9.7 C
Vancouver
Friday, November 6, 2026

ਵੈਨਕੂਵਰ ਮੇਅਰ ਚੋਣਾਂ ਵਿੱਚ ਜਨਤਕ ਸੁਰੱਖਿਆ ਬਣੀ ਮੁੱਖ ਮੁੱਦਾ, ਉਮੀਦਵਾਰਾਂ ਵਿਚਾਲੇ ਤਿੱਖੀ ਬਹਿਸ

ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਦੀਆਂ 17 ਅਕਤੂਬਰ ਨੂੰ ਹੋਣ ਵਾਲੀਆਂ ਮਿਊਂਸਪਲ ਚੋਣਾਂ ਤੋਂ ਪਹਿਲਾਂ ਸ਼ਹਿਰ ਵਿੱਚ ਅਮਨ-ਕਾਨੂੰਨ ਅਤੇ ਜਨਤਕ ਸੁਰੱਖਿਆ ਦਾ ਮੁੱਦਾ ਭਖ ਗਿਆ ਹੈ। ਮੌਜੂਦਾ ਮੇਅਰ ਕੇਨ ਸਿਮ ਅਤੇ ਉਨ੍ਹਾਂ ਦੀ ਏਬੀਸੀ ਪਾਰਟੀ ਵੱਲੋਂ ਪੁਰਾਣੇ ਸੇਂਟ ਪੌਲਜ਼ ਹਸਪਤਾਲ ਦੇ ਇੱਕ ਹਿੱਸੇ ਨੂੰ ਮਰੀਜ਼ਾਂ ਲਈ ਜਬਰੀ ਦੇਖਭਾਲ ਕੇਂਦਰ ਭਾਵ ਇਨਵੌਲੰਟਰੀ ਕੇਅਰ ਫੈਸਿਲਿਟੀ ਵਿੱਚ ਤਬਦੀਲ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਇਸ ਮੁੱਦੇ ‘ਤੇ ਚੋਣਾਂ ਦੌਰਾਨ ਜਨਤਕ ਰਾਇਸ਼ੁਮਾਰੀ ਕਰਵਾਈ ਜਾ ਰਹੀ ਹੈ। ਮੇਅਰ ਅਹੁਦੇ ਦੇ ਉਮੀਦਵਾਰ ਕਰੀਮ ਅੱਲਾਮ ਨੇ ਇਸ ਯੋਜਨਾ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਡਾਊਨਟਾਊਨ ਵਿੱਚ ਹਸਪਤਾਲ ਨੂੰ ਅਸਲ ਵਿੱਚ ਜੇਲ੍ਹ ਵਾਂਗ ਬਣਾਇਆ ਜਾ ਰਿਹਾ ਹੈ। ਕਰੀਮ ਅੱਲਾਮ ਨੇ ਕਿਹਾ ਕਿ ਵੈਨਕੂਵਰ ਨੂੰ ਬੁਰਾਰਡ ਸਟਰੀਟ ‘ਤੇ ਜੇਲ੍ਹ ਦੀ ਨਹੀਂ ਸਗੋਂ ਮਰੀਜ਼ਾਂ ਲਈ ਸਹੀ ਇਲਾਜ ਪ੍ਰਣਾਲੀ ਦੀ ਲੋੜ ਹੈ। ਨਵਾਂ ਸੇਂਟ ਪੌਲਜ਼ ਹਸਪਤਾਲ ਸਾਲ 2027 ਵਿੱਚ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਕਾਰਨ ਪੁਰਾਣੀ ਇਮਾਰਤ ਦੀ ਵਰਤੋਂ ਬਾਰੇ ਚਰਚਾ ਚੱਲ ਰਹੀ ਹੈ। ਕੇਨ ਸਿਮ ਦਾ ਕਹਿਣਾ ਹੈ ਕਿ ਸਕੂਲਾਂ ਅਤੇ ਪਾਰਕਾਂ ਤੋਂ ਦੂਰ ਨਸ਼ਾ ਵਰਤੋਂ ਕੇਂਦਰ ਬਣਾਉਣ ਅਤੇ ਜਨਤਕ ਥਾਵਾਂ ‘ਤੇ ਨਸ਼ੇ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਕਾਰਵਾਈ ਦੇ ਨਾਲ-ਨਾਲ ਇਹ ਫੈਸਿਲਿਟੀ ਸ਼ਹਿਰ ਵਿੱਚ ਸੁਰੱਖਿਆ ਬਹਾਲ ਕਰਨ ਲਈ ਜ਼ਰੂਰੀ ਹੈ। ਬਾਕੀ ਉਮੀਦਵਾਰਾਂ ਨੇ ਵੀ ਆਪਣੇ ਵੱਖੋ-ਵੱਖਰੇ ਵਿਚਾਰ ਰੱਖੇ ਹਨ। ਗ੍ਰੀਨ ਪਾਰਟੀ ਦੇ ਪੀਟ ਫਰਾਈ ਨੇ ਕਿਹਾ ਕਿ ਪੁਲਿਸ ਜਾਂ ਮੈਡੀਕਲ ਟੀਮਾਂ ਦੀ ਬਜਾਏ ਇੱਕ ਨਵੀਂ ਪੀਅਰ-ਲੈੱਡ ਆਊਟਰੀਚ ਟੀਮ ਬਣਾਈ ਜਾਵੇ ਜੋ ਦੁਕਾਨਾਂ ਅੱਗੇ ਸੌਣ ਵਾਲੇ ਜਾਂ ਵਿਘਨ ਪਾਉਣ ਵਾਲੇ ਲੋਕਾਂ ਨੂੰ ਸਮਝਾ ਕੇ ਸੁਰੱਖਿਅਤ ਥਾਵਾਂ ‘ਤੇ ਭੇਜੇ। ਟੀਮ ਪਾਰਟੀ ਦੀ ਕੋਲੀਨ ਹਾਰਡਵਿਕ ਨੇ ਕਿਹਾ ਕਿ ਧਿਆਨ ਨਸ਼ਾ ਛੁਡਾਊ ਰਿਕਵਰੀ ਅਤੇ ਸਖ਼ਤ ਕਾਨੂੰਨ ਲਾਗੂ ਕਰਨ ‘ਤੇ ਹੋਣਾ ਚਾਹੀਦਾ ਹੈ। ਵੋਟ ਵੈਨਕੂਵਰ ਦੀ ਰੇਬੇਕਾ ਬਲਾਈ ਨੇ ਕਿਹਾ ਕਿ ਸਿਹਤ ਪ੍ਰਣਾਲੀ ਵਿੱਚ ਮਾਨਸਿਕ ਰੋਗਾਂ ਦੇ ਬੈੱਡਾਂ ਦੀ ਭਾਰੀ ਘਾਟ ਹੈ ਅਤੇ ਵਾਰ-ਵਾਰ ਜੁਰਮ ਕਰਨ ਵਾਲਿਆਂ ਨਾਲ ਨਜਿੱਠਣ ਲਈ ਇੱਕ ਵਿਆਪਕ ਰਣਨੀਤੀ ਦੀ ਲੋੜ ਹੈ।

ਰੁਝਾਨ ਖਬਰਾਂ