9.7 C
Vancouver
Friday, November 6, 2026

ਮਾਲ ਆਫ਼ ਅਮਰੀਕਾ ‘ਤੇ ਆਈਐਸਆਈਐਸ ਪ੍ਰੇਰਿਤ ਹਮਲੇ ਦੀ ਸਾਜ਼ਿਸ਼ ਨਾਕਾਮ, 18 ਸਾਲਾ ਨੌਜਵਾਨ ਗ੍ਰਿਫ਼ਤਾਰ

ਐਫਬੀਆਈ ਵੱਲੋਂ ਏਕੇ-47 ਅਤੇ ਗੋਲੀਆਂ ਸਮੇਤ ਸ਼ੱਕੀ ਕਾਬੂ
ਵਾਸ਼ਿੰਗਟਨ : ਅਮਰੀਕਾ ਦੀ ਫੈਡਰਲ ਜਾਂਚ ਏਜੰਸੀ ਐਫਬੀਆਈ ਨੇ ਮਿਨੇਸੋਟਾ ਸਥਿਤ ਮਸ਼ਹੂਰ ਸ਼ਾਪਿੰਗ ਕੰਪਲੈਕਸ ‘ਮਾਲ ਆਫ਼ ਅਮਰੀਕਾ’ ‘ਤੇ ਅੱਤਵਾਦੀ ਹਮਲਾ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਇੱਕ 18 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਮੁਲਜ਼ਮ ਦੀ ਪਛਾਣ ਰਿਚਫ਼ੀਲਡ ਵਾਸੀ ਸ਼ੇਖਦੂਨ ਅਬਦੁਲਾਹੀ ਮੁਹੰਮਦ ਵਜੋਂ ਹੋਈ ਹੈ। ਐਫਬੀਆਈ ਵੱਲੋਂ ਉਸ ‘ਤੇ ਲਗਭਗ ਦੋ ਸਾਲਾਂ ਤੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ। ਜਾਂਚਕਰਤਾਵਾਂ ਨੇ ਦੱਸਿਆ ਕਿ ਮੁਹੰਮਦ ਦਸੰਬਰ 2024 ਤੋਂ ਹੀ ਸੋਸ਼ਲ ਮੀਡੀਆ ਰਾਹੀਂ ਐਫਬੀਆਈ ਦੇ ਇੱਕ ਗੁਪਤ ਸੂਚਨਾਕਾਰ ਦੇ ਸੰਪਰਕ ਵਿੱਚ ਸੀ ਅਤੇ ਉਸ ਨੇ ਸ਼ੁਰੂਆਤ ਵਿੱਚ ਸੋਮਾਲੀਆ ਜਾ ਕੇ ਅਲ-ਸ਼ਬਾਬ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ।
ਅਮਰੀਕੀ ਜਨਤਕ ਮਾਮਲਿਆਂ ਦੇ ਦਫ਼ਤਰ ਵੱਲੋਂ ਬੁੱਧਵਾਰ ਨੂੰ ਜਾਰੀ ਜਾਣਕਾਰੀ ਅਨੁਸਾਰ ਮੁਹੰਮਦ ਨੇ ਬਾਅਦ ਵਿੱਚ ਆਈਐਸਆਈਐਸ ਦੇ ਸਮਰਥਨ ਵਿੱਚ ਅਮਰੀਕਾ ਅੰਦਰ ਹੀ ਖ਼ੂਨੀ ਕਾਰਾ ਕਰਨ ਦੀ ਯੋਜਨਾ ਬਣਾਈ। ਜਦੋਂ ਉਸ ਦੇ ਮਨਸੂਬੇ ਪੱਕੇ ਹੋ ਗਏ ਤਾਂ ਐਫਬੀਆਈ ਦੇ ਇੱਕ ਅੰਡਰਕਵਰ ਏਜੰਟ ਨੇ ਆਈਐਸਆਈਐਸ ਮੈਂਬਰ ਬਣ ਕੇ ਉਸ ਨਾਲ ਸੰਪਰਕ ਕੀਤਾ। ਮੰਗਲਵਾਰ ਨੂੰ ਮੁਹੰਮਦ ਨੇ 600 ਅਮਰੀਕੀ ਡਾਲਰ ਦੇ ਕੇ ਏਜੰਟ ਕੋਲੋਂ ਇੱਕ ਏਕੇ-47 ਰਾਈਫ਼ਲ ਅਤੇ 200 ਕਾਰਤੂਸ ਖ਼ਰੀਦੇ, ਜਿਸ ਤੋਂ ਤੁਰੰਤ ਬਾਅਦ ਟੀਮ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ ਫੈਡਰਲ ਪੱਧਰ ‘ਤੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰ ਅਤੇ ਗੋਲਾ-ਬਾਰੂਦ ਹਾਸਲ ਕਰਨ ਦੇ ਗੰਭੀਰ ਦੋਸ਼ ਆਇਦ ਕੀਤੇ ਗਏ ਹਨ। ਕੌਮੀ ਸੁਰੱਖਿਆ ਮਾਮਲਿਆਂ ਦੇ ਸਹਾਇਕ ਅਟਾਰਨੀ ਜਨਰਲ ਜੌਨ ਏ. ਆਈਸਨਬਰਗ ਨੇ ਦੱਸਿਆ ਕਿ ਮੁਹੰਮਦ ਨੇ ਜੁਲਾਈ 2026 ਦੌਰਾਨ ਸੁਨੇਹੇ ਭੇਜ ਕੇ ਮਾਲ ਆਫ਼ ਅਮਰੀਕਾ ਵਿੱਚ 30 ਤੋਂ 60 ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਧਮਕੀ ਦਿੱਤੀ ਸੀ ਤਾਂ ਜੋ ਲੋਕ ਉੱਥੇ ਜਾਣਾ ਬੰਦ ਕਰ ਦੇਣ। ਉਸ ਨੇ 24 ਅਕਤੂਬਰ ਨੂੰ ਮਿਨੇਸੋਟਾ ਦੇ ਸਭ ਤੋਂ ਵੱਡੇ ਏਸ਼ੀਆਈ ਭਾਈਚਾਰੇ ਹਮੌਂਗ ਵੱਲੋਂ ਮਨਾਏ ਜਾਣ ਵਾਲੇ ਸੱਭਿਆਚਾਰਕ ਸਮਾਗਮ ਨੂੰ ਨਿਸ਼ਾਨਾ ਬਣਾਉਣ ਦੀ ਵਿਉਂਤ ਵੀ ਘੜੀ ਸੀ। ਉਸ ਨੇ ਆਈਐਸਆਈਐਸ ਪ੍ਰਤੀ ਵਫ਼ਾਦਾਰੀ ਦਾ ਹਲਫ਼ ਲੈਂਦਿਆਂ ਇੱਕ ਸੈਲਫ਼ੀ ਵੀਡੀਓ ਵੀ ਸਾਂਝਾ ਕੀਤਾ ਸੀ। ਐਫਬੀਆਈ ਡਾਇਰੈਕਟਰ ਕਾਸ਼ ਪਟੇਲ ਨੇ ਮਿਨੀਆਪੋਲਿਸ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੇਂ ਸਿਰ ਕੀਤੀ ਇਸ ਕਾਰਵਾਈ ਨੇ ਸੈਂਕੜੇ ਬੇਕਸੂਰ ਨਾਗਰਿਕਾਂ ਦੀਆਂ ਜਾਨਾਂ ਬਚਾਈਆਂ ਹਨ।

ਰੁਝਾਨ ਖਬਰਾਂ