9.7 C
Vancouver
Friday, November 6, 2026

ਪਬਲਿਕ ਲਾਇਬ੍ਰੇਰੀਆਂ ਦੀ ਫੰਡਿੰਗ ਦੁੱਗਣੀ ਕਰੇਗੀ ਐਨ.ਡੀ.ਪੀ., ਸਾਲਾਨਾ ਗ੍ਰਾਂਟ ਵਧ ਕੇ ਹੋਵੇਗੀ 28 ਮਿਲੀਅਨ ਡਾਲਰ

ਮੁਫ਼ਤ ਇੰਟਰਨੈੱਟ ਅਤੇ ਡਿਜੀਟਲ ਕਿਤਾਬਾਂ ਦਾ ਹੋਵੇਗਾ ਵਿਸਥਾਰ, 71 ਲਾਇਬ੍ਰੇਰੀ ਪ੍ਰਣਾਲੀਆਂ ਨੂੰ ਮਿਲੇਗਾ ਲਾਭ
ਵੈਨਕੂਵਰ (ਏਕਜੋਤ ਸਿੰਘ): ਬੀਸੀ ਐਨਡੀਪੀ ਨੇ ਮੁੜ ਸੱਤਾ ਵਿੱਚ ਆਉਣ ‘ਤੇ ਸੂਬੇ ਭਰ ਦੀਆਂ ਪਬਲਿਕ ਲਾਇਬ੍ਰੇਰੀਆਂ ਲਈ ਸਰਕਾਰੀ ਫੰਡਿੰਗ ਨੂੰ ਸਥਾਈ ਤੌਰ ‘ਤੇ ਦੁੱਗਣਾ ਕਰਨ ਦਾ ਵਾਅਦਾ ਕੀਤਾ ਹੈ। ਵੈਨਕੂਵਰ ਆਈਲੈਂਡ ਲਾਇਬ੍ਰੇਰੀ ਦੀ ਕੋਰਟਨੀ ਸ਼ਾਖਾ ਦੇ ਬਾਹਰ ਪਾਰਟੀ ਉਮੀਦਵਾਰਾਂ ਵਿਲ ਕੋਲ-ਹੈਮਿਲਟਨ, ਸਾਰਾ ਲੋਪੇਜ਼ ਅਤੇ ਕ੍ਰਿਸਟੀਨ ਬੋਇਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਕਿ ਇਹ ਫੰਡਿੰਗ ਮੌਜੂਦਾ 14 ਮਿਲੀਅਨ ਡਾਲਰ ਤੋਂ ਵਧਾ ਕੇ 28 ਮਿਲੀਅਨ ਡਾਲਰ ਸਾਲਾਨਾ ਕੀਤੀ ਜਾਵੇਗੀ। ਇਸ ਮੌਕੇ ਕੋਮੋਕਸ ਦੀ ਮੇਅਰ ਨਿਕੋਲ ਮਿਨੀਅਨਜ਼ ਅਤੇ ਕੋਰਟਨੀ ਦੀ ਕੌਂਸਲਰ ਵੈਂਡੀ ਮੋਰਿਨ ਵੀ ਹਾਜ਼ਰ ਸਨ।
ਉੱਤਰੀ ਆਈਲੈਂਡ ਹਲਕੇ ਤੋਂ ਉਮੀਦਵਾਰ ਸਾਰਾ ਲੋਪੇਜ਼ ਨੇ ਕਿਹਾ ਕਿ ਲਾਇਬ੍ਰੇਰੀਆਂ ਸਿਰਫ਼ ਕਿਤਾਬਾਂ ਲੈਣ ਦੀ ਜਗ੍ਹਾ ਨਹੀਂ ਹਨ, ਸਗੋਂ ਇਹ ਸਮਾਜ ਨੂੰ ਜੋੜਨ, ਸਿੱਖਣ ਅਤੇ ਅਜਿਹੇ ਵਸੀਲਿਆਂ ਤੱਕ ਪਹੁੰਚ ਕਰਨ ਦਾ ਕੇਂਦਰ ਹਨ ਜਿਨ੍ਹਾਂ ਦਾ ਖ਼ਰਚਾ ਆਮ ਲੋਕ ਨਹੀਂ ਚੁੱਕ ਸਕਦੇ। ਪਰਿਵਾਰਾਂ, ਬਜ਼ੁਰਗਾਂ, ਵਿਦਿਆਰਥੀਆਂ ਅਤੇ ਨੌਕਰੀਆਂ ਦੀ ਭਾਲ ਕਰਨ ਵਾਲਿਆਂ ਲਈ ਇਹ ਸੰਸਥਾਵਾਂ ਬੇਹੱਦ ਹਨ। ਐਨਡੀਪੀ ਦੀ ਇਸ ਯੋਜਨਾ ਨਾਲ ਸੂਬੇ ਦੀਆਂ 71 ਪਬਲਿਕ ਲਾਇਬ੍ਰੇਰੀ ਪ੍ਰਣਾਲੀਆਂ ਨੂੰ ਵਧੇਰੇ ਦਿਨਾਂ ਅਤੇ ਲੰਬੇ ਸਮੇਂ ਲਈ ਖੋਲ੍ਹਿਆ ਜਾ ਸਕੇਗਾ, ਡਿਜੀਟਲ ਸੰਗ੍ਰਹਿ ਦਾ ਵਿਸਥਾਰ ਹੋਵੇਗਾ ਅਤੇ ਮੁਫ਼ਤ ਹਾਈ-ਸਪੀਡ ਵਾਈ-ਫਾਈ ਤੇ ਕੰਪਿਊਟਰ ਸਹੂਲਤਾਂ ਮਿਲਣਗੀਆਂ।
ਵਿਲ ਕੋਲ-ਹੈਮਿਲਟਨ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਜ਼ਿਆਦਾਤਰ ਜਾਣਕਾਰੀ ਅਤੇ ਮਨੋਰੰਜਨ ਇੰਟਰਨੈੱਟ ‘ਤੇ ਭੁਗਤਾਨ ਵਾਲੀਆਂ ਕੰਧਾਂ ਪਿੱਛੇ ਬੰਦ ਹੁੰਦਾ ਜਾ ਰਿਹਾ ਹੈ, ਅਜਿਹੇ ਸਮੇਂ ਗਿਆਨ ਤੱਕ ਪਹੁੰਚ ਕਿਸੇ ਦੇ ਬੈਂਕ ਖਾਤੇ ‘ਤੇ ਨਿਰਭਰ ਨਹੀਂ ਹੋਣੀ ਚਾਹੀਦੀ। ਜ਼ਿਕਰਯੋਗ ਹੈ ਕਿ ਸੂਬਾਈ ਲਾਇਬ੍ਰੇਰੀ ਫੰਡਿੰਗ ਸਾਲ 2010 ਤੋਂ 14 ਮਿਲੀਅਨ ਡਾਲਰ ‘ਤੇ ਹੀ ਰੁਕੀ ਹੋਈ ਸੀ। ਹਾਲਾਂਕਿ ਐਨਡੀਪੀ ਸਰਕਾਰ ਨੇ 2022 ਵਿੱਚ 8 ਮਿਲੀਅਨ ਡਾਲਰ ਦੀ ਵਾਧੂ ਗ੍ਰਾਂਟ ਅਤੇ 2023 ਵਿੱਚ ਤਿੰਨ ਸਾਲਾਂ ਲਈ 45 ਮਿਲੀਅਨ ਡਾਲਰ ਦਾ ਐਲਾਨ ਕੀਤਾ ਸੀ, ਪਰ ਉਹ ਮਿਆਦ ਖ਼ਤਮ ਹੋਣ ਮਗਰੋਂ ਸਾਲਾਨਾ ਰਾਸ਼ੀ ਮੁੜ 14 ਮਿਲੀਅਨ ‘ਤੇ ਆ ਗਈ ਸੀ, ਜਿਸ ਨੂੰ ਹੁਣ ਸਥਾਈ ਤੌਰ ‘ਤੇ 28 ਮਿਲੀਅਨ ਡਾਲਰ ਕਰਨ ਦਾ ਵਾਅਦਾ ਕੀਤਾ ਗਿਆ ਹੈ।

ਰੁਝਾਨ ਖਬਰਾਂ