9.7 C
Vancouver
Friday, November 6, 2026

ਰੁੱਖ ਅਤੇ ਪੰਛੀ

ਰਘੁਵੀਰ ਸਿੰਘ ਕਲੋਆ
ਇਕ ਪਿੰਡ ਵਿਚ ਭਾਨ ਸਿੰਘ ਨਾਂਅ ਦਾ ਇਕ ਬਹੁਤ ਹੀ ਸੂਝਵਾਨ ਅਤੇ ਮਿਹਨਤੀ ਕਿਸਾਨ ਰਹਿੰਦਾ ਸੀ | ਉਸ ਕੋਲ ਭਾਵੇਂ ਪਿਤਾਪੁਰਖੀ ਬਹੁਤ ਥੋੜ੍ਹੀ ਜ਼ਮੀਨ ਸੀ ਪਰ ਆਪਣੀ ਮਿਹਨਤ ਨਾਲ ਉਹ ਇਸ ਥੋੜ੍ਹੀ ਜ਼ਮੀਨ ਵਿਚੋਂ ਹੀ ਆਪਣੇ ਘਰ ਦਾ ਗੁਜ਼ਾਰਾ ਬਹੁਤ ਸੋਹਣਾ ਚਲਾ ਰਿਹਾ ਸੀ | ਖੇਤਾਂ ਵਿਚਕਾਰ ਆਪਣੀ ਬੰਬੀ ਵਾਲੇ ਕਮਰੇ ਦੇ ਇਰਦ-ਗਿਰਦ ਉਸ ਨੇ ਕੁਝ ਛਾਂਦਾਰ ਅਤੇ ਫਲਦਾਰ ਰੁਖ ਲਾਏ ਹੋਏ ਸਨ | ਦੁਪਹਿਰ ਵੇਲੇ ਜਦੋਂ ਉਹ ਆਪਣੇ ਕੰਮਕਾਜ ਤੋਂ ਵਿਹਲਾ ਹੋ ਕੇ ਇਨ੍ਹਾਂ ਰੁੱਖਾਂ ਦੀ ਛਾਂ ਹੇਠ ਡਾਹੀ ਮੰਜੀ ‘ਤੇ ਪੈਂਦਾ ਤਾਂ ਉਸ ਨੂੰ ਇਨ੍ਹਾਂ ਰੁੱਖਾਂ ਦੀ ਗੂੜ੍ਹੀ ਛਾਂ ਆਪਣੀ ਮਾਂ ਦੀ ਗੋਦ ਵਰਗੀ ਜਾਪਦੀ ਤੇ ਦਰੱਖਤਾਂ ਉੱਪਰ ਰਹਿੰਦੇ ਪੰਛੀਆਂ ਦੇ ਬੋਲ ਆਪਣੀ ਮਾਂ ਦੀਆਂ ਲੋਰੀਆਂ ਜਿਹੇ | ਇਥੇ ਦੁਪਹਿਰਾ ਕੱਟ ਕੇ ਉਸ ਦਾ ਸਾਰਾ ਥਕੇਵਾਂ ਦੂਰ ਹੋ ਜਾਂਦਾ |
ਇਕ ਦਿਨ ਉਹ ਆਪਣੇ ਖੇਤ ਵਿਚ ਗੋਡੀ ਕਰ ਰਿਹਾ ਸੀ | ਛਾਹ ਵੇਲਾ ਕਰਨ ਪਿੱਛੋਂ ਉਸ ਨੇ ਥੋੜ੍ਹਾ ਸਮਾਂ ਦਰੱਖਤਾਂ ਦੀ ਛਾਂ ਹੇਠ ਆਰਾਮ ਕੀਤਾ ਤੇ ਜਿਉਂ ਹੀ ਉਹ ਦੁਬਾਰਾ ਖੇਤ ਵੱਲ ਜਾਣ ਲੱਗਾ ਤਾਂ ਨਾਲ ਲਗਦੇ ਖੇਤ ਵਾਲਾ ਲੰਬੜਦਾਰ ਉਥੇ ਆ ਗਿਆ | ਲੰਬੜਦਾਰ ਨੇ ਨਾ ਤਾਂ ਆਪਣੇ ਕਿਸੇ ਬੰਨ੍ਹੇ ਉੱਪਰ ਕੋਈ ਰੁੱਖ ਛੱਡਿਆ ਸੀ ਤੇ ਨਾ ਹੀ ਖੇਤ ਵਿਚ | ਟਿਕਵੀਂ ਧੁੱਪ ਵਿਚ ਉਸ ਨੂੰ ਭਾਨ ਸਿੰਘ ਦੀ ਬੰਬੀ ਦੁਆਲੇ ਲੱਗੇ ਰੱੁਖਾਂ ਦੀ ਛਾਂ ਬੜੀ ਪਿਆਰੀ-ਪਿਆਰੀ ਲੱਗੀ | ਭਾਨ ਸਿੰਘ ਨੇ ਬੜੇ ਆਦਰ ਨਾਲ ਉਸ ਨੂੰ ਮੰਜੀ ‘ਤੇ ਬੈਠਣ ਲਈ ਕਿਹਾ | ਟੇਢੇ ਸੁਭਾਅ ਵਾਲਾ ਲੰਬੜ ਮੰਜੀ ‘ਤੇ ਬੈਠ ਦਰੱਖਤਾਂ ਦੇ ਉੱਪਰ ਵੱਲ ਝਾਕਣ ਲੱਗਾ | ਆਪਣੀ ਆਦਤ ਤੋਂ ਮਜਬੂਰ ਉਸ ਨੇ ਭਾਨ ਸਿੰਘ ਨੂੰ ਬੜੇ ਰੁੱਖੇ ਲਹਿਜ਼ੇ ‘ਚ ਕਿਹਾ, ‘ਭਾਨ ਸਿਹਾਂ! ਊਾ ਤਾਂ ਦਰੱਖਤਾਂ ਦੀ ਛਾਂ ਬੜੀ ਪਿਆਰੀ ਲਗਦੀ ਹੈ ਪਰ ਐਹ ਦੇਖ ਤੂੰ ਕਿੰਨੇ ਜਨੌਰ ‘ਕੱਠੇ ਕੀਤੇ ਇਨ੍ਹਾਂ ‘ਤੇ, ਇਹ ਤਾਂ ਤੇਰੀ ਫ਼ਸਲ ਦਾ ਬੜਾ ਨੁਕਸਾਨ ਕਰਦੇ ਹੋਣੇ |’
ਸੂਝਵਾਨ ਭਾਨ ਸਿੰਘ ਨੇ ਉਸ ਦੀ ਗੱਲ ਬੜੀ ਹਲੀਮੀ ਨਾਲ ਸੁਣੀ ਤੇ ਆਖਿਆ, ‘ਤਾਇਆ! ਇਨ੍ਹਾਂ ਪੰਛੀਆਂ ਦਾ ਹੀ ਤਾਂ ਆਸਰਾ, ਇਨ੍ਹਾਂ ਰੱਬ ਦੇ ਜੀਆਂ ਕੀ ਸਾਡਾ ਨੁਕਸਾਨ ਕਰਨਾ, ਇਹ ਤਾਂ ਸਗੋਂ ਸਾਡੇ ਹੱਕ ‘ਚ ਭੁਗਤਦੇ |’
‘ਅੱਛਾ! ਉਹ ਕਿਵੇਂ?’ ਲੰਬੜ ਨੇ ਮੂੰਹ ਅੱਡਦਿਆਂ ਪੁਛਿਆ |
‘ਤਾਇਆ, ਤੂੰ ਘੜੀ ਮੰਜੀ ‘ਤੇ ਆਰਾਮ ਕਰ, ਮੈਂ ਧਰਿਆ ਕਿਆਰਾ ਸਿਰੇ ਲਾ ਆਵਾਂ, ਫੇਰ ਮੈਂ ਆ ਕੇ ਗੱਲ ਕਰਦਾਂ |’ ਇਹ ਆਖ ਭਾਨ ਸਿੰਘ ਮੁੜ ਸਾਹਮਣਲੇ ਖੇਤ ਵਿਚ ਗੋਡੀ ਕਰਨ ਲੱਗ ਪਿਆ | ਜਿਉਂ ਹੀ ਉਹ ਗੋਡੀ ਕਰਨ ਬੈਠਿਆ ਤਾਂ ਦਰੱਖਤਾਂ ਤੋਂ ਉੱਤਰ ਕੁਝ ਕਾਂ, ਚਿੜੀਆਂ ਤੇ ਘੁਗੀਆਂ ਉਸ ਦੇ ਪਿੱਛੇ ਆ ਉਸੇ ਕਿਆਰੇ ‘ਚ ਬੈਠ ਗਏ | ਭਾਨ ਸਿੰਘ ਗੋਡੀ ਕਰਕੇ ਜਿਉਂ ਹੀ ਘਾਹ ਨੂੰ ਇਕ ਪਾਸੇ ਹਟਾਉਂਦਾ ਤਾਂ ਇਹ ਪੰਛੀ ਉਥੇ ਲੁਕੀਆਂ ਸੁੰਡੀਆਂ ਅਤੇ ਕੀੜੇ-ਮਕੌੜੇ ਨਾਲੋ-ਨਾਲ ਚੁਗੀ ਜਾਂਦੇ | ਦੂਰੋਂ ਦੇਖਿਆਂ ਇੰਜ ਜਾਪਦਾ ਜਿਵੇਂ ਇਹ ਪੰਛੀ ਅਤੇ ਭਾਨ ਸਿੰਘ ਕਿਸੇ ਸਾਂਝੀ ਮੁਹਿੰਮ ਵਿਚ ਜੁਟੇ ਹੋਣ | ਲੰਬੜ ਇਹ ਸਭ ਦੇਖ ਬੜਾ ਹੈਰਾਨ ਹੋਇਆ |
ਏਨੇ ਨੂੰ ਕੁਝ ਸ਼ਾਰਖਾਂ ਭਾਨ ਸਿੰਘ ਤੋਂ ਕੁਝ ਦੂਰ ਉੱਚੀ-ਉੱਚੀ ਰੌਲਾ ਪਾਉਣ ਲੱਗੀਆਂ | ਇਕ ਲੰਮਾ ਸੱਪ ਜੋ ਪਰਲੇ ਖੇਤ ਤੋਂ ਉਸ ਪਾਸੇ ਆ ਰਿਹਾ ਸੀ, ਸ਼ਾਰਖਾਂ ਨੇ ਰੌਲਾ ਪਾ ਕੇ ਵਾਪਸ ਭਜਾ ਦਿੱਤਾ | ਭਾਨ ਸਿੰਘ ਨੇ ਸਿਰ ਉੱਚਾ ਕਰਕੇ ਉੱਪਰ ਦੇਖਿਆ ਤੇ ਮੁੜ ਗੋਡੀ ਕਰਨ ਲੱਗਾ | ਕੁਝ ਚਿਰ ਪਿੱਛੋਂ ਜਦੋਂ ਉਸ ਦਾ ਕਿਆਰਾ ਧੁਰ ਲੱਗ ਗਿਆ ਤਾਂ ਉਹ ਮੁੜ ਦਰੱਖਤਾਂ ਦੀ ਛਾਂ ਹੇਠ ਆ ਗਿਆ | ਲੰਬੜਦਾਰ ਹਾਲੇ ਉਥੇ ਹੀ ਬੈਠਾ ਆਰਾਮ ਫਰਮਾ ਰਿਹਾ ਸੀ | ਭਾਨ ਸਿੰਘ ਨੇ ਆਉਂਦਿਆਂ ਹੀ ਉਸ ਨੂੰ ਟਕੋਰ ਲਾਈ, ‘ਦੇਖ ਲੈ ਤਾਇਆ, ਤੂੰ ਜਿਨ੍ਹਾਂ ਨੂੰ ਕਹਿੰਦਾ ਸੀ ਕਿ ਨੁਕਸਾਨ ਕਰਦੇ ਹੋਣੇ, ਕਿਵੇਂ ਮੇਰੀ ਫ਼ਸਲ ‘ਚੋਂ ਸੁੰਡੀਆਂ ਖਾ ਕੇ ਮੇਰੀ ਫ਼ਸਲ ਨੂੰ ਬਚਾਉਂਦੇ, ਗਾਹੇ-ਬਗਾਹੇ ਰੌਲਾ ਪਾ ਕੇ ਮੈਨੂੰ ਕਿਸੇ ਖ਼ਤਰੇ ਤੋਂ ਸੁਚੇਤ ਕਰਦੇ ਤੇ ਜਦੋਂ ਮੈਂ ਇਥੇ, ਪਿੰਡੋਂ ਦੂਰ, ਇਕੱਲਾ ਬੈਠਾ ਹੁੰਦਾਂ ਤਾਂ ਆਪਣੇ ਮਿੱਠੇ ਰਾਗ ਗਾ ਮੇਰਾ ਚਿੱਤ ਪਰਚਾਈ ਰੱਖਦੇ | ਹੁਣ ਤੂੰ ਹੀ ਦੱਸ ਇਹ ਰੁਖ ਅਤੇ ਪੰਛੀ ਸਾਡੇ ਮਿੱਤਰ ਹੋਏ ਜਾਂ ਦੁਸ਼ਮਣ?’
‘ਮਿੱਤਰ ਬਈ ਮਿੱਤਰ!’ ਲੰਬੜਦਾਰ ਨੇ ਹੱਸਦਿਆਂ ਜਵਾਬ ਦਿੱਤਾ ਤੇ ਉਥੋਂ ਉੱਠ ਕੇ ਤੁਰ ਪਿਆ | ਉਸ ਦੇ ਜਾਣ ਪਿੱਛੋਂ ਰੁੱਖਾਂ ਦੀ ਛਾਵੇਂ ਬੈਠਾ ਭਾਨ ਸਿੰਘ ਪੰਛੀਆਂ ਦੇ ਮਿੱਠੇ ਰਾਗ ਸੁਣਦਾ ਹੁਣ ਬਾਹਲਾ ਖੁਸ਼ ਸੀ |

ਰੁਝਾਨ ਖਬਰਾਂ