9.7 C
Vancouver
Friday, November 6, 2026

ਮਿਊਂਸਪਲ ਹੱਦਾਂ ਦੇ ਪੁਨਰਗਠਨ ‘ਤੇ ਰਿਪੋਰਟ ਪੇਸ਼, ਕੁਝ ਜਾਇਦਾਦਾਂ ‘ਤੇ ਪ੍ਰਾਪਰਟੀ ਟੈਕਸ ਵਧਣ ਦੀ ਸੰਭਾਵਨਾ

ਵੈਨਕੂਵਰ (ਏਕਜੋਤ ਸਿੰਘ): ਸਿਟੀ ਆਫ਼ ਡੰਕਨ ਅਤੇ ਮਿਊਂਸਪੈਲਿਟੀ ਆਫ਼ ਨੌਰਥ ਕਾਓਚਿਨ ਵਿਚਕਾਰ ਸੰਭਾਵੀ ਮਿਊਂਸਪਲ ਸਰਹੱਦਾਂ ਦੇ ਪੁਨਰਗਠਨ ਸਬੰਧੀ ਕਰਵਾਏ ਗਏ ਇੱਕ ਸੁਤੰਤਰ ਤਕਨੀਕੀ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇਸ ਕਦਮ ਨਾਲ ਦੋਵਾਂ ਨਗਰਪਾਲਿਕਾਵਾਂ ਦੇ ਸਮੁੱਚੇ ਵਿੱਤੀ ਬਜਟ ‘ਤੇ ਕੋਈ ਖ਼ਾਸ ਅਸਰ ਨਹੀਂ ਪਵੇਗਾ। ਹਾਲਾਂਕਿ ਕੁਝ ਜਾਇਦਾਦ ਮਾਲਕਾਂ ਦੇ ਪ੍ਰਾਪਰਟੀ ਟੈਕਸਾਂ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਹ ਰਿਪੋਰਟ 28 ਸਤੰਬਰ ਨੂੰ ਹੋਈ ਖੁੱਲ੍ਹੀ ਮੀਟਿੰਗ ਦੌਰਾਨ ਡੰਕਨ ਕੌਂਸਲ ਸਾਹਮਣੇ ਜਾਣਕਾਰੀ ਹਿੱਤ ਪੇਸ਼ ਕੀਤੀ ਗਈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਫ਼ਿਲਹਾਲ ਹੱਦਾਂ ਬਦਲਣ ਬਾਰੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ।
ਇਸ ਅਧਿਐਨ ਦੀ ਅਗਵਾਈ ਕਰਨ ਵਾਲੀ ਸੁਤੰਤਰ ਸਲਾਹਕਾਰ ਸ਼ੈਰੀ ਹਰਸਟ ਅਨੁਸਾਰ ਮੌਜੂਦਾ ਬਜਟ ਦੇ ਆਧਾਰ ‘ਤੇ ਦੋਵਾਂ ਨਗਰਪਾਲਿਕਾਵਾਂ ਦੇ ਸੰਚਾਲਨ, ਉਪਯੋਗਤਾ ਜਾਂ ਪੂੰਜੀਗਤ ਖ਼ਰਚਿਆਂ ‘ਤੇ ਕੋਈ ਵੱਡਾ ਬੋਝ ਨਹੀਂ ਪਵੇਗਾ। ਸਭ ਤੋਂ ਵੱਡਾ ਵਿੱਤੀ ਬਦਲਾਅ ਨੌਰਥ ਕਾਓਚਿਨ ਦੇ ਉਨ੍ਹਾਂ ਜਾਇਦਾਦ ਮਾਲਕਾਂ ਨੂੰ ਝੱਲਣਾ ਪਵੇਗਾ ਜਿਨ੍ਹਾਂ ਦੇ ਘਰ ਜਾਂ ਜ਼ਮੀਨਾਂ ਪ੍ਰਸਤਾਵਿਤ ਸੀਮਾ ਤਹਿਤ ਡੰਕਨ ਦਾ ਹਿੱਸਾ ਬਣ ਜਾਣਗੀਆਂ, ਕਿਉਂਕਿ ਡੰਕਨ ਦੀਆਂ ਪ੍ਰਾਪਰਟੀ ਟੈਕਸ ਦਰਾਂ ਇਸ ਵੇਲੇ ਵੱਧ ਹਨ। ਦੂਜੇ ਪਾਸੇ ਡੰਕਨ ਦੇ ਮੌਜੂਦਾ ਵਸਨੀਕਾਂ ਦੇ ਪ੍ਰਾਪਰਟੀ ਟੈਕਸਾਂ ਵਿੱਚ ਮਾਮੂਲੀ ਕਮੀ ਆ ਸਕਦੀ ਹੈ, ਪਰ ਪਾਣੀ ਦੇ ਬਿੱਲਾਂ ਅਤੇ ਖੇਤਰੀ ਮਨੋਰੰਜਨ ਟੈਕਸਾਂ ਵਿੱਚ ਵਾਧਾ ਹੋ ਸਕਦਾ ਹੈ।
ਡੰਕਨ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਪੀਟਰ ਡੀ ਵਰਟਿਊਲ ਨੇ ਦੱਸਿਆ ਕਿ ਇਹ ਪ੍ਰਕਿਰਿਆ ਦੋਵਾਂ ਸ਼ਹਿਰਾਂ ਦੇ ਰਲੇਵੇਂ ਭਾਵ ਅਮਲਗਾਮੇਸ਼ਨ ਨਾਲੋਂ ਵੱਖਰੀ ਹੈ। ਇਸ ਤਹਿਤ ਦੋਵਾਂ ਨਗਰਪਾਲਿਕਾਵਾਂ ਦੀਆਂ ਆਪਣੀਆਂ ਕੌਂਸਲਾਂ, ਸਟਾਫ਼, ਬਜਟ ਅਤੇ ਸੁਤੰਤਰ ਪਛਾਣ ਬਰਕਰਾਰ ਰਹੇਗੀ। ਹਾਲਾਂਕਿ ਨੌਰਥ ਕਾਓਚਿਨ ਨੇ ਇਸ ਅਧਿਐਨ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਇਹ ਰਿਪੋਰਟ ਜਨਤਕ ਤੌਰ ‘ਤੇ ਉਪਲਬਧ ਅੰਕੜਿਆਂ ‘ਤੇ ਤਿਆਰ ਕੀਤੀ ਗਈ ਹੈ। ਹੱਦਾਂ ਦੇ ਕਿਸੇ ਵੀ ਬਦਲਾਅ ਲਈ ਦੋਵਾਂ ਕੌਂਸਲਾਂ ਦੀ ਪ੍ਰਵਾਨਗੀ, ਪ੍ਰਭਾਵਿਤ ਨਾਗਰਿਕਾਂ ਤੇ ਫਸਟ ਨੇਸ਼ਨਜ਼ ਨਾਲ ਵਿਚਾਰ-ਵਟਾਂਦਰਾ, ਵੋਟਿੰਗ ਅਤੇ ਸੂਬਾ ਸਰਕਾਰ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ। ਲੋਕਾਂ ਕੋਲੋਂ 30 ਨਵੰਬਰ ਤੱਕ ਰਾਇ ਮੰਗੀ ਗਈ ਹੈ।

ਰੁਝਾਨ ਖਬਰਾਂ