਰਿਤ ਸੂਚੀਆਂ ਮਿਲਦੀਆਂ ਸਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਸਾਲ ਦੇ ਅੰਤ ਤੱਕ ਹੀ ਲਾਗੂ ਰਹਿਣਗੇ ਅਤੇ ਪਤਝੜ ਰੁੱਤ ਦੌਰਾਨ ਵਿਧਾਨ ਸਭਾ ਵਿੱਚ ਨਵਾਂ ਕਾਨੂੰਨ ਲਿਆ ਕੇ ਇਸ ਸੰਬੰਧੀ ਪੱਕੇ ਨਿਯਮ ਤੈਅ ਕੀਤੇ ਜਾਣਗੇ।
ਐਨਡੀਪੀ ਦੀ ਹਾਊਸ ਲੀਡਰ ਕ੍ਰਿਸਟੀਨਾ ਗ੍ਰੇਅ ਨੇ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਇਹ ਨਵੀਂ ਨੀਤੀ 19 ਅਕਤੂਬਰ ਨੂੰ ਹੋਣ ਵਾਲੇ ਅਹਿਮ ਰੈਫਰੈਂਡਮ ਦੀ ਨਿਰਪੱਖਤਾ ਨੂੰ ਖ਼ਤਰੇ ਵਿੱਚ ਪਾਉਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰੀਮੀਅਰ ਨੇ ਮਹੀਨੇ ਪਹਿਲਾਂ ਕਾਰਵਾਈ ਕਰਨ ਦੀ ਬਜਾਏ ਆਪਣੇ ਵੱਖਵਾਦੀ ਸਾਥੀਆਂ ਨੂੰ ਬਚਾਉਣ ਨੂੰ ਤਰਜੀਹ ਦਿੱਤੀ ਹੈ। ਅਦਾਲਤ ਵਿੱਚ ਐਨਡੀਪੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਰਕਾਰ ਨੇ ਕਾਨੂੰਨ ਬਣਾਉਣ ਦੀ ਥਾਂ ਨਿਯਮਾਂ ਰਾਹੀਂ ਬਦਲਾਅ ਕਰਕੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੰਮ ਕੀਤਾ ਹੈ, ਜਿਸ ਨਾਲ ਰੈਫਰੈਂਡਮ ਦੌਰਾਨ ਪੋਲਿੰਗ ਏਜੰਟਾਂ ਦੀ ਨਿਗਰਾਨੀ ਸਮਰੱਥਾ ਪ੍ਰਭਾਵਿਤ ਹੋਵੇਗੀ। ਸਰਕਾਰੀ ਵਕੀਲ ਮੈਂਡੀ ਇੰਗਲੈਂਡ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪ੍ਰਾਂਤ ਨੂੰ ਨਿਯਮ ਬਦਲਣ ਦਾ ਪੂਰਾ ਕਾਨੂੰਨੀ ਹੱਕ ਹੈ। ਅਦਾਲਤ ਵੱਲੋਂ ਇਸ ਮਾਮਲੇ ‘ਤੇ ਜਲਦ ਫ਼ੈਸਲਾ ਸੁਣਾਏ ਜਾਣ ਦੀ ਉਮੀਦ ਹੈ।This report was written by Ekjot Singh as part of the Local Journalism Initiative.
ਵੋਟਰ ਸੂਚੀ ਨਿਯਮਾਂ ‘ਚ ਬਦਲਾਅ ‘ਤੇ ਐਨਡੀਪੀ ਦੀ ਕਾਨੂੰਨੀ ਚੁਣੌਤੀ ਨੂੰ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਨਕਾਰਿਆ

