ਡਾਊਨਟਾਊਨ ਵੈਨਕੂਵਰ ‘ਚ ਲੋਰਨ ਡੋਰਕਸਨ ਨੇ ਜਨਤਕ ਸੁਰੱਖਿਆ ਯੋਜਨਾ ਕੀਤੀ ਪੇਸ਼, 250 ਨਵੇਂ ਅਫ਼ਸਰ ਹੋਣਗੇ ਤਾਇਨਾਤ
ਵੈਨਕੂਵਰ (ਏਕਜੋਤ ਸਿੰਘ): ਬੀਸੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਲੋਰਨ ਡੋਰਕਸਨ ਨੇ ਡਾਊਨਟਾਊਨ ਵੈਨਕੂਵਰ ਦੀ ਇੱਕ ਗਲੀ ਵਿੱਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਸੜਕੀ ਅਪਰਾਧਾਂ ਨੂੰ ਨੱਥ ਪਾਉਣ ਅਤੇ ਜਨਤਕ ਸੁਰੱਖਿਆ ਬਹਾਲ ਕਰਨ ਲਈ ਆਪਣੀ ਪਾਰਟੀ ਦਾ ਪਲਾਨ ਜਨਤਕ ਕੀਤਾ ਹੈ। ਉਨ੍ਹਾਂ ਕਿਹਾ ਕਿ ਕੰਜ਼ਰਵੇਟਿਵ ਸਰਕਾਰ ਬਣਨ ‘ਤੇ ਬ੍ਰਿਟਿਸ਼ ਕੋਲੰਬੀਆ ਦੀਆਂ ਸੜਕਾਂ ‘ਤੇ ਅਮਨ-ਕਾਨੂੰਨ ਅਤੇ ਸੁਰੱਖਿਆ ਕਾਇਮ ਕੀਤੀ ਜਾਵੇਗੀ। ਉਨ੍ਹਾਂ ਹਸਪਤਾਲਾਂ ਅਤੇ ਰੈਣ ਬਸੇਰਿਆਂ ਵਿੱਚ ਗ਼ੈਰ-ਕਾਨੂੰਨੀ ਨਸ਼ਿਆਂ ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਗਾਉਣ ਅਤੇ ਅਪਰਾਧ ਪ੍ਰਭਾਵਿਤ ਇਲਾਕਿਆਂ ਵਿੱਚ ਵੱਧ ਪੁਲਿਸ ਤਾਇਨਾਤ ਕਰਨ ਦਾ ਵਾਅਦਾ ਕੀਤਾ।
ਡੋਰਕਸਨ ਨੇ ਐਲਾਨ ਕੀਤਾ ਕਿ ਜਸਟਿਸ ਇੰਸਟੀਚਿਊਟ ਆਫ਼ ਬੀਸੀ ਦੀ ਪੁਲਿਸ ਅਕੈਡਮੀ ਦਾ ਵਿਸਥਾਰ ਕਰਕੇ 250 ਨਵੇਂ ਪੁਲਿਸ ਅਫ਼ਸਰ ਭਰਤੀ ਕੀਤੇ ਜਾਣਗੇ। ਇਸ ਦੇ ਨਾਲ ਹੀ ਅਗਲੇ ਪੰਜ ਸਾਲਾਂ ਦੌਰਾਨ ਪੇਂਡੂ ਅਤੇ ਖੇਤਰੀ ਇਲਾਕਿਆਂ ਵਿੱਚ ਪੁਲਿਸਿੰਗ ਸੁਧਾਰਨ ਲਈ 500 ਹੋਰ ਆਰਸੀਐਮਪੀ ਅਧਿਕਾਰੀ ਅਤੇ 150 ਸਿਵਲੀਅਨ ਸਟਾਫ਼ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ ਪੁਲਿਸ ਯੂਨੀਅਨਾਂ ਲੰਬੇ ਸਮੇਂ ਤੋਂ ਭਰਤੀ ਦੀਆਂ ਚੁਣੌਤੀਆਂ ਬਾਰੇ ਚਿੰਤਾ ਜਤਾਉਂਦੀਆਂ ਰਹੀਆਂ ਹਨ। ਨੈਸ਼ਨਲ ਪੁਲਿਸ ਫੈਡਰੇਸ਼ਨ ਦੇ ਬੋਰਡ ਮੈਂਬਰ ਕ੍ਰਿਸ ਵੋਲਰ ਅਨੁਸਾਰ ਆਬਾਦੀ ਵਿੱਚ ਭਾਰੀ ਵਾਧੇ ਦੇ ਬਾਵਜੂਦ ਸਾਲ 2012 ਤੋਂ ਸੂਬਾਈ ਪੁਲਿਸ ਦੇ ਪ੍ਰਵਾਨਿਤ ਅਹੁਦਿਆਂ ਵਿੱਚ ਕੋਈ ਵਾਧਾ ਨਹੀਂ ਹੋਇਆ ਸੀ।
ਐਨਡੀਪੀ ਸਰਕਾਰ ਨੇ ਨਵੰਬਰ 2022 ਵਿੱਚ ਖੇਤਰੀ ਯੂਨਿਟਾਂ ਅਤੇ ਵਿਸ਼ੇਸ਼ ਅਪਰਾਧ ਸ਼ਾਖਾਵਾਂ ਲਈ 230 ਮਿਲੀਅਨ ਡਾਲਰ ਦਾ ਫੰਡ ਰੱਖਿਆ ਸੀ। ਡੋਰਕਸਨ ਨੇ ਮੰਨਿਆ ਕਿ ਭਰਤੀ ਪ੍ਰਕਿਰਿਆ ਵਿੱਚ ਕਈ ਦਿੱਕਤਾਂ ਹਨ ਪਰ ਇਸ ‘ਤੇ ਧਿਆਨ ਦੇਣਾ ਸਮੇਂ ਦੀ ਮੁੱਖ ਲੋੜ ਹੈ। ਪੁਲਿਸ ਬਲ ਤੋਂ ਇਲਾਵਾ ਉਨ੍ਹਾਂ 50 ਨਵੇਂ ਕਰਾਊਨ ਪ੍ਰੌਸੀਕਿਊਟਰ ਭਰਤੀ ਕਰਨ, ਫੈਡਰਲ ਸਰਕਾਰ ਦੇ ਸਹਿਯੋਗ ਨਾਲ 20 ਨਵੇਂ ਟ੍ਰਾਇਲ ਜੱਜ ਨਿਯੁਕਤ ਕਰਨ ਅਤੇ ਅਦਾਲਤਾਂ ਦੀ ਸਮਰੱਥਾ ਵਧਾਉਣ ਦਾ ਵੀ ਐਲਾਨ ਕੀਤਾ ਤਾਂ ਜੋ ਅਪਰਾਧੀਆਂ ਨੂੰ ਤੁਰੰਤ ਸਜ਼ਾਵਾਂ ਮਿਲ ਸਕਣ। This report was written by Ekjot Singh as part of the Local Journalism Initiative.
ਬੀ.ਸੀ. ਕੰਜ਼ਰਵੇਟਿਵਾਂ ਦਾ ਐਲਾਨ: ਪੁਲਿਸ ਫੋਰਸ ’ਚ ਭਰਤੀ ਹੋਵੇਗੀ, ਹਸਪਤਾਲਾਂ ’ਚ ਨਸ਼ਿਆਂ ’ਤੇ ਰੋਕ ਲੱਗੇਗੀ

