9.7 C
Vancouver
Friday, November 6, 2026

ਨੌਰਥ ਕਾਓਚਿਨ ਨੇ ਮਕਾਨ ਉਸਾਰੀ ਦਾ ਸੂਬਾਈ ਟੀਚਾ ਪਛਾੜਿਆ, ਇੱਕ ਸਾਲ ’ਚ 399 ਨਵੇਂ ਯੂਨਿਟ ਤਿਆਰ

5 ਸਾਲਾਂ ਦੇ ਟੀਚੇ ਦਾ 44 ਫ਼ੀਸਦੀ ਕੰਮ ਮੁਕੰਮਲ, ਕਿਰਾਏ ਦੇ ਮਕਾਨਾਂ ਨੂੰ ਦਿੱਤੀ ਗਈ ਪਹਿਲ
ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਨੌਰਥ ਕਾਓਚਿਨ ਮਿਊਂਸਪੈਲਿਟੀ ਨੇ ਸੂਬਾ ਸਰਕਾਰ ਵੱਲੋਂ ਤੈਅ ਕੀਤੇ ਗਏ ਦੂਜੇ ਸਾਲ ਦੇ ਰਿਹਾਇਸ਼ੀ ਟੀਚੇ ਨੂੰ ਪਾਰ ਕਰ ਲਿਆ ਹੈ। ਮਿਊਂਸਪਲ ਪ੍ਰਸ਼ਾਸਨ ਅਨੁਸਾਰ 1 ਅਗਸਤ 2025 ਤੋਂ 31 ਜੁਲਾਈ 2026 ਦਰਮਿਆਨ ਸ਼ਹਿਰ ਵਿੱਚ ਕੁੱਲ 399 ਨਵੇਂ ਰਿਹਾਇਸ਼ੀ ਯੂਨਿਟ ਤਿਆਰ ਕੀਤੇ ਗਏ ਹਨ। ਇਸ ਨਵੇਂ ਵਾਧੇ ਨਾਲ ਸੂਬਾਈ ਹਾਊਸਿੰਗ ਆਰਡਰ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਬਣੇ ਕੁੱਲ ਘਰਾਂ ਦੀ ਗਿਣਤੀ 540 ਹੋ ਗਈ ਹੈ। ਇਹ ਅੰਕੜਾ ਪੰਜ ਸਾਲਾਂ ਲਈ ਨਿਰਧਾਰਤ 1,233 ਨਵੇਂ ਯੂਨਿਟਾਂ ਦੇ ਟੀਚੇ ਦਾ ਲਗਭਗ 44 ਫ਼ੀਸਦੀ ਬਣਦਾ ਹੈ।
ਨਵੇਂ ਬਣੇ ਮਕਾਨਾਂ ਦੀ ਬਣਤਰ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਪਰਿਵਾਰਾਂ ਦੀਆਂ ਲੋੜਾਂ ਨੂੰ ਮੁੱਖ ਰੱਖਿਆ ਗਿਆ ਹੈ। ਤਿਆਰ ਕੀਤੇ ਗਏ ਕੁੱਲ ਯੂਨਿਟਾਂ ਵਿੱਚੋਂ 68 ਫ਼ੀਸਦੀ ਮਕਾਨ ਦੋ ਜਾਂ ਇਸ ਤੋਂ ਵੱਧ ਬੈੱਡਰੂਮ ਵਾਲੇ ਹਨ, ਜੋ ਪਰਿਵਾਰਾਂ ਦੇ ਰਹਿਣ ਲਈ ਬਿਲਕੁਲ ਢੁਕਵੇਂ ਹਨ। ਇਸ ਤੋਂ ਇਲਾਵਾ 60 ਫ਼ੀਸਦੀ ਯੂਨਿਟ ਵਿਸ਼ੇਸ਼ ਤੌਰ ‘ਤੇ ਕਿਰਾਏ ‘ਤੇ ਦੇਣ ਦੇ ਮਕਸਦ ਨਾਲ ਬਣਾਏ ਗਏ ਹਨ ਤਾਂ ਜੋ ਕਿਰਾਏਦਾਰਾਂ ਨੂੰ ਸਸਤੀ ਰਿਹਾਇਸ਼ ਮਿਲ ਸਕੇ। ਬੀਸੀ ਸਰਕਾਰ ਨੇ ਹਾਊਸਿੰਗ ਸਪਲਾਈ ਐਕਟ ਅਧੀਨ ਸਾਲ 2024 ਵਿੱਚ ਨੌਰਥ ਕਾਓਚਿਨ ਨੂੰ ਪੰਜ ਸਾਲਾਂ ਵਿੱਚ 1,233 ਨਵੇਂ ਘਰ ਬਣਾਉਣ ਦੇ ਆਦੇਸ਼ ਜਾਰੀ ਕੀਤੇ ਸਨ।
ਯੋਜਨਾਬੰਦੀ ਅਤੇ ਇਮਾਰਤੀ ਸੇਵਾਵਾਂ ਦੀ ਡਾਇਰੈਕਟਰ ਅਮਾਂਡਾ ਯੰਗ ਨੇ ਦੱਸਿਆ ਕਿ ਇਹ ਪ੍ਰਾਪਤੀ ਬਿਲਡਰਾਂ, ਡਿਵੈਲਪਰਾਂ, ਕੌਂਸਲ ਸਟਾਫ਼ ਅਤੇ ਭਾਈਚਾਰਕ ਭਾਈਵਾਲਾਂ ਦੇ ਸਾਂਝੇ ਯਤਨਾਂ ਸਦਕਾ ਸੰਭਵ ਹੋਈ ਹੈ। ਕੌਂਸਲ ਨੇ ਮਕਾਨ ਉਸਾਰੀ ਨੂੰ ਉਤਸ਼ਾਹਿਤ ਕਰਨ ਲਈ ਆਪਣੀਆਂ ਯੋਜਨਾ ਨੀਤੀਆਂ ਵਿੱਚ ਸੁਧਾਰ ਕੀਤੇ ਹਨ ਅਤੇ ਪ੍ਰਾਜੈਕਟਾਂ ਦੀ ਮਨਜ਼ੂਰੀ ਪ੍ਰਕਿਰਿਆ ਨੂੰ ਸਰਲ ਬਣਾਇਆ ਹੈ। ਸੂਬਾਈ ਕਾਨੂੰਨ ਅਨੁਸਾਰ ਜਿਨ੍ਹਾਂ ਮਿਊਂਸਪੈਲਿਟੀਆਂ ਨੂੰ ਟੀਚੇ ਦਿੱਤੇ ਗਏ ਹਨ, ਉਨ੍ਹਾਂ ਨੂੰ ਹਰ ਸਾਲ ਆਪਣੀ ਪ੍ਰਗਤੀ ਰਿਪੋਰਟ ਸੂਬਾ ਸਰਕਾਰ ਨੂੰ ਸੌਂਪਣੀ ਲਾਜ਼ਮੀ ਹੁੰਦੀ ਹੈ, ਜਿਸ ਵਿੱਚ ਨੌਰਥ ਕਾਓਚਿਨ ਨੇ ਮੋਹਰੀ ਭੂਮਿਕਾ ਨਿਭਾਈ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ