9.7 C
Vancouver
Friday, November 6, 2026

ਵਾਲਾਂ ਨੂੰ ਨਹੀਂ ਮਿਲੇਗਾ ਪੋਸ਼ਣ ਤਾਂ ਉਹ ਚਮਕਣਗੇ ਕਿਵੇਂ?

-ਪ੍ਰਤਿਮਾ ਅਰੋੜਾ
ਜਿਸ ਤਰ੍ਹਾਂ ਤੰਦਰੁਸਤ ਰਹਿਣ ਲਈ ਸਾਡੇ ਸਰੀਰ ਨੂੰ ਪ੍ਰੋਟੀਨ, ਵਿਟਾਮਿਨ, ਖਣਿਜ ਲਵਣ, ਜਿੰਕ, ਆਇਰਨ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਦੀ ਲੋੜ ਹੁੰਦੀ ਹੈ, ਇਸ ਤਰ੍ਹਾਂ ਸਾਡੇ ਵਾਲਾਂ ਦੀ ਸੁੰਦਰਤਾ ਵੀ ਸਾਡੇ ਪੋਸ਼ਣ ਦੇ ਪੱਧਰ ‘ਤੇ ਨਿਰਭਰ ਹੁੰਦੀ ਹੈ।
ਆਇਰਨ ਅਤੇ ਜ਼ਿੰਕ : ਸਰੀਰ ਵਿਚ ਆਇਰਨ ਅਤੇ ਜ਼ਿੰਕ ਵਾਲਾਂ ਦਾ ਵਾਧੇ ਵਿਚ ਸਹਾਇਕ ਹੁੰਦੇ ਹਨ। ਇਸ ਲਈ ਸੋਇਆਬੀਨ ਜਾਂ ਵਿਟਾਮਿਨ ‘ਸੀ’ ਵਾਲੇ ਆਹਾਰ ਜਿਵੇਂ ਰੇਸ਼ੇਦਾਰ ਫਲ ਖਾਓ, ਇਹ ਸਰੀਰ ਵਿਚ ਆਇਰਨ ਦੀ ਘਾਟ ਨੂੰ ਪੂਰਾ ਕਰਦੇ ਹਨ।
ਵਿਟਾਮਿਨ : ਹਰੀਆਂ ਪੱਤੇਦਾਰ ਸਬਜ਼ੀਆਂ, ਬੀਨਜ਼ ਅਤੇ ਗਾਜਰ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰੋ। ਪਾਲਕ ਆਇਰਨ, ਵਿਟਾਮਿਨ ‘ਸੀ’ ਅਤੇ ਵਿਟਾਮਿਨ ‘ਏ’ ਦਾ ਵਧੀਆ ਸਰੋਤ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਕੈਲਸ਼ੀਅਮ ਅਤੇ ਆਇਰਨ ਹੁੰਦਾ ਹੈ। ਬੀਨਜ਼ ਵਿਚ ਪ੍ਰੋਟੀਨ, ਜ਼ਿੰਕ ਬਾਇਓਟਿਨ, ਆਇਰਨ ਵਰਗੇ ਤੱਤ ਵਾਲਾਂ ਨੂੰ ਚਮਕਦਾਰ ਬਣਾਉਂਦੇ ਹਨ। ਇਸ ਵਾਸਤੇ ਰੋਜ਼ ਸਲਾਦ, ਸਬਜ਼ੀਆਂ ਅਤੇ ਨਾਸ਼ਤੇ ਵਿਚ ਗਾਜਰ ਦੀ ਵਰਤੋਂ ਕਰੋ। ਵਿਟਾਮਿਨ ‘ਬੀ’ ਵਾਲਾਂ ਦੇ ਵਾਧੇ ਵਿਚ ਸਹਾਇਕ ਹੁੰਦਾ ਹੈ। ਆਂਡਿਆਂ ਵਿਚ ਵਿਟਾਮਿਨ ‘ਬੀ’ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਲਈ ਵਾਲਾਂ ਦੀ ਚੰਗੀ ਲੰਬਾਈ ਲਈ ਹਰ ਰੋਜ਼ ਆਂਡੇ ਦਾ ਸੇਵਨ ਕਰੋ।
ਵਿਟਾਮਿਨ ‘ਡੀ’: ਵਿਟਾਮਿਨ ‘ਡੀ’ ਵਾਲਾਂ ਦੇ ਵਾਧੇ ਵਿਚ ਸਹਾਇਕ ਹੁੰਦਾ ਹੈ। ਕੁਝ ਚੀਜ਼ਾਂ ਵਿਚ ਇਹ ਕੁਦਰਤੀ ਰੂਪ ਵਿਚ ਪਾਇਆ ਜਾਂਦਾ ਹੈ ਪਰ ਹਰ ਰੋਜ਼ ਥੋੜ੍ਹੀ ਧੁੱਪ ਦਾ ਸੇਵਨ ਵੀ ਵਿਟਾਮਿਨ ‘ਡੀ’ ਦਾ ਵਧੀਆ ਸਰੋਤ ਹੈ।
ਪ੍ਰੋਟੀਨ : ਪ੍ਰੋਟੀਨ ਵਾਲਾਂ ਦੀ ਰੰਗਤ ਨਿਖਾਰਨ, ਉਨ੍ਹਾਂ ਨੂੰ ਤੰਦਰੁਸਤ ਰੱਖਣ ਅਤੇ ਇਨ੍ਹਾਂ ਦੀ ਚਮਕ ਬਰਕਰਾਰ ਰੱਖਣ ਵਿਚ ਮਦਦਗਾਰ ਹੁੰਦਾ ਹੈ। ਦਾਲਾਂ, ਸਾਬਤ ਅਨਾਜ ਪ੍ਰੋਟੀਨ ਦਾ ਵਧੀਆ ਸਰੋਤ ਹੈ। ਆਟੇ ਵਿਚ ਸੋਇਆਬੀਨ ਮਿਲਾ ਕੇ ਰੋਟੀ ਬਣਾਉਣ ਨਾਲ ਹਰ ਰੋਜ਼ ਦੀ ਪ੍ਰੋਟੀਨ ਦੀ ਲੋੜ ਪੂਰੀ ਹੁੰਦੀ ਹੈ। ਇਸ ਤੋਂ ਇਲਾਵਾ ਆਂਡੇ, ਚਿਕਨ ਅਤੇ ਮੱਛੀ ਵੀ ਪ੍ਰੋਟੀਨ ਦੇ ਵਧੀਆ ਸਰੋਤ ਹਨ। ਔਰਤਾਂ ਨੂੰ ਹਰ ਰੋਜ਼ 46 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ, ਜਿਸ ਵਾਸਤੇ ਉਨ੍ਹਾਂ ਨੂੰ ਆਪਣੇ ਭੋਜਨ ਵਿਚ ਪ੍ਰੋਟੀਨ ਵਾਲੇ ਖਾਧ ਪਦਾਰਥ ਵੱਧ ਤੋਂ ਵੱਧ ਸ਼ਾਮਿਲ ਕਰਨੇ ਚਾਹੀਦੇ ਹਨ।
ਕੈਲਸ਼ੀਅਮ : ਕੈਲਸ਼ੀਅਮ ਦੀ ਪੂਰਤੀ ਲਈ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਦਾ ਸੇਵਨ ਕੀਤਾ ਜਾ ਸਕਦਾ ਹੈ। ਦਹੀਂ, ਚੀਜ, ਪਨੀਰ ਹਰ ਰੋਜ਼ ਨਾਸ਼ਤੇ ਵਿਚ ਲੈ ਸਕਦੇ ਹੋ। ਇਨ੍ਹਾਂ ਨਾਲ ਕੈਲਸ਼ੀਅਮ ਦੇ ਨਾਲ-ਨਾਲ ਪ੍ਰੋਟੀਨ ਅਤੇ ਵਿਟਾਮਿਨ ਬੀ-12 ਦੀ ਵੀ ਪੂਰਤੀ ਹੁੰਦੀ ਹੈ।
ਓਮੇਗਾ-3 : ਓਮੇਗਾ-3 ਫੈਟੀ ਐਸਿਡ ਵਾਲਾਂ ਨੂੰ ਨਮੀ ਪ੍ਰਦਾਨ ਕਰਦਾ ਹੈ ਅਤੇ ਇਸ ਨਾਲ ਵਾਲ ਮੁਲਾਇਮ ਹੁੰਦੇ ਹਨ। ਓਮੇਗਾ-3 ਸਾਲੋਮਨ ਮੱਛੀ ਵਿਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਹਫ਼ਤੇ ਵਿਚ ਦੋ ਦਿਨ ਕਰਨਾ ਚਾਹੀਦਾ ਹੈ। ਸ਼ਾਕਾਹਾਰੀਆਂ ਲਈ ਵਾਲਾਂ ਦੇ ਪੋਸ਼ਣ ਲਈ ਅਨਾਜ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਵਾਸਤੇ ਬਾਜਰਾ, ਜਈ ਅਤੇ ਜਵਾਰ ਨੂੰ ਵੀ ਆਪਣੇ ਭੋਜਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਰੁਝਾਨ ਖਬਰਾਂ