9.7 C
Vancouver
Friday, November 6, 2026

ਮਾਂਟਰੀਅਲ ਵਿੱਚ ਬੇਘਰਾਂ ਦੇ ਕੈਂਪ ‘ਚ ਅੱਗ ਲੱਗਣ ਕਾਰਨ ਮਹਿਲਾ ਦੀ ਮੌਤ, ਪੁਲਿਸ ਜਾਂਚ ਸ਼ੁਰੂ

ਮਾਂਟਰੀਅਲ-ਨੌਰਡ ਵਿਖੇ ਤੜਕਸਾਰ ਵਾਪਰਿਆ ਹਾਦਸਾ, ਬੇਹੋਸ਼ ਹਾਲਤ ‘ਚ ਮਿਲੀ ਸੀ ਔਰਤ
ਕਿਊਬੈਕ (ਏਕਜੋਤ ਸਿੰਘ): ਕਿਊਬੈਕ ਸੂਬੇ ਅਧੀਨ ਪੈਂਦੇ ਸ਼ਹਿਰ ਮਾਂਟਰੀਅਲ-ਨੌਰਡ ਵਿੱਚ ਬੁੱਧਵਾਰ ਤੜਕੇ ਇੱਕ ਬੇਘਰ ਵਿਅਕਤੀਆਂ ਦੇ ਆਰਜ਼ੀ ਕੈਂਪ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ 50 ਸਾਲਾ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਮਾਂਟਰੀਅਲ ਪੁਲਿਸ ਅਨੁਸਾਰ ਘਟਨਾ ਦੀ ਸੂਚਨਾ ਸਵੇਰੇ ਲਗਭਗ 5 ਵਜੇ ਤੋਂ ਠੀਕ ਪਹਿਲਾਂ ਮਿਲੀ ਜਦੋਂ ਕੈਂਪ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਭੱਜ ਕੇ ਨੇੜਲੇ ਪੁਲਿਸ ਸਟੇਸ਼ਨ ਜਾ ਕੇ ਅੱਗ ਲੱਗਣ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ।
ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੂੰ ਉੱਥੇ ਇੱਕ ਔਰਤ ਗੰਭੀਰ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ। ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ। ਫ਼ਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਅਤੇ ਔਰਤ ਦੀ ਮੌਤ ਦੀ ਵਜ੍ਹਾ ਦਾ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦੇ ਆਰਸਨ ਯੂਨਿਟ ਭਾਵ ਅਗਨੀ ਜਾਂਚ ਵਿੰਗ ਵੱਲੋਂ ਸਾਰੇ ਘਟਨਾਕ੍ਰਮ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਸ਼ਹਿਰ ਵਿੱਚ ਬੇਘਰ ਲੋਕਾਂ ਦੇ ਮੁੜ ਵਸੇਬੇ ਅਤੇ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਬਹਿਸ ਛਿੜ ਗਈ ਹੈ। ਮਾਂਟਰੀਅਲ ਦੀ ਮੇਅਰ ਸੋਰਾਇਆ ਮਾਰਟੀਨੇਜ਼ ਫੇਰਾਡਾ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੰਦਭਾਗੀ ਮੌਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਮਾਜ ਵਿੱਚੋਂ ਬੇਘਰੀ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਨੂੰ ਰਲ ਕੇ ਅਜਿਹੇ ਕਮਜ਼ੋਰ ਵਰਗਾਂ ਨੂੰ ਪੱਕੀ ਛੱਤ ਅਤੇ ਸੁਰੱਖਿਅਤ ਮਾਹੌਲ ਦੇਣ ਲਈ ਯਤਨ ਤੇਜ਼ ਕਰਨੇ ਪੈਣਗੇ ਤਾਂ ਜੋ ਅਜਿਹੇ ਜਾਨਲੇਵਾ ਹਾਦਸਿਆਂ ਨੂੰ ਰੋਕਿਆ ਜਾ ਸਕੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ