ਵੈਨਕੂਵਰ (ਏਕਜੋਤ ਸਿੰਘ): ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਵਿਦੇਸ਼ਾਂ ਵਿੱਚ ਕੈਨੇਡੀਅਨ ਨਾਗਰਿਕਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਨਜ਼ਰਬੰਦੀਆਂ ਦੇ ਮਾਮਲਿਆਂ ਵਿੱਚ 60 ਫ਼ੀਸਦੀ ਦਾ ਚਿੰਤਾਜਨਕ ਵਾਧਾ ਦਰਜ ਕੀਤਾਗਿਆ ਹੈ। ਵੀਰਵਾਰ ਨੂੰ ਨਸ਼ਰ ਕੀਤੇ ਗਏ ਕੌਂਸਲਰ ਮਾਮਲਿਆਂ ਨਾਲ ਸਬੰਧਤ ਇਸ ਅਧਿਕਾਰਤ ਦਸਤਾਵੇਜ਼ ਮੁਤਾਬਕ ਇਹ ਵਾਧਾ ਅਪ੍ਰੈਲ 2025 ਤੋਂ ਮਾਰਚ 2026 ਦੇ ਦਰਮਿਆਨ ਦਰਜ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਕੈਨੇਡੀਅਨਾਂ ਵੱਲੋਂ ਅਮਰੀਕਾ ਜਾਣ ਦੇ ਰੁਝਾਨ ਵਿੱਚ 25 ਫ਼ੀਸਦੀ ਦੀ ਵੱਡੀ ਗਿਰਾਵਟ ਆਈ ਸੀ, ਫਿਰ ਵੀ ਅਮਰੀਕੀ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਅਤੇ ਹਿਰਾਸਤ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ।
ਸਰਕਾਰੀ ਰਿਪੋਰਟ ਵਿੱਚ ਹਾਲਾਂਕਿ ਇਸ ਗਿਣਤੀ ਦੇ ਅਚਾਨਕ ਵਧਣ ਦੇ ਪਿੱਛੇ ਦੇ ਸਹੀ ਕਾਰਨਾਂ ਦਾ ਵਿਸਥਾਰਪੂਰਵਕ ਵੇਰਵਾ ਨਹੀਂ ਦਿੱਤਾ ਗਿਆ, ਪਰ ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਮੀਗ੍ਰੇਸ਼ਨ ਛਾਪਿਆਂ ਵਿੱਚ ਕੀਤੇ ਗਏ ਵਾਧੇ ਦਾ ਇਸ ‘ਤੇ ਸਿੱਧਾ ਅਸਰ ਪਿਆ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਕੈਨੇਡੀਅਨ ਯਾਤਰੀਆਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਸਰਹੱਦ ਪਾਰ ਕਰਦੇ ਸਮੇਂ ਉਨ੍ਹਾਂ ਨੂੰ ਅਮਰੀਕੀ ਸਰਹੱਦੀ ਅਧਿਕਾਰੀਆਂ ਦੇ ਗ਼ੈਰ-ਵਾਜਬ ਅਤੇ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਕਈ ਵਾਰ ਹਿਰਾਸਤ ਦੀ ਨੌਬਤ ਆ ਜਾਂਦੀ ਹੈ। ਅਮਰੀਕਾ ਤੋਂ ਇਲਾਵਾ ਦੁਨੀਆ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਕੈਨੇਡੀਅਨ ਨਾਗਰਿਕਾਂ ਦੀਆਂ ਗ੍ਰਿਫ਼ਤਾਰੀਆਂ ਦੇ ਅੰਕੜਿਆਂ ਵਿੱਚ ਸਮੁੱਚੇ ਤੌਰ ‘ਤੇ ਲਗਭਗ 20 ਫ਼ੀਸਦੀ ਦਾ ਵਾਧਾ ਹੋਇਆ ਹੈ।
ਰਿਪੋਰਟ ਮੁਤਾਬਕ ਥਾਈਲੈਂਡ ਵਿੱਚ ਕੈਨੇਡੀਅਨਾਂ ਦੀਆਂ ਗ੍ਰਿਫ਼ਤਾਰੀਆਂ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਤਿੰਨ ਗੁਣਾ ਵਧ ਗਏ ਹਨ। ਗਲੋਬਲ ਅਫੇਅਰਜ਼ ਕੈਨੇਡਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਸੰਸਾਰ ਭਰ ਅੰਦਰ ਛਿੜੀਆਂ ਜੰਗਾਂ, ਹਥਿਆਰਬੰਦ ਸੰਘਰਸ਼ਾਂ ਅਤੇ ਕੁਦਰਤੀ ਆਫ਼ਤਾਂ ਕਾਰਨ ਕੌਂਸਲਰ ਮਾਮਲੇ ਬੇਹੱਦ ਗੁੰਝਲਦਾਰ ਹੁੰਦੇ ਜਾ ਰਹੇ ਹਨ। ਇਨ੍ਹਾਂ ਸੰਕਟਕਾਲੀਨ ਸਥਿਤੀਆਂ ਵਿੱਚ ਫਸੇ ਨਾਗਰਿਕਾਂ ਦੀ ਸਹਾਇਤਾ ਕਰਨਾ ਸਰਕਾਰ ਲਈ ਵਿੱਤੀ ਤੌਰ ‘ਤੇ ਵੀ ਕਾਫ਼ੀ ਖ਼ਰਚੀਲਾ ਸਾਬਤ ਹੋ ਰਿਹਾ ਹੈ। ਵਿਭਾਗ ਨੇ ਇਹ ਵੀ ਸਾਂਝਾ ਕੀਤਾ ਕਿ ਹੁਣ ਵਿਦੇਸ਼ ਜਾਣ ਵਾਲੇ ਕੈਨੇਡੀਅਨਾਂ ਵੱਲੋਂ ਸਰਕਾਰੀ ਪੋਰਟਲ ‘ਤੇ ਆਪਣੀ ਜਾਣਕਾਰੀ ਸਵੈ-ਇੱਛਾ ਨਾਲ ਦਰਜ ਕਰਵਾਉਣ ਦਾ ਰੁਝਾਨ ਵਧਿਆ ਹੈ। ਇਸ ਰਜਿਸਟ੍ਰੇਸ਼ਨ ਨਾਲ ਓਟਾਵਾ ਨੂੰ ਕਿਸੇ ਵੀ ਐਮਰਜੈਂਸੀ ਵੇਲੇ ਸੁਰੱਖਿਆ ਸਲਾਹਾਂ ਭੇਜਣ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਸੌਖ ਹੁੰਦੀ ਹੈ। This report was written by Ekjot Singh as part of the Local Journalism Initiative.
ਵਿਦੇਸ਼ਾਂ ਵਿੱਚ ਕੈਨੇਡੀਅਨ ਨਾਗਰਿਕਾਂ ਦੀਆਂ ਗ੍ਰਿਫ਼ਤਾਰੀਆਂ ਦੇ ਮਾਮਲਿਆਂ ਵਿੱਚ 60 ਫ਼ੀਸਦੀ ਉਛਾਲ

