ਵੈਨਕੂਵਰ (ਏਕਜੋਤ ਸਿੰਘ): ਨਾਨਾਈਮੋ ਸ਼ਹਿਰ ਵਿੱਚ ਡਾਊਨਟਾਊਨ ਸਥਿਤ ਹਲੋ ਫੈਰੀ ਟਰਮੀਨਲ ‘ਤੇ ਕਰਮਚਾਰੀਆਂ ਨੂੰ ਖ਼ਤਰਨਾਕ ਹਥਿਆਰ ਦਿਖਾ ਕੇ ਧਮਕਾਉਣ ਦੇ ਦੋਸ਼ ਹੇਠ ਇੱਕ 52 ਸਾਲਾ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਨਾਨਾਈਮੋ ਆਰਸੀਐਮਪੀ ਦੇ ਰਿਜ਼ਰਵ ਕਾਂਸਟੇਬਲ ਗੈਰੀ ਓ’ਬ੍ਰਾਇਨ ਅਨੁਸਾਰ ਇਹ ਘਟਨਾ ਐਤਵਾਰ 4 ਅਕਤੂਬਰ ਨੂੰ ਦੁਪਹਿਰ ਲਗਭਗ 1 ਵਜੇ ਵਾਪਰੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਟਰਮੀਨਲ ‘ਤੇ ਇੱਕ ਮਹਿਲਾ ਵੱਲੋਂ ਕਰਮਚਾਰੀਆਂ ਨਾਲ ਗ਼ਲਤ ਵਿਵਹਾਰ ਕੀਤਾ ਜਾ ਰਿਹਾ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਉਕਤ ਮਹਿਲਾ ਨੂੰ ਫੈਰੀ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ। ਇਸ ਗੱਲ ‘ਤੇ ਉਹ ਭੜਕ ਗਈ ਅਤੇ ਉਸ ਨੇ ਆਪਣੇ ਕੋਲ ਮੌਜੂਦ ਚਾਕੂ ਕੱਢ ਕੇ ਕਰਮਚਾਰੀਆਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਘਟਨਾ ਤੋਂ ਬਾਅਦ ਜਦੋਂ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤਾਂ ਔਰਤ ਉੱਥੋਂ ਫ਼ਰਾਰ ਹੋ ਚੁੱਕੀ ਸੀ। ਪੁਲਿਸ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਥੋੜ੍ਹੀ ਹੀ ਦੂਰੀ ‘ਤੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਇੱਕ ਚਾਕੂ ਅਤੇ ਪਿੱਤਲ ਦੇ ਨਕਲ ਬਰਾਮਦ ਕੀਤੇ ਗਏ।
ਆਰਸੀਐਮਪੀ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਖ਼ਿਲਾਫ਼ ਹਥਿਆਰ ਨਾਲ ਹਮਲਾ ਕਰਨ, ਜਨਤਕ ਸ਼ਾਂਤੀ ਭੰਗ ਕਰਨ ਲਈ ਖ਼ਤਰਨਾਕ ਹਥਿਆਰ ਰੱਖਣ ਅਤੇ ਪੁਲਿਸ ਕਾਰਵਾਈ ਵਿੱਚ ਰੁਕਾਵਟ ਪਾਉਣ ਦੇ ਦੋਸ਼ਾਂ ਤਹਿਤ 3 ਗੰਭੀਰ ਅਪਰਾਧਿਕ ਧਾਰਾਵਾਂ ਲਗਾਈਆਂ ਗਈਆਂ ਹਨ। ਟਰਮੀਨਲ ਅਧਿਕਾਰੀਆਂ ਨੇ ਯਾਤਰੀਆਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਫ਼ਿਲਹਾਲ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਅਦਾਲਤ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। This report was written by Ekjot Singh as part of the Local Journalism Initiative.
ਨਾਨਾਈਮੋ ਵਿੱਚ ਹਲੋ ਫੈਰੀ ਕਰਮਚਾਰੀਆਂ ਨੂੰ ਹਥਿਆਰ ਨਾਲ ਧਮਕਾਉਣ ਵਾਲੀ 52 ਸਾਲਾ ਔਰਤ ਕਾਬੂ

